ਕੇਜਰੀਵਾਲ ਦੀ ਰਿਹਾਇਸ਼ ਦਾ ਘਿਰਾਓ ਕਰੇਗੀ ਕਾਂਗਰਸ
ਪੱਤਰ ਪ੍ਰੇਰਕ
ਨਵੀਂ ਦਿੱਲੀ, 8 ਜੂਨ
ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੀਨੀਅਰ ਬੁਲਾਰੇ ਅਤੇ ਸਾਬਕਾ ਵਿਧਾਇਕ ਹਰੀ ਸ਼ੰਕਰ ਗੁਪਤਾ ਨੇ ਕਿਹਾ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਸੰਵੇਦਨਸ਼ੀਲਤਾ ਕਾਰਨ 14000 ਸੇਵਾਮੁਕਤ ਹੋਏ ਡੀਟੀਸੀ ਦੇ ਮੁਲਾਜ਼ਮਾਂ ਨੂੰ ਪਿਛਲੇ 3 ਮਹੀਨਿਆਂ ਤੋਂ ਪੈਨਸ਼ਨ ਨਹੀਂ ਮਿਲ ਰਹੀ। ਉਨ੍ਹਾਂ ਕਿਹਾ ਕਿ ਦਿੱਲੀ ਦੇ ਪੈਨਸ਼ਨਰਾਂ ਨੂੰ ਪਿਛਲੇ ਕਈ ਸਾਲਾਂ ਤੋਂ ਮਿਲਣ ਵਾਲਾ ਮੈਡੀਕਲ ਭੱਤਾ ਪੂਰੀ ਤਰ੍ਹਾਂ ਬੰਦ ਕਰਨਾ ਗਰੀਬ ਬਜ਼ੁਰਗਾਂ ਵਿਰੁੱਧ ਕਾਰਵਾਈ ਹੈ। ਉਨ੍ਹਾਂ ਕਿਹਾ ਕਿ ਜੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਦਿੱਲੀ ਸਰਕਾਰ ਨੇ ਡੀਟੀਸੀ ਮੁਲਾਜ਼ਮਾਂ ਦੀ ਪੈਨਸ਼ਨ ਤੁਰੰਤ ਜਾਰੀ ਨਾ ਕੀਤੀ ਤਾਂ ਸੂਬਾ ਕਾਂਗਰਸ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰੇਗੀ।
ਰਾਜੀਵ ਭਵਨ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਕਿਹਾ ਕਿ ਪਿਛਲੇ ਸਾਲਾਂ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਹੁੰਚ ਹੀ ਬਦਲ ਗਈ ਹੈ। ਜਿੱਥੇ ਦਿੱਲੀ ਨੂੰ ਅਨਾਥ ਛੱਡ ਕੇ ਵਿਕਾਸ ਵੱਲ ਧਿਆਨ ਦੇਣ ਦੀ ਥਾਂ ਕੇਜਰੀਵਾਲ ਵਿਰੋਧੀ ਰਾਜਨੀਤੀ ਤਹਿਤ ਬੇਬੁਨਿਆਦ ਹੱਕਾਂ ਦੀ ਲੜਾਈ ਲੜਨ ਵਿਚ ਰੁੱਝੇ ਹੋਏ ਹਨ, ਉਥੇ ਹੀ ਉਹ ਦੂਜੇ ਰਾਜਾਂ ਵਿੱਚ ਸਿਆਸੀ ਆਧਾਰ ਲੱਭਣ ਵਿੱਚ ਰੁੱਝੇ ਹੋਏ ਹਨ।
