ਕਾਂਗਰਸ ਨੂੰ ‘ਇੰਡੀਆ’ ਗੱਠਜੋੜ ਦੇ ਨੇਤਾ ਵਜੋਂ ਆਪਣੀ ਥਾਂ ਬਣਾਉਣੀ ਚਾਹੀਦੀ ਹੈ: ਉਮਰ
ਨਵੀਂ ਦਿੱਲੀ, 14 ਦਸੰਬਰ
ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਵਿਰੋਧੀ ਗੱਠਜੋੜ ‘ਇੰਡੀਆ’ ਵਿੱਚ ਕਾਂਗਰਸ ਨੂੰ ਲੈ ਕੇ ਹੋਰ ਮੈਂਬਰ ਪਾਰਟੀਆਂ ਵਿੱਚ ਵਧ ਰਹੇ ਅਸੰਤੋਸ਼ ਨੂੰ ਸਵੀਕਾਰ ਕਰਦਿਆਂ ਕਿਹਾ ਕਿ ਉਸ ਨੂੰ ਗੱਠਜੋੜ ਦੇ ਨੇਤਾ ਵਜੋਂ ਆਪਣੀ ਥਾਂ ਬਣਾਉਣੀ ਚਾਹੀਦੀ ਹੈ ਨਾ ਕਿ ਇਸ ਨੂੰ ਹਲਕੇ ’ਚ ਲੈਣਾ ਚਾਹੀਦਾ ਹੈ। ਅਬਦੁੱਲਾ ਨੇ ਕਾਂਗਰਸ ਦੀ ਪੂਰੇ ਦੇਸ਼ ਵਿੱਚ ਪਹੁੰਚ ਅਤੇ ਸੰਸਦ ਵਿੱਚ ਸਭ ਤੋਂ ਵੱਡੀ ਵਿਰੋਧੀ ਧਿਰ ਵਜੋਂ ਇਸ ਦੀ ਅਹਿਮ ਸਥਿਤੀ ਨੂੰ ਸਵੀਕਾਰ ਕੀਤਾ। ਉਨ੍ਹਾਂ ਨਾਲ ਹੀ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਉਸ ਨੂੰ ਅਗਵਾਈ ਕਰਨੀ ਚਾਹੀਦੀ ਹੈ ਅਤੇ ਇਸ ਨੂੰ ਹਲਕੇ ਵਿੱਚ ਨਹੀਂ ਲਿਆ ਜਾ ਸਕਦਾ।
ਉਨ੍ਹਾਂ ਇਹ ਵੀ ਸੁਝਾਅ ਦਿੱਤਾ ਕਿ ਕਾਂਗਰਸ ਨੂੰ ਜੰਮੂ-ਕਸ਼ਮੀਰ ਵਿੱਚ ਸੂਬੇ ਦਾ ਦਰਜਾ ਬਹਾਲ ਕਰਨ ਦਾ ਮੁੱਦਾ ਉਠਾਉਣਾ ਚਾਹੀਦਾ ਹੈ। ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਦਾ ਅਕਤੂਬਰ ਮਹੀਨੇ ਮੁੱਖ ਮੰਤਰੀ ਬਣਨ ਮਗਰੋਂ ਇਸ ਖ਼ਬਰ ਏਜੰਸੀ ਨੂੰ ਦਿੱਤੀ ਆਪਣੀ ਪਹਿਲੀ ਇੰਟਰਵਿਊ ਵਿੱਚ ਅਬਦੁੱਲਾ ਨੇ ਕਿਹਾ, ‘‘ਸੰਸਦ ’ਚ ਸਭ ਤੋਂ ਵੱਡੀ ਪਾਰਟੀ ਹੋਣ ਤੇ ਲੋਕ ਸਭਾ ਅਤੇ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਦੀ ਜ਼ਿੰਮੇਵਾਰੀ ਸੰਭਾਲਣ ਕਾਰਨ ਉਨ੍ਹਾਂ ਦਾ ਦੇਸ਼ ਵਿੱਚ ਪ੍ਰਭਾਵ ਹੈ, ਜਿਸ ’ਤੇ ਹੋਰ ਕੋਈ ਪਾਰਟੀ ਦਾਅਵਾ ਨਹੀਂ ਕਰ ਸਕਦੀ। ਉਹ ਵਿਰੋਧੀ ਧਿਰ ਦੇ ਅੰਦੋਲਨ ਦੇ ਸੁਭਾਵਕ ਆਗੂ ਹਨ।’’
