For the best experience, open
https://m.punjabitribuneonline.com
on your mobile browser.
Advertisement

ਉਮੀਦਵਾਰ ਦੇ ਐਲਾਨ ਤੋਂ ਪਹਿਲਾਂ ਹੀ ਬਾਗੀਆਂ ਨੂੰ ਸ਼ਾਂਤ ਕਰਨ ਲੱਗੀ ਕਾਂਗਰਸ

07:52 AM Apr 19, 2024 IST
ਉਮੀਦਵਾਰ ਦੇ ਐਲਾਨ ਤੋਂ ਪਹਿਲਾਂ ਹੀ ਬਾਗੀਆਂ ਨੂੰ ਸ਼ਾਂਤ ਕਰਨ ਲੱਗੀ ਕਾਂਗਰਸ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 18 ਅਪਰੈਲ
ਕਾਂਗਰਸੀ ਸੰਸਦ ਮੈਂਬਰ ਰਹੇ ਰਵਨੀਤ ਸਿੰਘ ਬਿੱਟੂ ਦੇ ਭਾਜਪਾ ’ਚ ਜਾਣ ਤੋਂ ਬਾਅਦ ਲੁਧਿਆਣਾ ਲੋਕ ਸਭਾ ਹਲਕੇ ਤੋਂ ਹਾਲੇ ਤੱਕ ਕਾਂਗਰਸ ਨੇ ਕੋਈ ਉਮੀਦਵਾਰ ਨਹੀਂ ਐਲਾਨਿਆ। ਸੂਤਰਾਂ ਅਨੁਸਾਰ ਕਾਂਗਰਸ ਹਾਈਕਮਾਂਡ ਜਲਦੀ ਹੀ ਪੰਜਾਬ ਦੀਆਂ ਰਹਿੰਦੀਆਂ 7 ਸੀਟਾਂ ’ਤੇ ਉਮੀਦਵਾਰਾਂ ਦਾ ਐਲਾਨ ਕਰ ਸਕਦੀ ਹੈ। ਉਮੀਦਵਾਰ ਦੇ ਐਲਾਨ ਤੋਂ ਪਹਿਲਾਂ ਹੀ ਕਾਂਗਰਸ ਬਗਾਵਤ ਨੂੰ ਸ਼ਾਂਤ ਕਰਨ ਲਈ ਪਾਰਟੀ ਦੇ ਸੀਨੀਅਰ ਨੇਤਾ ਲੁਧਿਆਣਾ ’ਚ ਡੇਰੇ ਲਾਈ ਬੈਠੇ ਹਨ।
ਪਾਰਟੀ ਨੇਤਾਵਾਂ ਦੇ ਨਾਲ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਲੁਧਿਆਣਾ ’ਚ ਫੀਡਬੈਕ ਲੈਣ ਲਈ ਬੈਠਕ ਵੀ ਕੀਤੀ। ਉਹ 2 ਦਿਨ ਲੁਧਿਆਣਾ ਦੇ ਸਾਰੇ ਸੀਨੀਅਰ ਕਾਂਗਰਸੀ ਆਗੂਆਂ ਦੇ ਘਰ ਜਾ ਕੇ ਉਨ੍ਹਾਂ ਨਾਲ ਮੀਟਿੰਗ ਕਰ ਫੀਡਬੈਕ ਲੈਣ ਦੇ ਨਾਲ-ਨਾਲ ਉਨ੍ਹਾਂ ਤੋਂ ਭਰੋਸਾ ਲੈ ਚੁੱਕੇ ਹਨ ਕਿ ਜੇ ਕਾਂਗਰਸ ਕਿਸੇ ਨੂੰ ਵੀ ਉਮੀਦਵਾਰ ਐਲਾਨਦੀ ਹੈ ਤਾਂ ਉਸ ਦਾ ਪੂਰੀ ਤਰ੍ਹਾਂ ਸਾਥ ਦਿੱਤਾ ਜਾਵੇ।
