‘ਗਊ ਰੱਖਿਅਕਾਂ’ ਵੱਲੋਂ ਕੀਤੀ ਆਰੀਅਨ ਮਿਸ਼ਰਾ ਦੀ ਹੱਤਿਆ ਦੇ ਮੁੱਦੇ ’ਤੇ ਕਾਂਗਰਸ ਨੇ ਹਰਿਆਣਾ ਭਾਜਪਾ ਘੇਰੀ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 3 ਸਤੰਬਰ
Aryan Mishra Murder Case: ਹਰਿਆਣਾ ਦੇ ਸਨਅਤੀ ਸ਼ਹਿਰ ਫਰੀਦਾਬਾਦ ਦੇ ਨੌਜਵਾਨ ਆਰੀਅਨ ਮਿਸ਼ਰਾ ਦੇ ਕਤਲ ਦੇ ਮੁੱਦੇ 'ਤੇ ਕਾਂਗਰਸ ਨੇ ਹਰਿਆਣਾ ਦੀ ਭਾਜਪਾ ਸਰਕਾਰ ਨੂੰ ਘੇਰਿਆ ਤੇ ਇਸ ਕਤਲ ਕਾਂਡ ਨੂੰ ਹਰਿਆਣਾ ਸਰਕਾਰ ਦੇ ਦਸ ਸਾਲ ਦੇ ਰਿਪੋਰਟ ਕਾਰਡ ਵਜੋਂ ਪੇਸ਼ ਕੀਤਾ। ‘ਐਕਸ’ ਉਪਰ ਕਾਂਗਰਸ ਵੱਲੋਂ ਕੀਤੀ ਪੋਸਟ ਵਿਚ ਕਿਹਾ ਗਿਆ ਹੈ: "ਆਰੀਅਨ ਮਿਸ਼ਰਾ ਹਰਿਆਣਾ ਦੇ ਫਰੀਦਾਬਾਦ 'ਚ ਸ਼ਾਮ ਨੂੰ ਦੋਸਤਾਂ ਨਾਲ ਘੁੰਮਣ ਗਿਆ ਸੀ। ਰਸਤੇ ਵਿੱਚ ਗਊ ਰੱਖਿਅਕਾਂ ਨੇ ਗਊ ਹੱਤਿਆ ਦੇ ਸ਼ੱਕ ਵਿੱਚ ਆਰੀਅਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।"
ਕਾਂਗਰਸ ਨੇ ਕਿਹਾ, "ਇਹ ਹੈ ਹਰਿਆਣਾ ਦੀ ਭਾਜਪਾ ਸਰਕਾਰ ਦੇ 10 ਸਾਲਾਂ ਦਾ ਰਿਪੋਰਟ ਕਾਰਡ, ਜਿੱਥੇ ਦਿਨ ਦਿਹਾੜੇ ਸੜਕਾਂ 'ਤੇ ਲੋਕਾਂ ਦਾ ਕਤਲ ਕੀਤਾ ਜਾ ਰਿਹਾ ਹੈ। ਇੱਥੇ ਅਪਰਾਧੀ ਬੇਖੌਫ਼ ਘੁੰਮ ਰਹੇ ਹਨ। ਉਨ੍ਹਾਂ ਦੇ ਮਨ ਵਿਚ ਨਾ ਤਾਂ ਸਰਕਾਰ ਦਾ ਕੋਈ ਡਰ ਹੈ ਅਤੇ ਨਾ ਹੀ ਕਾਨੂੰਨ ਦਾ।"
ਪਾਰਟੀ ਨੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਉਪਰ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਇਹ ਸੱਚ ਹੈ: ਭਾਜਪਾ ਦੀ ਡਬਲ ਇੰਜਣ ਵਾਲੀ ਸਰਕਾਰ ਨੇ ਹਰਿਆਣਾ ਨੂੰ ‘ਅਪਰਾਧ ਦੀ ਰਾਜਧਾਨੀ’ ਬਣਾ ਕੇ ਆਮ ਲੋਕਾਂ ਦਾ ਜੀਵਨ ਬਰਬਾਦ ਕਰ ਦਿੱਤਾ ਹੈ।
ਦੱਸਣਯੋਗ ਹੈ ਕਿ ਕਰੀਬ ਦਸ ਦਿਨ ਪਹਿਲਾਂ ਮੁਲਜ਼ਮਾਂ ਨੇ ਆਰੀਅਨ ਨੂੰ ਪਸ਼ੂ ਤਸਕਰ ਸਮਝ ਕੇ ਕਰੀਬ 30 ਕਿਲੋਮੀਟਰ ਕਾਰ ਦਾ ਪਿੱਛਾ ਕਰਕੇ ਉਸ ਨੂੰ ਗੋਲੀ ਮਾਰ ਦਿੱਤੀ ਸੀ। ਫਰੀਦਾਬਾਦ ਦੇ ਐੱਨਆਈਟੀ ਏਰੀਆ ਦਾ ਵਸਨੀਕ ਆਰੀਅਨ ਮਿਸ਼ਰਾ (20 ਸਾਲ) ਆਪਣੇ ਮਕਾਨ ਮਾਲਕ ਤੇ ਜਾਣਕਾਰਾਂ ਨਾਲ ਬੀਤੀ 23 ਅਗਸਤ ਦੀ ਰਾਤ ਨੂੰ ਕਾਰ 'ਚ ਮੈਗੀ ਖਾਣ ਬੜਖਲ੍ਹ ਦੇ ਇਕ ਮਾਲ 'ਚ ਗਿਆ ਸੀ।
ਦੇਰ ਰਾਤ ਉਥੋਂ ਵਾਪਸ ਆਉਂਦੇ ਸਮੇਂ ਮੁਲਜ਼ਮਾਂ ਨੇ ਪਟੇਲ ਚੌਕ ’ਤੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਕਾਰ ਚਲਾ ਰਹੇ ਉਸ ਦੇ ਜਾਣਕਾਰ ਨੇ ਡਰਦੇ ਮਾਰੇ ਰਫ਼ਤਾਰ ਵਧਾ ਦਿੱਤੀ। ਫਿਰ ਆਰੀਅਨ ਨੂੰ ਦਿੱਲੀ-ਆਗਰਾ ਹਾਈਵੇਅ ਦੇ ਗਦਪੁਰੀ ਟੋਲ ਤੋਂ ਥੋੜ੍ਹਾ ਅੱਗੇ ਗੋਲੀ ਮਾਰ ਦਿੱਤੀ ਗਈ ਪਰ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ। ਮਾਮਲੇ 'ਚ ਪੰਜ ਮੁਲਜ਼ਮ ਗ੍ਰਿਫ਼ਤਾਰ ਕੀਤੇ ਗਏ ਹਨ।
ਪੁਲੀਸ ਨੇ ਇਸ ਸਬੰਧ ਵਿਚ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿਚੋਂ ਇਕ ਗਊ ਰੱਖਿਅਕ ਦਲ ਦਾ ਮੈਂਬਰ ਦੱਸਿਆ ਜਾਂਦਾ ਹੈ।