ਉਨ੍ਹਾਂ ਕਿਹਾ, ‘‘ਇਸ ਦੇ ਬਾਵਜੂਦ ਕੁਝ ਸਹਿਯੋਗੀਆਂ ਪਾਰਟੀਆਂ ਵਿੱਚ ਬੇਚੈਨੀ ਹੈ ਕਿਉਂਕਿ ਉਨ੍ਹਾਂ ਨੂੰ ਜਾਪਦਾ ਹੈ ਕਿ ਕਾਂਗਰਸ ਇਸ (ਲੀਡਰਸ਼ਿੱਪ) ਨੂੰ ਸਾਬਤ ਕਰਨ, ਇਸਨੂੰ ਕਮਾਉਣ ਜਾਂ ਇਸਨੂੰ ਕਾਇਮ ਰੱਖਣ ਲਈ ਜ਼ਿਆਦਾ ਕੰਮ ਨਹੀਂ ਕਰ ਰਹੀ। ਇਹ ਅਜਿਹੀ ਮਾਮਲਾ ਹੈ ਜਿਸ ’ਤੇ ਕਾਂਗਰਸ ਨੂੰ ਵਿਚਾਰ ਕਰਨਾ ਚਾਹੀਦਾ ਹੈ।’’
ਅਬਦੁੱਲਾ ਨੇ ਹਾਲਾਂਕਿ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਦੀ ਤਾਰੀਫ਼ ਕਰਦਿਆਂ ਉਨ੍ਹਾਂ ਨੂੰ ਵਿਰੋਧੀ ਗੱਠਜੋੜ ਵਿਚ ਬੇਮਿਸਾਲ ਕੱਦ ਦੀ ਨੇਤਾ ਕਰਾਰ ਦਿੱਤਾ। ਉਨ੍ਹਾਂ ਕਿਹਾ, ‘‘ਜਦੋਂ ‘ਇੰਡੀਆ’ ਗੱਠਜੋੜ ਵਿੱਚ ਸ਼ਾਮਲ ਪਾਰਟੀਆਂ ਇਕੱਠੀਆਂ ਹੁੰਦੀਆਂ ਹਨ ਤਾਂ ਇਹ ਇੱਕ ਅਹਿਮ ਲੀਡਰ ਦੀ ਭੂਮਿਕਾ ਨਿਭਾਉਂਦੀ ਹੈ।’’ ਉਨ੍ਹਾਂ ਸ਼ਰਦ ਪਵਾਰ ਜਾਂ ਲਾਲੂ ਯਾਦਵ ਵਰਗੇ ਆਗੂਆਂ ਵੱਲੋਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਬਿਹਤਰ ਆਗੂ ਦੱਸਣ ਵਾਲੇ ਬਿਆਨਾਂ ਬਾਰੇ ਪੁੱਛੇ ਗਏ ਸਵਾਲ ਦਾ ਸਿੱਧਾ ਜਵਾਬ ਨਹੀਂ ਦਿੱਤਾ। ਹਾਲਾਂਕਿ, ਉਨ੍ਹਾਂ ‘ਇੰਡੀਆ’ ਗੱਠਜੋੜ ਦੀ ਲਗਾਤਾਰ ਸੰਚਾਰ ਦੀ ਘਾਟ ਨੂੰ ਉਜਾਗਰ ਕੀਤਾ ਅਤੇ ਚਿਤਾਵਨੀ ਦਿੱਤੀ ਕਿ ਸਿਰਫ਼ ਚੋਣਾਂ ਮੌਕੇ ਬਹੁਤ ਜ਼ਿਆਦਾ ਸਰਗਰਮ ਰਹਿਣ ਕਾਰਨ ਗੱਠਜੋੜ ਨੂੰ ਖ਼ਤਰਾ ਪੈਦਾ ਹੋ ਸਕਦਾ ਹੈ। -ਪੀਟੀਆਈ