For the best experience, open
https://m.punjabitribuneonline.com
on your mobile browser.
Advertisement

ਬਜਟ ਦਾ 15 ਫ਼ੀਸਦ ਘੱਟ ਗਿਣਤੀਆਂ ’ਤੇ ਖ਼ਰਚਣਾ ਚਾਹੁੰਦੀ ਸੀ ਕਾਂਗਰਸ: ਮੋਦੀ

06:55 AM May 16, 2024 IST
ਬਜਟ ਦਾ 15 ਫ਼ੀਸਦ ਘੱਟ ਗਿਣਤੀਆਂ ’ਤੇ ਖ਼ਰਚਣਾ ਚਾਹੁੰਦੀ ਸੀ ਕਾਂਗਰਸ  ਮੋਦੀ
ਮੁੰਬਈ ’ਚ ਰੋਡ ਸ਼ੋਅ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ। -ਫੋਟੋ: ਪੀਟੀਆਈ
Advertisement

ਨਾਸਿਕ, 15 ਮਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋਸ਼ ਲਾਇਆ ਹੈ ਕਿ ਕਾਂਗਰਸ ਆਪਣੇ ਪਿਛਲੇ ਕਾਰਜਕਾਲ ਦੌਰਾਨ ਬਜਟ ਦਾ 15 ਫ਼ੀਸਦੀ ਹਿੱਸਾ ਘੱਟ ਗਿਣਤੀਆਂ ’ਤੇ ਖ਼ਰਚ ਕਰਨਾ ਚਾਹੁੰਦੀ ਸੀ। ਉਨ੍ਹਾਂ ਅਹਿਦ ਲਿਆ ਕਿ ਉਹ ਨੌਕਰੀਆਂ ਅਤੇ ਸਿੱਖਿਆ ’ਚ ਧਰਮ ਦੇ ਆਧਾਰ ’ਤੇ ਰਾਖਵਾਂਕਰਨ ਜਾਂ ਬਜਟ ਵੰਡਣ ਦੀ ਇਜਾਜ਼ਤ ਨਹੀਂ ਦੇਣਗੇ। ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ਦੇ ਪਿੰਪਲਗਾਓਂ ਬਾਸਵੰਤ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਧਰਮ ਦੇ ਆਧਾਰ ’ਤੇ ਬਜਟ ਵੰਡਣਾ ਖ਼ਤਰਨਾਕ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸੰਵਿਧਾਨ ਨਿਰਮਾਤਾ ਡਾਕਟਰ ਬਾਬਾ ਸਾਹਬ ਅੰਬੇਦਕਰ ਨੌਕਰੀਆਂ ਅਤੇ ਸਿੱਖਿਆ ’ਚ ਧਰਮ ਆਧਾਰਿਤ ਰਾਖਵੇਂਕਰਨ ਖ਼ਿਲਾਫ਼ ਸਨ। ਇਕੱਠ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ, ‘‘ਕਾਂਗਰਸ ਜਦੋਂ ਸੱਤਾ ’ਚ ਸੀ ਤਾਂ ਉਸ ਨੇ ਘੱਟ ਗਿਣਤੀਆਂ ਲਈ ਬਜਟ ਦਾ 15 ਫ਼ੀਸਦ ਖ਼ਰਚਣ ਦੀ ਯੋਜਨਾ ਤਿਆਰ ਕਰ ਲਈ ਸੀ। ਜਦੋਂ ਮੈਂ ਗੁਜਰਾਤ ਦਾ ਮੁੱਖ ਮੰਤਰੀ ਸੀ ਤਾਂ ਕਾਂਗਰਸ ਨੇ ਇਹ ਤਜਵੀਜ਼ ਲਿਆਂਦੀ ਸੀ। ਭਾਜਪਾ ਨੇ ਇਸ ਕਦਮ ਦਾ ਤਿੱਖਾ ਵਿਰੋਧ ਕੀਤਾ ਸੀ ਜਿਸ ਕਾਰਨ ਉਹ ਇਸ ਨੂੰ ਲਾਗੂ ਨਹੀਂ ਕਰ ਸਕੀ ਸੀ। ਪਰ ਕਾਂਗਰਸ ਹੁਣ ਦੁਬਾਰਾ ਇਹ ਤਜਵੀਜ਼ ਲਿਆਉਣਾ ਚਾਹੁੰਦੀ ਹੈ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਡਾਕਟਰ ਅੰਬੇਦਕਰ ਧਰਮ ਆਧਾਰਿਤ ਕੋਟੇ ਖ਼ਿਲਾਫ਼ ਸਨ ਪਰ ਕਾਂਗਰਸ ਐੱਸਸੀਜ਼/ਐੱਸਟੀਜ਼/ਓਬੀਸੀਜ਼ ਦੇ ਰਾਖਵੇਂਕਰਨ ਅਧਿਕਾਰ ਖੋਹ ਕੇ ਮੁਸਲਮਾਨਾਂ ਨੂੰ ਦੇਣਾ ਚਾਹੁੰਦੀ ਹੈ। ‘ਮੋਦੀ ਸਮਾਜ ਦੇ ਹਾਸ਼ੀਏ ’ਤੇ ਧੱਕੇ ਲੋਕਾਂ ਦੇ ਹੱਕਾਂ ਦਾ ਚੌਕੀਦਾਰ ਹੈ ਅਤੇ ਮੈਂ ਕਦੇ ਵੀ ਕਾਂਗਰਸ ਨੂੰ ਉਨ੍ਹਾਂ ਦੇ ਹੱਕਾਂ ’ਤੇ ਡਾਕਾ ਨਹੀਂ ਮਾਰਨ ਦੇਵਾਂਗਾ।’ ਮੋਦੀ ਨੇ ਕਿਹਾ ਕਿ ਲੋਕ ਸਭਾ ਚੋਣਾਂ ਅਜਿਹਾ ਪ੍ਰਧਾਨ ਮੰਤਰੀ ਚੁਣਨ ਲਈ ਹੋ ਰਹੀਆਂ ਹਨ ਜੋ ਦੇਸ਼ ਲਈ ਮਜ਼ਬੂਤ ਫ਼ੈਸਲੇ ਲੈ ਸਕੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 10 ਸਾਲਾਂ ’ਚ ਉਨ੍ਹਾਂ ਦੀ ਸਰਕਾਰ ਨੇ ਹਰ ਧਰਮ ਦੇ ਲੋਕਾਂ ਨੂੰ ਮੁਫ਼ਤ ਰਾਸ਼ਨ, ਪਾਣੀ, ਬਿਜਲੀ, ਘਰ ਅਤੇ ਗੈਸ ਕੁਨੈਕਸ਼ਨ ਦਿੱਤੇ। ‘ਲੋਕ ਭਲਾਈ ਯੋਜਨਾਵਾਂ ਸਾਰਿਆਂ ਲਈ ਬਣਾਈਆਂ ਜਾਂਦੀਆਂ ਹਨ।’ ਐੱਨਸੀਪੀ (ਐੱਸਪੀ) ਪ੍ਰਧਾਨ ਸ਼ਰਦ ਪਵਾਰ ਦਾ ਨਾਮ ਲਏ ਬਿਨਾਂ ਮੋਦੀ ਨੇ ਕਿਹਾ ਕਿ ਮਹਾਰਾਸ਼ਟਰ ਦਾ ‘ਇੰਡੀ’ ਗੱਠਜੋੜ ਦਾ ਆਗੂ ਜਾਣਦਾ ਹੈ ਕਿ ਕਾਂਗਰਸ ਚੋਣਾਂ ’ਚ ਬੁਰੀ ਤਰ੍ਹਾਂ ਹਾਰਨ ਵਾਲੀ ਹੈ। ਇਸੇ ਕਰਕੇ ਉਨ੍ਹਾਂ ਸੁਝਾਅ ਦਿੱਤਾ ਸੀ ਕਿ ਛੋਟੀ ਪਾਰਟੀਆਂ ਕਾਂਗਰਸ ’ਚ ਰਲੇਵਾਂ ਕਰ ਲੈਣ ਤਾਂ ਜੋ ਉਹ ਵਿਰੋਧੀ ਧਿਰ ਵਜੋਂ ਕਾਇਮ ਰਹਿ ਸਕੇ। ਉਨ੍ਹਾਂ ਕਿਹਾ ਕਿ ਜਦੋਂ ਨਕਲੀ ਸ਼ਿਵ ਸੈਨਾ, ਕਾਂਗਰਸ ਨਾਲ ਰਲੇਗੀ ਤਾਂ ਬਾਲਾਸਾਹੇਬ ਠਾਕਰੇ ਯਾਦ ਆਉਣਗੇ ਕਿਉਂਕਿ ਮਰਹੂਮ ਆਗੂ ਨੇ ਅਯੁੱਧਿਆ ’ਚ ਰਾਮ ਮੰਦਰ ਅਤੇ ਧਾਰਾ 370 ਖ਼ਤਮ ਕਰਨ ਦਾ ਸੁਪਨਾ ਲਿਆ ਸੀ। -ਪੀਟੀਆਈ

