ਕਾਂਗਰਸ ਨੇ ਯਮੁਨਾਨਗਰ ਨਾਲ ਮਤਰੇਆ ਸਲੂਕ ਕੀਤਾ: ਅਰੋੜਾ
ਦਵਿੰਦਰ ਸਿੰਘ
ਯਮੁਨਾਨਗਰ, 25 ਸਤੰਬਰ
ਇੱਥੋਂ ਭਾਜਪਾ ਦੇ ਉਮੀਦਵਾਰ ਘਣਸ਼ਿਆਮ ਦਾਸ ਅਰੋੜਾ ਨੇ ਅੱਜ ਰਾਣੀ ਲਕਸ਼ਮੀਬਾਈ ਪਾਰਕ, ਤਿਲਕ ਨਗਰ, ਸ਼ਹਿਜ਼ਾਦਪੁਰ, ਦਿਆਲਗੜ੍ਹ, ਬੁਡੀਆ, ਗੀਤਾ ਭਵਨ ਤੋਂ ਨਿਊ ਬਾਜ਼ਾਰ, ਰਟੌਲੀ, ਮੇਨ ਬਾਜ਼ਾਰ ਕੈਂਪ, ਰਾਜਾ ਰਾਮ ਗਲੀ, ਵਿਸ਼ਨੂੰ ਨਗਰ, ਰਾਮ ਪਾਰਕ, ਤੀਰਥ ਨਗਰ ਤੱਕ , ਰੂਪ ਨਗਰ ਅਤੇ ਹੋਰ ਥਾਵਾਂ ’ਤੇ ਘਰ-ਘਰ ਜਾ ਕੇ ਜਨ ਸੰਪਰਕ ਮੁਹਿੰਮ ਚਲਾਈ ਅਤੇ ਕਈ ਥਾਵਾਂ ’ਤੇ ਜਨਤਕ ਮੀਟਿੰਗਾਂ ਵੀ ਕੀਤੀਆਂ। ਇਸ ਦੌਰਾਨ ਸ੍ਰੀ ਅਰੋੜਾ ਨੇ ਕਿਹਾ ਕਿ ਯਮੁਨਾਨਗਰ ਹਲਕੇ ਵਿੱਚ ਪਿਛਲੇ 10 ਸਾਲਾਂ ਵਿੱਚ ਰਿਕਾਰਡ ਤੋੜ ਵਿਕਾਸ ਹੋਇਆ ਹੈ। ਇਸ ਤੋਂ ਪਹਿਲਾਂ ਭੁਪਿੰਦਰ ਸਿੰਘ ਹੁੱਡਾ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਯਮੁਨਾਨਗਰ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ। ਕਾਂਗਰਸ ਸਰਕਾਰ ਵੱਲੋਂ 10 ਸਾਲਾਂ ਤੋਂ ਕੀਤੀ ਅਣਗਹਿਲੀ ਕਾਰਨ ਯਮੁਨਾਨਗਰ ਦੀ ਹਾਲਤ ਮਾੜੀ ਹੋ ਗਈ ਸੀ ਪਰ 2014 ਵਿੱਚ ਭਾਜਪਾ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਯਮੁਨਾਨਗਰ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਗਿਆ ਜਿਸ ਦੇ ਚਲਦਿਆਂ ਇੱਥੇ ਮਾਡਲ ਰੇਲਵੇ ਸਟੇਸ਼ਨ, ਕਰੋੜਾਂ ਦੀ ਲਾਗਤ ਨਾਲ 200 ਬਿਸਤਰਿਆਂ ਵਾਲਾ ਆਧੁਨਿਕ ਸਿਵਲ ਹਸਪਤਾਲ, ਰਾਸ਼ਟਰੀ ਰਾਜਮਾਰਗ 344 ਜੋ ਯਮੁਨਾਨਗਰ ਤੋਂ ਨਿਕਲਦਾ ਹੈ ਨੂੰ ਸੁੰਦਰ ਅਤੇ ਮਜ਼ਬੂਤ ਬਣਾਇਆ ਗਿਆ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਕ੍ਰਿਸ਼ਨ ਸਿੰਗਲਾ, ਸਾਬਕਾ ਕੌਂਸਲਰ ਸੀਨੀਅਰ ਡਿਪਟੀ ਮੇਅਰ ਪਵਨ ਬਿੱਟੂ, ਸਾਬਕਾ ਕੌਂਸਲਰ ਸੁਰਿੰਦਰ ਸ਼ਰਮਾ, ਬੁਡੀਆ ਮੰਡਲ ਦੇ ਪ੍ਰਧਾਨ ਅਨਿਲ ਬਲਾਚੌਰ, ਸੁਭਾਸ਼ ਸ਼ਹਿਜ਼ਾਦਪੁਰ, ਪ੍ਰੋਮਿਲਾ ਬਖਸ਼ੀ, ਮੋਨਿਕਾ ਜੋਗੀ, ਮਮਤਾ ਸੇਨ ਹਾਜ਼ਰ ਸਨ।