ਕਾਂਗਰਸ ਨੇ ਝੂਠੇ ਵਾਅਦੇ ਕਰਕੇ ਸੱਤਾ ਹਥਿਆਈ: ਨਾਇਬ ਸੈਣੀ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 19 ਸਤੰਬਰ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਹੈ ਕਾਂਗਰਸ ਨੇ ਹਮੇਸ਼ਾ ਝੂਠੇ ਵਾਅਦੇ ਕਰ ਕੇ ਸੱਤਾ ਹਥਿਆਈ ਪਰ ਸੱਤਾ ਵਿੱਚ ਆਉਣ ਮਗਰੋਂਨ ਲੋਕਾਂ ਨਾਲ ਕੀਤਾ ਕੋਈ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਜੇ ਹਰਿਆਣਾ ਤੇ ਇਸ ਦੇ ਨੌਜਵਾਨਾਂ ਦੇ ਭਵਿੱਖ ਨੂੰ ਬਚਾਉਣਾ ਹੈ ਤਾਂ ਲੋਕਾਂ ਨੂੰ ਕਾਂਗਰਸ ਨੂੰ ਨਕਾਰਨਾ ਹੋਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਦਾ ਕੋਈ ਵੀ ਵਰਗ ਸਰਕਾਰ ਤੋਂ ਖੁਸ਼ ਨਹੀਂ ਜਿਥੇ ਦੋ ਸਾਲ ਪਹਿਲਾਂ ਕਾਂਗਰਸ ਨੇ ਝੂਠੇ ਵਾਅਦਿਆਂ ਦੇ ਆਧਾਰ ’ਤੇ ਸਰਕਾਰ ਬਣਾਈ ਸੀ। ਉਹ ਅੱਜ ਆਪਣੇ ਚੋਣ ਪ੍ਰਚਾਰ ਦੌਰਾਨ ਬਾਬੈਨ ਇਲਾਕੇ ਦੇ ਪਿੰਡ ਬੀੜ ਕਾਲਵਾ, ਸੰਘੋਰ, ਨਖਰੋਜ ਪੁਰ, ਭੁਖੱੜੀ ਆਦਿ ਵਿੱਚ ਚੋਣ ਜਲਸਿਆਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਹੁੱਡਾ ਸਰਕਾਰ ਵੇਲੇ ਵੀ ਨੌਜਵਾਨਾਂ ਨੂੰ ਨੌਕਰੀਆਂ ਲੈਣ ਲਈ ਆਪਣੀਆਂ ਜ਼ਮੀਨਾਂ ਤੇ ਘਰ ਗਿਰਵੀ ਰੱਖਣੇ ਪਏ ਸਨ। ਅੱਜ ਭਾਜਪਾ ਦੀ ਸਰਕਾਰ ਵਿਚ ਗਰੀਬ ਪਰਿਵਾਰ ਦੇ ਨੌਜਵਾਨਾਂ ਨੂੰ ਵੀ ਬਿਨਾਂ ਪਰਚੀ ਤੇ ਖਰਚੀ ਸਰਕਾਰੀ ਨੌਕਰੀਆਂ ਮਿਲ ਰਹੀਆਂ ਹਨ। ਇਸ ਦੌਰਾਨ ਪਿੰਡਾਂ ਵਿੱਚ ਮੁੱਖ ਮੰਤਰੀ ਦਾ ਸਨਮਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਭਲਾਈ ਸਕੀਮਾਂ ਦਾ ਲਾਹਾ ਆਮ ਲੋਕਾਂ ਨੂੰ ਮਿਲ ਰਿਹਾ ਹੈ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਰਾਣਾ, ਮੰਡਲ ਪ੍ਰਧਾਨ ਜਸਵਿੰਦਰ ਜੱਸੀ, ਸਰਪੰਚ ਨੁਮਾਇੰਦੇ ਕੁਲਦੀਪ ਸੈਣੀ, ਸਰਪੰਚ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਜਤਿੰਦਰ ਖਹਿਰਾ, ਦੁਨੀ ਚੰਦ ਟਾਟਕਾ, ਸੌਂਧੀ ਰਾਮ, ਰੋਸ਼ਨ ਲਾਲ, ਪ੍ਰਕਾਸ਼, ਰਤਨ ਲਾਲ, ਅਮਿਤ ਸੈਣੀ ਪੌਂਕੀ ਮੌਜੂਦ ਸਨ।