ਕਾਂਗਰਸ ਤਰਜਮਾਨ ਗੌਰਵ ਵੱਲਭ ਭਾਜਪਾ ਵਿੱਚ ਸ਼ਾਮਲ
ਨਵੀਂ ਦਿੱਲੀ, 4 ਅਪਰੈਲ
ਕਾਂਗਰਸ ਦੇ ਤਰਜਮਾਨ ਗੌਰਵ ਵੱਲਭ ਨੇ ਅੱਜ ਸਵੇਰੇ ਇਹ ਕਹਿੰਦਿਆਂ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਕਿ ਉਹ ਨਾ ਤਾਂ ਸਨਾਤਨ ਧਰਮ ਵਿਰੋਧੀ ਨਾਅਰੇ ਲਗਾ ਸਕਦੇ ਹਨ ਅਤੇ ਨਾ ਹੀ ਦਿਨ-ਰਾਤ ‘ਦੌਲਤ ਕਮਾਉਣ ਵਾਲਿਆਂ’ ਦੀ ਬੁਰਾਈ ਕਰ ਸਕਦੇ ਹਨ। ਹਾਲਾਂਕਿ, ਉਹ ਕੁਝ ਹੀ ਘੰਟਿਆਂ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਵਿਕਸਿਤ ਭਾਰਤ’ ਦੇ ਸੱਦੇ ਤੋਂ ਪ੍ਰਭਾਵਿਤ ਹੋ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ। ਵੱਲਭ ਤੋਂ ਇਲਾਵਾ ਕਾਂਗਰਸ ਦੀ ਬਿਹਾਰ ਇਕਾਈ ਦੇ ਸਾਬਕਾ ਪ੍ਰਧਾਨ ਅਨਿਲ ਸ਼ਰਮਾ ਅਤੇ ਰਾਸ਼ਟਰੀ ਜਨਤਾ ਦਲ (ਆਰਜੇਡੀ) ਆਗੂ ਉਪੇਂਦਰ ਪ੍ਰਸਾਦ ਨੇ ਵੀ ਪਾਰਟੀ ਦੇ ਜਨਰਲ ਸਕੱਤਰ ਵਿਨੋਦ ਤਾਵੜੇ ਦੀ ਮੌਜੂਦਗੀ ਵਿੱਚ ਭਾਜਪਾ ਦੀ ਮੈਂਬਰਸ਼ਿਪ ਲੈ ਲਈ। ਦੋਵਾਂ ਨੇਤਾਵਾਂ ਨੇ ਪਾਲਾ ਬਦਲਣ ਮਗਰੋਂ ਸਨਾਤਨ ਧਰਮ ਦਾ ਵਿਰੋਧ ਕਰਨ ਲਈ ਕਾਂਗਰਸ ਦੀ ਆਲੋਚਨਾ ਕੀਤੀ।
ਵੱਲਭ ਨੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਲਿਖਿਆ ਅਸਤੀਫ਼ਾ ਪੱਤਰ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਉੱਤੇ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਪਾਰਟੀ ਜਿਸ ਦਿਸ਼ਾਹੀਣ ਢੰਗ ਨਾਲ ਅੱਗੇ ਵਧ ਰਹੀ ਹੈ, ਉਸ ਨੂੰ ਦੇਖ ਕੇ ਉਹ ਸਹਿਜ ਮਹਿਸੂਸ ਨਹੀਂ ਕਰ ਰਹੇ। ਵੱਲਭ ਪਿਛਲੇ ਕਈ ਮਹੀਨਿਆਂ ਤੋਂ ਪਾਰਟੀ ਦੀ ਤਰਫੋਂ ਟੈਲੀਵਿਜ਼ਨ ਪ੍ਰੋਗਰਾਮਾਂ ਵਿਚ ਸ਼ਾਮਲ ਨਹੀਂ ਹੋ ਰਹੇ ਸਨ ਅਤੇ ਲੰਬੇ ਸਮੇਂ ਤੋਂ ਕੋਈ ਪ੍ਰੈੱਸ ਕਾਨਫਰੰਸ ਵੀ ਨਹੀਂ ਕੀਤੀ ਸੀ।
ਵੱਲਭ ਨੇ ਅਸਤੀਫ਼ੇ ਵਿੱਚ ਇਹ ਵੀ ਦਾਅਵਾ ਕੀਤਾ ਕਿ ਮੌਜੂਦਾ ਆਰਥਿਕ ਮਾਮਲਿਆਂ ’ਤੇ ਕਾਂਗਰਸ ਦਾ ਰੁਖ਼ ਹਮੇਸ਼ਾ ‘ਦੌਲਤ ਕਮਾਉਣ ਵਾਲਿਆਂ’ ਨੂੰ ਨੀਵਾਂ ਦਿਖਾਉਣ ਦਾ ਰਿਹਾ ਹੈ ਅਤੇ ਦੇਸ਼ ਵਿੱਚ ਹੋਣ ਵਾਲੇ ਹਰ ਨਿਵੇਸ਼ ’ਤੇ ਪਾਰਟੀ ਦਾ ਨਜ਼ਰੀਆ ਨਾਂਹ-ਪੱਖੀ ਰਿਹਾ ਹੈ। ਉਨ੍ਹਾਂ ਦਾ ਕਿਹਾ ਕਿ ਆਰਥਿਕ ਮੁੱਦਿਆਂ ’ਤੇ ਪਾਰਟੀ ਦੇ ਰੁਖ਼ ਨੂੰ ਲੈ ਕੇ ਵੀ ਉਹ ਘੁਟਣ ਮਹਿਸੂਸ ਕਰ ਰਹੇ ਸੀ। ਭਾਜਪਾ ਵਿਚ ਸ਼ਾਮਲ ਹੋਣ ਮਗਰੋਂ ਵੱਲਭ ਨੇ ਆਰਥਿਕ ਨੀਤੀਆਂ ਨੂੰ ਲੈ ਕੇ ਕਾਂਗਰਸ ’ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਕਾਂਗਰਸ ਨਿੱਜੀਕਰਨ, ਉਦਾਰੀਕਰਨ ਅਤੇ ਵਿਸ਼ਵੀਕਰਨ ਨੂੰ ਭੰਡਦੀ ਹੈ ਜਦਕਿ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਪੀਵੀ ਨਰਸਿਮਹਾ ਰਾਓ ਨੇ ਇਸ ਨੂੰ ਅੱਗੇ ਵਧਾਇਆ ਹੈ। -ਪੀਟੀਆਈ