Advertisement

ਮਹਾਰਾਸ਼ਟਰ ਦੇ ਡਿੰਡੋਰੀ ਜ਼ਿਲ੍ਹੇ ’ਚ ਚੋਣ ਰੈਲੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਕਰਦੇ ਹੋਏ ਭਾਜਪਾ ਆਗੂ। -ਫੋਟੋ: ਪੀਟੀਆਈ

ਇੰਡੀ ਗੱਠਜੋੜ ਦੀ ਯੋਜਨਾ ਦਾ ਕਰ ਰਿਹਾਂ ਹਾਂ ਪਰਦਾਫਾਸ਼: ਮੋਦੀ

ਕਲਿਆਣ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੇ ਕਲਿਆਣ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਧਰਮ ਦੇ ਆਧਾਰ ’ਤੇ ਲੋਕਾਂ ਨੂੰ ਵੰਡਣ ਦੀ ਕਾਂਗਰਸ ਅਤੇ ‘ਇੰਡੀ’ ਗੱਠਜੋੜ ਦੀ ਸਾਜ਼ਿਸ਼ ਦਾ ਪਰਦਾਫਾਸ਼ ਕਰ ਰਹੇ ਹਨ। ਮੋਦੀ ਨੇ ਕਿਹਾ, ‘‘ਮੇਰੇ ਲਈ ਆਪਣੀ ਦਿਖ ਨਾਲੋਂ ਦੇਸ਼ ਦੀ ਏਕਤਾ ਵਧੇਰੇ ਅਹਿਮ ਹੈ।’’ ਉਨ੍ਹਾਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਕਿਹਾ ਸੀ ਕਿ ਦੇਸ਼ ਦੇ ਵਸੀਲਿਆਂ ’ਤੇ ਪਹਿਲਾ ਹੱਕ ਘੱਟ ਗਿਣਤੀਆਂ ਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਵਿਰੋਧੀ ਧਿਰ ਸੱਤਾ ’ਚ ਆਉਣ ਮਗਰੋਂ ਤੁਸ਼ਟੀਕਰਨ ਦੀ ਨੀਤੀ ਲਾਗੂ ਕਰੇਗੀ। ਮੋਦੀ ਨੇ ਕਿਹਾ ਕਿ ਇੰਡੀ ਗੱਠਜੋੜ ਅਤੇ ਕਾਂਗਰਸ ਦਾ ਸ਼ਹਿਜ਼ਾਦਾ ਧਰਮ ਦੇ ਆਧਾਰ ’ਤੇ ਸਿਆਸਤ ਕਰ ਰਹੇ ਹਨ ਅਤੇ ਕਰਨਾਟਕ ਉਨ੍ਹਾਂ ਦੀ ਪ੍ਰਯੋਗਸ਼ਾਲਾ ਹੈ। -ਪੀਟੀਆਈ

