ਕਾਂਗਰਸ ਵੱਲੋਂ ਦਿੱਲੀ ਵਿੱਚ ‘ਦੇਸ਼ ਲਈ ਦਾਨ’ ਮੁਹਿੰਮ ਸ਼ੁਰੂ
ਪੱਤਰ ਪ੍ਰੇਰਕ
ਨਵੀਂ ਦਿੱਲੀ, 21 ਦਸੰਬਰ
ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਨੇ ਅੱਜ ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਸ਼ੁਰੂ ਕੀਤੀ ਕਰਾਊਡ ਫੰਡਿੰਗ ‘ਦੇਸ਼ ਲਈ ਦਾਨ’ ਮੁਹਿੰਮ ਦੀ ਸ਼ੁਰੂਆਤ ਕੀਤੀ। ਪ੍ਰੋਗਰਾਮ ਦੀ ਪ੍ਰਧਾਨਗੀ ਸੂਬਾ ਪ੍ਰਧਾਨ ਅਰਵਿੰਦਰ ਸਿੰਘ ਲਵਲੀ ਕਰ ਰਹੇ ਸਨ। ਇਸ ਮੌਕੇ ਪਾਰਟੀ ਦੇ ਖਜ਼ਾਨਚੀ ਅਤੇ ਸਾਬਕਾ ਕੇਂਦਰੀ ਮੰਤਰੀ ਅਜੈ ਮਾਕਨ ਨੇ 1,38,0000 ਰੁਪਏ ਦਾਨ ਦੇ ਕੇ ਮੁਹਿੰਮ ਦੀ ਸ਼ੁਰੂਆਤ ਕੀਤੀ। ਇਹ ਜਾਣਿਆ ਜਾਂਦਾ ਹੈ ਕਿ ਸ੍ਰੀ ਮਾਕਨ ਦਿੱਲੀ ਤੋਂ ਵਿਧਾਇਕ, ਮੰਤਰੀ, ਸੰਸਦ ਮੈਂਬਰ ਅਤੇ ਕੇਂਦਰੀ ਮੰਤਰੀ ਸਨ। ਲਵਲੀ ਨੇ ਸਮੂਹ ਆਗੂਆਂ ਤੇ ਵਰਕਰਾਂ ਦੀ ਹਾਜ਼ਰੀ ਵਿੱਚ ਮਾਕਨ ਨੂੰ ਸਰਟੀਫਿਕੇਟ ਵੀ ਸੌਂਪਿਆ।
ਲਵਲੀ ਨੇ ਕਿਹਾ ਕਿ ਦੇਸ਼ ਲਈ ਦਾਨ ਪ੍ਰੋਗਰਾਮ ਇੱਕ ਅਜਿਹਾ ਇਤਿਹਾਸਕ ਪ੍ਰੋਗਰਾਮ ਹੈ, ਜਿਸ ਦਾ ਮਕਸਦ ਸਿਰਫ਼ ਪੈਸਾ ਇਕੱਠਾ ਕਰਨਾ ਹੀ ਨਹੀਂ, ਸਗੋਂ ਇਸ ਦਾ ਅਸਲ ਮਕਸਦ ਲੋਕਾਂ ਨਾਲ, ਕਾਂਗਰਸ ਬੂਥ ਪੱਧਰ ’ਤੇ ਕਾਂਗਰਸ ਵਰਕਰਾਂ ਨਾਲ ਸਿੱਧੇ ਤੌਰ ’ਤੇ ਜੁੜਨ ਦਾ ਮਾਧਿਅਮ ਹੈ। ਉਨ੍ਹਾਂ ਐਲਾਨ ਕੀਤਾ ਕਿ ਪਾਰਟੀ 28 ਦਸੰਬਰ ਤੋਂ ਘਰ-ਘਰ ਜਾ ਕੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰੇਗੀ ਕਿਉਂਕਿ ਇਸ ਦਿਨ ਕਾਂਗਰਸ ਪਾਰਟੀ ਦਾ ਸਥਾਪਨਾ ਦਿਵਸ ਹੈ। ਦਿੱਲੀ ਦੇ ਸਮੂਹ ਕਾਂਗਰਸੀ ਵਰਕਰ ਦਿੱਲੀ ਦੇ ਸਾਰੇ 13,760 ਪੋਲਿੰਗ ਬੂਥਾਂ ’ਤੇ ਘਰ-ਘਰ ਜਾ ਕੇ ਇਸ ਪ੍ਰੋਗਰਾਮ ਨੂੰ ਲਾਗੂ ਕਰਨਗੇ, ਜਿਸ ਨਾਲ ਦਿੱਲੀ ’ਚ ਸੰਗਠਨ ਨੂੰ ਹੋਰ ਮਜ਼ਬੂਤ ਕਰਨ ’ਚ ਮਦਦ ਮਿਲੇਗੀ। ਉਨ੍ਹਾਂ ਖੁਦ ਵੀ ਇਸ ਮੌਕੇ 1,38,000 ਰੁਪਏ ਦਾ ਯੋਗਦਾਨ ਪਾਇਆ। ਮਾਕਨ ਨੇ ਕਿਹਾ ਕਿ ਉਮੀਦ ਹੈ ਕਿ ਦੇਸ਼ ਲਈ ਦਾਨ ਪ੍ਰੋਗਰਾਮ ਵਿੱਚ ਦਿੱਲੀ ਪਹਿਲੇ ਤਿੰਨ ਰਾਜਾਂ ਵਿੱਚ ਆਪਣਾ ਸਥਾਨ ਬਣਾ ਲਵੇਗੀ। ਉਨ੍ਹਾਂ ਕਿਹਾ ਕਿ 138, 1380 ਅਤੇ 13,800 ਦੀ ਰਾਸ਼ੀ ਸਿਰਫ਼ ਇਸ ਲਈ ਨਿਰਧਾਰਤ ਕੀਤੀ ਗਈ ਹੈ ਤਾਂ ਜੋ ਆਮ ਆਦਮੀ ਇਸ ਮਹਾਯੱਗ ਵਿੱਚ ਆਪਣਾ ਦਾਨ ਪਾ ਸਕੇ।