Video: ਕਾਂਗਰਸ ਨੇ ਕੀਤੀ ਹਰਿਆਣਾ ਚੋਣਾਂ ਦੇ ‘ਅਣਕਿਆਸੇ’ ਨਤੀਜਿਆਂ ਦੀ ਸਮੀਖਿਆ
ਨਵੀਂ ਦਿੱਲੀ, 10 ਅਕਤੂਬਰ
Congress Review Meeting on Haryana Poll Results: ਹਰਿਆਣਾ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੀ ਹਾਰ ਤੋਂ ਬਾਅਦ ਕਾਂਗਰਸ ਦੇ ਚੋਟੀ ਦੇ ਆਗੂਆਂ ਨੇ ਵੀਰਵਾਰ ਨੂੰ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਅਗਵਾਈ ਹੇਠ ਇਕ ਸਮੀਖਿਆ ਮੀਟਿੰਗ ਕਰ ਕੇ ਚੋਣ ਨਤੀਜਿਆਂ ਦਾ ਜਾਇਜ਼ਾ ਲਿਆ ਅਤੇ ਇਸ ‘ਅਣਕਿਆਸੀ’ ਹਾਰ ਦੇ ਕਾਰਨਾਂ ਬਾਰੇ ਵਿਚਾਰ-ਚਰਚਾ ਕੀਤੀ। ਮੀਟਿੰਗ ਖੜਗੇ ਦੀ ਰਿਹਾਇਸ਼ 10, ਰਾਜਾਜੀ ਮਾਰਗ ਵਿਖੇ ਹੋਈ।
ਦੱਸਿਆ ਜਾਂਦਾ ਹੈ ਕਿ ਇਸ ਦੌਰਾਨ ਰਾਹੁਲ ਗਾਂਧੀ ਹਰਿਆਣਾ ਦੇ ਕਾਂਗਰਸੀਆਂ ਤੋਂ ਕਾਫ਼ੀ ਨਾਰਾਜ਼ ਦਿਖਾਈ ਦਿੱਤੇ। ਉਨ੍ਹਾਂ ਕਿਹਾ ਕਿ ਪਾਰਟੀ ਆਗੂਆਂ ਨੇ ਜਿੱਤ ਤੇ ਪਾਰਟੀ ਹਿੱਤਾਂ ਨਾਲੋਂ ਆਪਣੇ ਜ਼ਾਤੀ ਹਿੱਤਾਂ ਨੂੰ ਜ਼ਿਆਦਾ ਤਰਜੀਹ ਦਿੱਤੀ। ਪਾਰਟੀ ਨੇ ਹਾਰ ਲਈ ‘ਚੋਣ ਕਮਿਸ਼ਨ’ ਉਤੇ ਵੀ ਦੋਸ਼ ਲਾਏ ਹਨ।
ਮੀਟਿੰਗ ਵਿਚ ਕਾਂਗਰਸ ਪ੍ਰਧਾਨ ਖੜਗੇ, ਸਾਬਕਾ ਪ੍ਰਧਾਨ ਰਾਹੁਲ ਗਾਂਧੀ, ਕੁੱਲ ਹਿੰਦ ਕਾਂਗਰਸ ਕਮੇਟੀ (ਏਆਈਸੀਸੀ) ਦੇ ਜਨਰਲ ਸਕੱਤਰ ਜਥੇਬੰਦਕ ਕੇਸੀ ਵੇਣੂਗੋਪਾਲ, ਚੋਣਾਂ ਲਈ ਪਾਰਟੀ ਦੇ ਅਬਜ਼ਰਵਰ ਅਸ਼ੋਕ ਗਹਿਲੋਤ ਤੇ ਅਜੇ ਮਾਕਨ ਅਤੇ ਸੂਬੇ ਲਈ ਏਆਈਸੀਸੀ ਦੇ ਸਕੱਤਰ ਸ਼ਾਮਲ ਹੋਏ। ਕਾਂਗਰਸ ਦੇ ਹਰਿਆਣਾ ਮਾਮਲਿਆਂ ਦੇ ਇੰਚਾਰਜ ਦੀਪਕ ਬਾਬਰੀਆ ਨੇ ਮੀਟਿੰਗ ਵਿਚ ਆਨਲਾਈਨ ਢੰਗ ਨਾਲ ਸ਼ਿਰਕਤ ਕੀਤੀ।
ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲ ਕਰਦਿਆਂ ਅਜੇ ਮਾਕਨ ਨੇ ਕਿਹਾ, ‘‘ਅਸੀਂ ਹਰਿਆਣਾ ਦੇ ਚੋਣ ਨਤੀਜਿਆਂ ’ਤੇ ਸਮੀਖਿਆ ਮੀਟਿੰਗ ਕੀਤੀ ਹੈ। ਜਿਵੇਂ ਤੁਸੀਂ ਸਾਰੇ ਜਾਣਦੇ ਹੀ ਹੋ, ਜੋ ਐਗਜ਼ਿਟ ਪੋਲਜ਼ ਤੇ ਚੋਣ ਸਰਵੇਖਣਾਂ ਨੇ ਦਿਖਾਇਆ, ਨਤੀਜੇ ਉਸ ਮੁਤਾਬਕ ਅਣਕਿਆਸੇ ਰਹੇ ਹਨ। ਐਗਜ਼ਿਟ ਪੋਲਜ਼ ਤੇ ਅਸਲ ਨਤੀਜਿਆਂ ਵਿਚ ਭਾਰੀ ਫ਼ਰਕ ਸੀ।’’
आज कांग्रेस अध्यक्ष श्री @kharge, नेता विपक्ष श्री @RahulGandhi, संगठन महासचिव श्री @kcvenugopalmp, ऑब्जर्वर्स श्री @ashokgehlot51 और मैंने, श्री @BabariaDeepak और कांग्रेस सचिवों ने हरियाणा चुनाव की समीक्षा की।
सभी जानते हैं कि हरियाणा चुनाव के नतीजे अप्रत्याशित थे। चुनाव के… pic.twitter.com/sbIF0I989o
— Congress (@INCIndia) October 10, 2024
ਉਨ੍ਹਾਂ ਕਿਹਾ, ‘‘ਅਸੀਂ ਇਸ ਬਾਰੇ ਚਰਚਾ ਕੀਤੀ, ਇਹ ਵੀ ਘੋਖਿਆ ਕਿ ਇਸ ਦੇ ਕੀ ਕਾਰਨ ਹੋ ਸਕਦੇ ਹਨ। ਅਸੀਂ ਇਸ ਮਾਮਲੇ ਉਤੇ ਢੁਕਵੇਂ ਕਦਮ ਚੁੱਕਾਂਗੇ।... ਹਾਰ ਦੇ ਕਈ ਕਾਰਨ ਹਨ, ਚੋਣ ਕਮਿਸ਼ਨ ਤੋਂ ਲੈ ਕੇ ਅੰਦਰੂਨੀ ਮਤਭੇਦਾਂ ਤੱਕ, ਜਿਨ੍ਹਾਂ ਸਾਰਿਆਂ ਉਤੇ ਅਸੀਂ ਚਰਚਾ ਕੀਤੀ ਹੈ ਅਤੇ ਭਵਿੱਖ ਵਿਚ ਹੋਰ ਚਰਚਾ ਕਰਾਂਗੇ ਕਿਉਂਕਿ ਇਹ ਬਹੁਤ ਵੱਡਾ ਝਟਕਾ ਹੈ...।’’
ਮੀਟਿੰਗ ਵਿਚ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਿਸੰਘ ਹੁੱਡਾ ਅਤੇ ਏਆਈਸੀਸੀ ਜਨਰਲ ਸਕੱਤਰ ਕੁਮਾਰੀ ਸ਼ੈਲਜਾ ਦੇ ਨਾ ਪੁੱਜਣ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਜਿਨ੍ਹਾਂ ਆਗੂਆਂ ਨੂੰ ਮੀਟਿੰਗ ਲਈ ਸੱਦਿਆ ਗਿਆ ਸੀ, ਉਹ ਸਾਰੇ ਇਸ ਵਿਚ ਸ਼ਾਮਲ ਹੋਏ। -ਏਜੰਸੀਆਂ