ਕੀ ਭਾਜਪਾ ਦੀ ਵਾਸ਼ਿੰਗ ਮਸ਼ੀਨ ਕਦੇ ਬੰਦ ਹੋਵੇਗੀ: ਕਾਂਗਰਸ

ਨਵੀਂ ਦਿੱਲੀ: ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਹਾਰਾਸ਼ਟਰ ’ਚ ਰੈਲੀ ਦੌਰਾਨ ਸੂਬੇ ਦੇ ਕਈ ਵਿਰੋਧੀ ਆਗੂਆਂ ਦੇ ਦਲਬਦਲ ਕਰਨ ਨੂੰ ਲੈ ਕੇ ਉਨ੍ਹਾਂ ’ਤੇ ਨਿਸ਼ਾਨਾ ਸੇਧਿਆ ਅਤੇ ਸਵਾਲ ਕੀਤਾ ਕਿ ਕੀ ਭਾਜਪਾ ਦੀ ਵਾਸ਼ਿੰਗ ਮਸ਼ੀਨ ਕਦੇ ਬੰਦ ਹੋਵੇਗੀ ਜਾਂ ਨਹੀਂ। ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਕੁਝ ਸਵਾਲ ਦਾਗ਼ਦਿਆਂ ‘ਐਕਸ’ ’ਤੇ ਕਿਹਾ, ‘‘ਭਾਜਪਾ ਨੇ ਮਹਾਰਾਸ਼ਟਰ ’ਚ ਆਦਿਵਾਸੀਆਂ ਦੇ ਜੰਗਲਾਤ ਅਧਿਕਾਰਾਂ ਨੂੰ ਕਿਉਂ ਕਮਜ਼ੋਰ ਕੀਤਾ ਹੈ? ਕੀ ਭਾਜਪਾ ਦੀ ਵਾਸ਼ਿੰਗ ਮਸ਼ੀਨ ਕਦੇ ਗੇੜੇ ਦੇਣਾ ਬੰਦ ਕਰੇਗੀ? ਮਹਾਰਾਸ਼ਟਰ ’ਚ ਉਸਾਰੀ ਕਾਮਿਆਂ ਦੀ ਮੌਤ ਦੇ ਮਾਮਲਿਆਂ ’ਚ ਤਿੰਨ ਗੁਣਾ ਵਾਧਾ ਕਿਉਂ ਹੋਇਆ ਹੈ?’’ ਉਨ੍ਹਾਂ ਮਹਾਰਾਸ਼ਟਰ ’ਚ ਕਾਂਗਰਸ ਅਤੇ ਵਿਰੋਧੀ ਧਿਰ ਦੇ ਕਈ ਆਗੂਆਂ ਦੇ ਪਾਲਾ ਬਦਲਣ ਦਾ ਹਵਾਲਾ ਦਿੰਦਿਆਂ ਕਿਹਾ, ‘‘ਭਾਜਪਾ ਨੇ ਹੁਣ ਜਨਤਕ ਤੌਰ ’ਤੇ ਮਹਾਰਾਸ਼ਟਰ ’ਚ ਆਗੂਆਂ ਨੂੰ ਦਰਾਮਦ ਕਰਨ ਲਈ ਆਪਣੀ ਵਾਸ਼ਿੰਗ ਮਸ਼ੀਨ ਦੀ ਵਰਤੋਂ ਕਰਨ ਦੀ ਗੱਲ ਮੰਨ ਲਈ ਹੈ। ਕਈ ਭਾਜਪਾ ਆਗੂਆਂ ਵਾਂਗ ਕਿਰਿਤ ਸੋਮੱਈਆ ਨੇ ਰਵਿੰਦਰ ਵਾਇਕਰ, ਯਾਮਿਨੀ ਜਾਧਵ ਅਤੇ ਨਾਰਾਇਣ ਰਾਣੇ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਸਨ। ਉਨ੍ਹਾਂ ਨੂੰ ਈਡੀ ਅਤੇ ਮਹਾਰਾਸ਼ਟਰ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਦੀ ਜਾਂਚ ਦਾ ਸਾਹਮਣਾ ਵੀ ਕਰਨਾ ਪਿਆ ਸੀ। ਇਸ ਮਗਰੋਂ ਇਹ ਆਗੂ ਮਹਾਯੁਤੀ ਗੱਠਜੋੜ ’ਚ ਸ਼ਾਮਲ ਹੋ ਗਏ ਸਨ।’’ -ਪੀਟੀਆਈ

Advertisement
Author Image

sukhwinder singh

View all posts

Advertisement
Advertisement
×