ਲੁਧਿਆਣਾ ਸੀਟ ਵੀ ਕਾਂਗਰਸ ਲਈ ਮੁੱਛ ਦਾ ਸਵਾਲ ਬਣੀ ਹੋਈ ਹੈ। ਪ੍ਰਤਾਪ ਸਿੰਘ ਬਾਜਵਾ ਇਹ ਐਲਾਨ ਕਰ ਚੁੱਕੇ ਹਨ ਕਿ ਰਵਨੀਤ ਸਿੰਘ ਬਿੱਟੂ ਜੇ ਜਿੱਤ ਗਏ ਤਾਂ ਉਹ ਸਿਆਸਤ ਛੱਡ ਦੇਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਬਿੱਟੂ ਨੂੰ ਭਜਾਉਣਾ ਸੀ, ਪਰ ਬਿੱਟੂ ਖੁਦ ਹੀ ਛੱਡ ਗਏ। ਇਸ ਕਾਰਨ ਕਾਂਗਰਸ ਇੱਥੇ ਕਿਸੇ ਕੱਦਾਵਰ ਆਗੂ ਨੂੰ ਉਤਾਰਨ ਦੇ ਮੂਡ ’ਚ ਹੈ, ਜੋ ਬਿੱਟੂ ਦੇ ਜੇਤੂ ਰੱਥ ਨੂੰ ਰੋਕ ਸਕੇ। ਸੰਗਰੂਰ ਅਤੇ ਪਟਿਆਲਾ ਵਾਂਗ ਲੁਧਿਆਣਾ ’ਚ ਵੀ ਜੇ ਕਾਂਗਰਸ ਪੈਰਾਸ਼ੂਟ ਨਾਲ ਉਮੀਦਵਾਰ ਉਤਾਰਦੀ ਹੈ ਤਾਂ ਉਸ ਦਾ ਵਿਰੋਧ ਨਾ ਹੋਵੇ, ਇਸ ਲਈ ਪ੍ਰਤਾਪ ਸਿੰਘ ਬਾਜਵਾ ਸਾਰੀ ਯੋਜਨਾ ਪਹਿਲਾਂ ਹੀ ਬਣਾ ਚੁੱਕੇ ਹਨ। ਉਹ ਸੀਨੀਅਰ ਕਾਂਗਰਸੀ ਨੇਤਾਵਾਂ ਦੇ ਘਰ ਜਾ ਕੇ ਮੁਲਾਕਾਤ ਕਰਕੇ ਫੀਡ ਬੈਕ ਲੈ ਰਹੇ ਹਨ। ਕਾਂਗਰਸ ਵੱਲੋਂ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਨਾਲ ਨਾਲ ਜ਼ਿਲ੍ਹਾ ਕਾਂਗਰਸ ਪ੍ਰਧਾਨ ਸੰਜੇ ਤਲਵਾੜ ਵੱਲੋਂ ਦਾਅਵੇਦਾਰੀ ਜਤਾਈ ਜਾ ਰਹੀ ਹੈ। ਸੂਤਰਾਂ ਦੀ ਮੰਨੀਏ ਤਾਂ ਕਾਂਗਰਸ ਵੱਲੋਂ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਸਾਬਕਾ ਖੇਡ ਮੰਤਰੀ ਪ੍ਰਗਟ ਸਿੰਘ ਦਾ ਨਾਮ ਵੀ ਹੁਣ ਲੁਧਿਆਣਾ ਲੋਕ ਸਭਾ ਸੀਟ ਲਈ ਵਿਚਾਰਿਆ ਜਾ ਰਿਹਾ ਹੈ। ਸੂਤਰ ਦੱਸਦੇ ਹਨ ਕਿ 20 ਅਪਰੈਲ ਜਾਂ ਫਿਰ ਐਤਵਾਰ ਤੱਕ ਕਾਂਗਰਸ ਦੀਆਂ ਬਾਕੀ ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਾਵੇਗਾ।

Advertisement

Advertisement
Author Image

joginder kumar

View all posts

Advertisement
Advertisement
×