ਲੋਕ ਰਾਜ ਦੀ ਬਹਾਲੀ ਲਈ ਕਾਂਗਰਸ ਦੀ ਜਿੱਤ ਜ਼ਰੂਰੀ: ਔਜਲਾ
ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 10 ਮਈ
ਲੋਕ ਸਭਾ ਚੋਣਾਂ ਦੇ ਸਬੰਧ ਵਿੱਚ ਹਲਕਾ ਪੱਛਮੀ ਦੇ ਸਾਬਕਾ ਕੈਬਨਿਟ ਮੰਤਰੀ ਡਾ: ਰਾਜ ਕੁਮਾਰ ਵੇਰਕਾ ਦੀ ਅਗਵਾਈ ’ਚ ਰਾਮ ਤੀਰਥ ਰੋਡ ਸਥਿਤ ਇੱਕ ਰਿਜ਼ੋਰਟ ਵਿਖੇ 2 ਵਾਰਡਾਂ ਦੀ ਰੈਲੀ ਕੀਤੀ ਗਈ। ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਗੁਰਜੀਤ ਸਿੰਘ ਔਜਲਾ ਨੇ ਪਿਛਲੇ ਸੱਤਾਂ ਸਾਲਾਂ ਵਿੱਚ ਬਿਹਤਰੀਨ ਸੇਵਾਵਾਂ ਦਿੱਤੀਆਂ ਹਨ, ਜਿਸ ਲਈ ਇੱਕ ਵਾਰ ਫਿਰ ਉਨ੍ਹਾਂ ਦਾ ਸਾਥ ਦੇਣ ਦੀ ਲੋੜ ਹੈ।
ਇਸ ਮੌਕੇ ਗੁਰਜੀਤ ਔਜਲਾ ਨੇ ਕਿਹਾ ਕਿ 400 ਪਾਰ ਦਾ ਦਾਅਵਾ ਕਰਨ ਵਾਲੀ ਭਾਜਪਾ ਇਸ ਵੇਲੇ ਪੂਰੀ ਤਰਾਂ ਬੁਖਲਾਹਟ ਵਿੱਚ ਹੈ ਕਿਉਂਕਿ ਪਾਰਟੀ ਜਾਣਦੀ ਹੈ ਕਿ ਉਸ ਦਾ ਇਸ ਵਾਰੀ 150 ਸੀਟਾਂ ਪਾਰ ਕਰਨਾ ਵੀ ਮੁਸ਼ਕਲ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਲੋਕ ਰਾਜ ਦੀ ਬਹਾਲੀ ਲਈ ਭਾਜਪਾ ਨੁੰ ਹਰਾ ਕੇ ਕਾਂਗਰਸ ਨੂੰ ਲਿਆਉਣਾ ਜ਼ਰੂਰੀ ਹੈ ਕਿਉਂਕਿ ਭਾਜਪਾ ਵਲੋਂ ਸੰਵਿਧਾਨ ਨੂੰ ਬਦਲਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਔਜਲਾ ਨੇ ਕਿਹਾ ਕਿ ਅੱਜ ਘੱਟਗਿਣਤੀਆਂ ਨਾਲ ਜ਼ਿਆਦਤੀਆਂ ਹੋ ਰਹੀਆਂ ਹਨ। ਸਮੁੱਚਾ ਦਲਿਤ ਭਾਈਚਾਰਾ ਅਤੇ ਹੋਰ ਘੱਟਗਿਣਤੀਆਂ ਭਾਜਪਾ ਤੋਂ ਖ਼ਫ਼ਾ ਹਨ। ਇਸ ਮੌਕੇ ਸਾਬਕਾ ਵਿਧਾਇਕ ਜੁਗਲ ਕਿਸ਼ੌਰ ਸ਼ਰਮਾ, ਸਾਬਕਾ ਸੀਨੀਅਰ ਡਿਪਟੀ ਮੇਅਰ ਰਮਨ ਬਖਸ਼ੀ, ਸਾਬਕਾ ਕੌਂਸਲਰ ਸੁਰਿੰਦਰ ਚੌਧਰੀ, ਸਤਿੰਦਰ ਸਿੰਘ ਸੱਤ, ਸਤੀਸ਼ ਬੱਲੂ, ਸਕੱਤਰ ਸਿੰਘ ਬੱਬੂ, ਸਰਪੰਚ ਸੁਖਵੰਤ ਸਿੰਘ ਚੇਤਨਪੁਰਾ, ਇੰਟਕ ਪ੍ਰਧਾਨ ਸੁਰਿੰਦਰ ਸ਼ਰਮਾ, ਯੂਥ ਪ੍ਰਧਾਨ ਰਾਹੁਲ ਕੁਮਾਰ, ਅਸ਼ਵਨੀ ਛਾਬੜਾ, ਪ੍ਰਧਾਨ ਸੰਦੀਪ ਸਿੰਘ ਸੰਧੂ, ਸੰਜੀਵ ਅਰੋੜਾ, ਸਿਮਰਨਜੀਤ ਸਿੰਘ, ਗੁਰਦੇਵ ਸਿੰਘ ਝੀਤਾ, ਮਧੂ ਖੰਨਾ, ਰਮਨ ਬਖਸ਼ੀ, ਕੇਵਲ ਕ੍ਰਿਸ਼ਨ ਗੁਰਜੀਤ ਕੌਰ, ਰਜਨੀ ਸ਼ਰਮਾ, ਰਵੀ ਮਿਸ਼ਰਾ ਹਾਜ਼ਰ ਸਨ।
ਸੀਪੀਆਈ (ਐੱਮਐੱਲ) ਲਿਬਰੇਸ਼ਨ ਵੱਲੋਂ ਕਾਂਗਰਸ ਦੀ ਹਮਾਇਤ