ਉਨ੍ਹਾਂ ਕਿਹਾ ਕਿ ਜੇ ਸੇਵਾਮੁਕਤ ਮੁਲਾਜ਼ਮਾਂ ਨੂੰ ਪੈਨਸ਼ਨ ਨਹੀਂ ਮਿਲਦੀ ਤਾਂ ਉਨ੍ਹਾਂ ਦੇ ਖਰਚੇ ਕਿਵੇਂ ਪੂਰੇ ਹੋਣਗੇ। ਉਨ੍ਹਾਂ ਕਿਹਾ ਕਿ ਡੀਟੀਸੀ ਦੇ ਪੁਰਾਣੇ ਮੁਲਾਜ਼ਮ ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਸਮੇਤ ਵੱਖ-ਵੱਖ ਮੰਤਰੀਆਂ ਦਾ ਦਰਵਾਜ਼ਾ ਖੜਕਾਉਂਦੇ ਹਨ ਪਰ ਉਨ੍ਹਾਂ ਦੀ ਪੈਨਸ਼ਨ ਜਾਰੀ ਕਰਨ ਸਬੰਧੀ ਕੋਈ ਨਹੀਂ ਸੁਣ ਰਿਹਾ। ਉਨ੍ਹਾਂ ਕਿਹਾ ਕਿ ਇੰਨਾ ਹੀ ਨਹੀਂ ਕੇਜਰੀਵਾਲ ਸਰਕਾਰ ਦਿੱਲੀ ਸਰਕਾਰ ਵੱਲੋਂ ਬਜ਼ੁਰਗਾਂ ਲਈ ਇੱਕ ਵੀ ਨਵੀਂ ਪੈਨਸ਼ਨ ਲਾਗੂ ਕਰਨ ਵਿੱਚ ਨਾਕਾਮ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਪੈਨਸ਼ਨ ਤੁਰੰਤ ਪ੍ਰਭਾਵ ਨਾਲ ਲਾਗੂ ਨਾ ਕੀਤੀ ਗਈ ਤਾਂ ਕੇਜਰੀਵਾਲ ਸਰਕਾਰ ਵਿਰੁੱਧ ਅੰਦੋਲਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇ ਅੱਜ ਦਿੱਲੀ ਵਿੱਚ ਕਾਂਗਰਸ ਦੀ ਸ਼ੀਲਾ ਦੀਕਸ਼ਿਤ ਦੀ ਸਰਕਾਰ ਹੁੰਦੀ ਤਾਂ ਪੈਨਸ਼ਨ ਦੀ ਸਮੱਸਿਆ ਕਦੇ ਵੀ ਪੈਦਾ ਨਾ ਹੁੰਦੀ, ਕਿਉਂਕਿ ਕਾਂਗਰਸ ਹਮੇਸ਼ਾ ਹੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਹਿੱਤ ਵਿੱਚ ਕੰਮ ਕਰਦੀ ਹੈ।
ਸੂਬਾਈ ਬੁਲਾਰੇ ਡਾ: ਨਰੇਸ਼ ਕੁਮਾਰ ਨੇ ਕਿਹਾ ਕਿ ਟਰਾਂਸਪੋਰਟ ਮੰਤਰੀ ਦਿੱਲੀ ਦੇ ਪੇਂਡੂ ਖੇਤਰ ਦੇ ਹੋਣ ਦੇ ਬਾਵਜੂਦ ਬਕਾਇਆ ਪਈ ਪੈਨਸ਼ਨ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਡੀਟੀਸੀ ਮੁਲਾਜ਼ਮਾਂ ਦੀ ਪੈਨਸ਼ਨ ਰੋਕੀ ਗਈ ਸੀ, ਫਿਰ ਸੂਬਾ ਕਾਂਗਰਸ ਪ੍ਰਧਾਨ ਚੌਧਰੀ ਦੀ ਅਗਵਾਈ ਹੇਠ ਅੰਦੋਲਨ ਕੀਤਾ। ਮਗਰੋਂ ਕੇਜਰੀਵਾਲ ਨੇ ਰੁਕੀ ਹੋਈ ਪੈਨਸ਼ਨ ਜਾਰੀ ਕੀਤੀ। ਉਨ੍ਹਾਂ ਡੀਟੀਸੀ ਮੁਲਾਜ਼ਮਾਂ ਦੀ ਬਕਾਇਆ ਪੈਨਸ਼ਨ ਤੁਰੰਤ ਪ੍ਰਭਾਵ ਨਾਲ ਜਾਰੀ ਕੀਤੀ ਜਾਵੇ।