ਕਾਂਗਰਸੀ ਸਰਪੰਚ ਦੇ ਪੁੱਤ ’ਤੇ ਹਥੌੜੇ ਨਾਲ ਹਮਲਾ
ਖੇਤਰੀ ਪ੍ਰਤੀਨਿਧ
ਪਟਿਆਲਾ, 29 ਦਸੰਬਰ
ਵਿਧਾਨ ਸਭਾ ਹਲਕਾ ਪਟਿਆਲਾ ਦਿਹਾਤੀ ਅਧੀਨ ਪੈਂਦੇ ਇੱਥੋਂ ਨਜ਼ਦੀਕ ਹੀ ਸਰਹਿੰਦ ਰੋਡ ’ਤੇ ਪੈਂਦੇ ਪਿੰਡ ਨਵਾਂ ਬਾਰਨ ਦੇ ਕਾਂਗਰਸੀ ਸਰਪੰਚ ਰਾਮ ਸਿੰਘ ਦੇ ਲੜਕੇ ਨਰਿੰਦਰ ਸਿੰਘ (27) ’ਤੇ ਕੁਝ ਵਿਅਕਤੀਆਂ ਵੱਲੋਂ ਜਾਨਲੇਵਾ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਗੰਭੀਰ ਜ਼ਖਮੀ ਹੋਏ ਪੀੜਤ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਸਰਪੰਚ ਰਾਮ ਸਿੰਘ ਅਨੁਸਾਰ ਨਰਿੰਦਰ ਸਿੰਘ ਜਦੋਂ ਅੱਜ ਸਵੇਰੇ ਆਪਣੇ ਘਰ ਨਜ਼ਦੀਕ ਹੀ ਸਥਿਤ ਦੁਕਾਨ ਦੀ ਸਫਾਈ ਕਰ ਰਿਹਾ ਸੀ, ਤਾਂ ਧੁੰਦ ਦਾ ਫਾਇਦਾ ਉਠਾਉਂਦਿਆਂ ਇਕ ਨਕਾਬਪੋਸ਼ ਦੁਕਾਨ ਦੇ ਅੰਦਰ ਆ ਵੜਿਆ ਅਤੇ ਉਸ ਨੇ ਨਰਿੰਦਰ ’ਤੇ ਹਥੌੜੇ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਗੰਭੀਰ ਰੂਪ ’ਚ ਜ਼ਖਮੀ ਹੋਏ ਨਰਿੰਦਰ ਸਿੰਘ ਨੂੰ ਤੁਰੰਤ ਹੀ ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਲਿਆਂਦਾ ਗਿਆ,ਜਿੱਥੇ ਉਸ ਦਾ ਇਲਾਜ ਜਾਰੀ ਹੈ। ਉਸ ਦੇ ਸਿਰ ’ਚ ਕਈ ਟਾਂਕੇ ਲੱੱਗੇ ਹਨ।
ਸਰਪੰਚ ਨੇ ਹੋਰ ਦੱਸਿਆ ਕਿ ਭਾਵੇਂ ਸ਼ਨਾਖਤ ਤੋਂ ਬਚਣ ਲਈ ਹਮਲਾਵਰ ਨੇ ਮੂੰਹ ’ਤੇ ਨਕਾਬ ਪਹਿਨਿਆ ਹੋਇਆ ਸੀ, ਪਰ ਉਸ ਦੇ ਲੜਕੇ ਨੇ ਉਸ ਨੂੰ ਪਹਿਚਾਣ ਲਿਆ। ਉਨ੍ਹਾਂ ਦੀ ਰਿਹਾਇਸ਼ ਨੇੜੇ ਰਹਿੰਦੇ ਇੱਕ ਵਿਅਕਤੀ ਵੱਲੋਂ ਹੀ ਹਮਲਾ ਕੀਤਾ ਗਿਆ ਹੈ। ਹਮਲੇ ਦੀ ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਈ। ਉਨ੍ਹਾਂ ਦੱਸਿਆ ਕਿ ਨਰਿੰਦਰ ਸਿੰਘ ਦੇ ਸਿਰ ਵਿਚ ਕਈ ਟਾਂਕੇ ਲੱਗੇ ਹਨ ਪਰ ਸਿਰ ਦੀ ਸੱਟ ਕਾਰਨਂ ਉਸ ਦੀ ਹਾਲਤ ਅਜੇ ਗੰਭੀਰ ਬਣੀ ਹੋਈ ਹੈ।
ਉਧਰ ਇਸ ਸਬੰਧੀ ਸੰਪਰਕ ਕਰਨ ’ਤੇ ਇਲਾਕੇ ਦੇ ਡੀਐੱਸਪੀ ਸਿਟੀ 2 ਜਸਵਿੰਦਰ ਸਿੰਘ ਟਿਵਾਣਾ ਦਾ ਕਹਿਣਾ ਸੀ ਕਿ ਦੀ ਇਸ ਘਟਨਾ ਬਾਬਤ ਥਾਣਾ ਨਵੀ ਅਨਾਜ ਮੰਡੀ ਪਟਿਆਲਾ ਵਿਖੇ ਕੇਸ ਦਰਜ ਕਰਕੇ ਪੁਲੀਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ। ਇਸੇ ਦੌਰਾਨ ਡਾ.ਅੰਬੇਡਕਰ ਕਿਰਤੀ ਮਜ਼ਦੂਰ ਸੰਘ ਪੰਜਾਬ ਦੇ ਸੂਬਾਈ ਪ੍ਰਧਾਨ ਡਾ. ਜਤਿੰਦਰ ਸਿੰਘ ਮੱਟੂ ਅਤੇ ਦਲਿਤਾਂ ਦੇ ਕੇਸਾਂ ਦੀ ਪੈਰਵੀ ਕਰਨ ਵਾਲ਼ੇ ਪਰਮਜੀਤ ਸਿੰਘ ਕੈਂਥ ਸਮੇਤ ਕਈ ਹੋਰਨਾ ਨੇ ਦਲਿਤ ਸਮਾਜ ਨਾਲ ਸਬੰਧਿਤ ਸਰਪੰਚ ਰਾਮ ਸਿੰਘ ਦੇ ਬੇਟੇ ’ਤੇ ਹੋਏ ਇਸ ਹਮਲੇ ਦੀ ਘਟਨਾ ਦੀ ਨਿੰਦਾ ਕੀਤੀ ਹੈ।