ਅੰਮ੍ਰਿਤਸਰ (ਟਨਸ): ਸੀਪੀਆਈ (ਐੱਮਐੱਲ) ਲਿਬਰੇਸ਼ਨ ਦੀ ਕੇਂਦਰੀ ਕਮੇਟੀ ਦੇ ਫੈਸਲੇ ਤਹਿਤ ਲਿਬਰੇਸ਼ਨ ਦੀ ਸੂਬਾ ਕਮੇਟੀ ਵੱਲੋਂ ਪੰਜਾਬ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਹਮਾਇਤ ਦੇਣ ਦਾ ਫੈਸਲਾ ਕੀਤਾ ਗਿਆ ਹੈ। ਇਹ ਦਾਅਵਾ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਕੀਤਾ ਹੈ, ਜਿਨ੍ਹਾਂ ਨਾਲ ਅੱਜ ਇਸ ਜਥੇਬੰਦੀ ਦੇ ਆਗੂਆਂ ਨੇ ਮੁਲਾਕਾਤ ਕੀਤੀ ਅਤੇ ਸਮਰਥਨ ਦੇਣ ਦੇ ਫ਼ੈਸਲੇ ਦਾ ਖੁਲਾਸਾ ਕੀਤਾ। ਆਗੂਆਂ ਨੇ ਦੱਸਿਆ ਕਿ ਲਿਬਰੇਸ਼ਨ ਦੀ ਸੂਬਾਈ ਲੀਡਰਸ਼ਿਪ ਵੱਲੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਇਸਦੀ ਹਮਖਿਆਲ ਫਿਰਕੂ ਅਤੇ ਫਾਸ਼ੀਵਾਦੀ ਤਾਕਤਾਂ ਨੂੰ ਹਰਾਉਣ ਲਈ ‘ਇੰਡੀਆ’ ਗੱਠਜੋੜ ਤਹਿਤ ਪੰਜਾਬ ਵਿੱਚ ਕਾਂਗਰਸ ਉਮੀਦਵਾਰਾਂ ਨੂੰ ਬਿਨਾਂ ਸ਼ਰਤ ਹਮਾਇਤ ਦੇਣ ਦਾ ਫ਼ੈਸਲਾ ਕੀਤਾ ਹੈ। ਇਸੇ ਤਹਿਤ ਅੱਜ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੂੰ ਹਮਾਇਤ ਦੇਣ ਦੇ ਫੈਸਲੇ ਨੂੰ ਜਨਤਕ ਕੀਤਾ ਹੈ। ਅੱਜ ਲਿਬਰੇਸ਼ਨ ਪਾਰਟੀ ਦੇ ਮਾਝਾ ਜ਼ੋਨ ਦੇ ਇੰਚਾਰਜ ਬਲਬੀਰ ਸਿੰਘ ਮੂਧਲ ਸਮੇਤ ਜ਼ਿਲ੍ਹੇ ਦੇ ਆਗੂ ਮੰਗਲ ਸਿੰਘ ਧਰਮਕੋਟ ਅਤੇ ਕੁਲਵਿੰਦਰ ਸਿੰਘ ਹੇਰ ਆਦਿ ਨੇ ਗੁਰਜੀਤ ਸਿੰਘ ਔਜਲਾ ਦੇ ਨਾਲ ਮੁਲਾਕਾਤ ਕੀਤੀ ਅਤੇ ਪਾਰਟੀ ਵੱਲੋਂ ਪੂਰਨ ਸਮਰਥਨ ਦੇਣ ਦਾ ਐਲਾਨ ਕੀਤਾ। ਸੀਪੀਆਈ (ਐੱਮਐੱਲ) ਲਿਬਰੇਸ਼ਨ ਦੇ ਆਗੂ ਨੇ ਦੱਸਿਆ ਕਿ 18 ਮਈ ਨੂੰ ਜਥੇਬੰਦੀ ਵੱਲੋਂ ਅਜਨਾਲਾ ਵਿੱਚ ਰੈਲੀ ਕੀਤੀ ਜਾਵੇਗੀ, ਜਿਸ ਵਿੱਚ ਲਿਬਰੇਸ਼ਨ ਦੇ ਸੂਬਾਈ ਸਕੱਤਰ ਗੁਰਮੀਤ ਸਿੰਘ ਬਖਤਪੁਰਾ ਤੇ ਹੋਰ ਸੂਬਾਈ ਆਗੂਆਂ ਤੋਂ ਇਲਾਵਾ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਸਣੇ ਹੋਰ ਕਾਂਗਰਸੀ ਆਗੂ ਵੀ ਹਿੱਸਾ ਲੈਣਗੇ। ਉਨ੍ਹਾਂ ਦਸਿਆ ਕਿ ਇਸ ਸਬੰਧੀ ਪਾਰਟੀ ਦੇ ਹਲਕਾ ਅੰਮ੍ਰਿਤਸਰ ਦੇ ਆਗੂਆਂ ਵੱਲੋਂ ਪਿੰਡਾਂ ਵਿੱਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਤੇ ਉਹ ਕਿਰਤੀ, ਕਿਸਾਨ, ਮਜ਼ਦੂਰ ਤੇ ਹੋਰ ਸਾਥੀਆਂ ਨੂੰ ਫਿਰਕੂ ਤੇ ਫਾਸ਼ੀਵਾਦ ਤਾਕਤਾਂ ਨੂੰ ਭਾਂਜ ਦੇਣ ਲਈ ਗੁਰਜੀਤ ਸਿੰਘ ਔਜਲਾ ਦੇ ਹੱਥ ਮਜ਼ਬੂਤ ਕਰਨ ਦੀ ਅਪੀਲ ਕਰ ਰਹੇ ਹਨ।