ਕਾਂਗਰਸ ਵੱਲੋਂ ਸਰਕਾਰ ਬਣਨ ’ਤੇ ਔਰਤਾਂ ਨੂੰ 2500 ਰੁਪਏ ਦੇਣ ਦਾ ਵਾਅਦਾ
ਪੱਤਰ ਪ੍ਰੇਰਕ
ਨਵੀਂ ਦਿੱਲੀ, 6 ਜਨਵਰੀ
ਕਾਂਗਰਸ ਪਾਰਟੀ ਨੇ ਅੱਜ ‘ਪਿਆਰੀ ਦੀਦੀ’ ਯੋਜਨਾ ਦਾ ਐਲਾਨ ਕੀਤਾ, ਜਿਸ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਸੱਤਾ ਵਿੱਚ ਚੁਣੇ ਜਾਣ ’ਤੇ ਦਿੱਲੀ ਦੀ ਹਰੇਕ ਔਰਤ ਨੂੰ 2,500 ਰੁਪਏ ਮਹੀਨਾ ਵਿੱਤੀ ਸਹਾਇਤਾ ਦੇਣ ਦਾ ਵਾਅਦਾ ਕੀਤਾ ਗਿਆ। ਇਸ ਦੌਰਾਨ ਕਰਨਾਟਕ ਦੇ ਉਪ ਮੁੱਖ ਮੰਤਰੀ ਡੀਕੇ ਸ਼ਿਵਕੁਮਾਰ ਨੇ ਇਸ ਸਕੀਮ ਦੀ ਸ਼ੁਰੂਆਤ ਕੀਤੀ ਅਤੇ ਚੋਣਾਂ ਵਿੱਚ ਕਾਂਗਰਸ ਦੀਆਂ ਸੰਭਾਵਨਾਵਾਂ ਬਾਰੇ ਸਹਿਮਤੀ ਪ੍ਰਗਟਾਈ।
ਸ਼ਿਵਕੁਮਾਰ ਨੇ ਆਪਣੇ ਗ੍ਰਹਿ ਰਾਜ ਵਿੱਚ ਸ਼ੁਰੂ ਕੀਤੀ ਅਜਿਹੀ ਹੀ ਪਹਿਲਕਦਮੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਸੀਂ ਸਰਕਾਰ ਬਣਦੇ ਹੀ ਇਸ ਸਕੀਮ ਨੂੰ ਲਾਗੂ ਕਰਾਂਗੇ ਅਤੇ ਔਰਤਾਂ ਨੂੰ 2,500 ਰੁਪਏ ਦਿੱਤੇ ਜਾਣਗੇ, ਜਿਵੇਂ ਕਿ ਅਸੀਂ ਕਰਨਾਟਕ
ਵਿੱਚ ਕੀਤਾ ਸੀ। ਇਹ ਐਲਾਨ ਦਿੱਲੀ ਕਾਂਗਰਸ ਦੇ ਪ੍ਰਧਾਨ ਦੇਵੇਂਦਰ ਯਾਦਵ, ਪਾਰਟੀ ਦੇ ਦਿੱਲੀ ਇੰਚਾਰਜ ਕਾਜ਼ੀ ਨਿਜ਼ਾਮੂਦੀਨ ਅਤੇ ਹੋਰ ਸੀਨੀਅਰ ਆਗੂਆਂ ਦੀ ਮੌਜੂਦਗੀ ਵਿੱਚ ਕੀਤਾ ਗਿਆ।
ਇਸ ਕਦਮ ਨੂੰ ਮਹਿਲਾ ਵੋਟਰਾਂ ਨੂੰ ਆਪਣੇ ਵੱਲ ਕਰਨ ਦੇ ਯਤਨ ਵਜੋਂ ਦੇਖਿਆ ਜਾ ਰਿਹਾ ਹੈ, ਜੋ ਕਿ ਆਉਣ ਵਾਲੀਆਂ ਚੋਣਾਂ ਵਿੱਚ ਇੱਕ ਵੱਡਾ ਵੋਟ ਬੈਂਕ ਹੈ। ਕਾਂਗਰਸ ਦਾ ਇਹ ਐਲਾਨ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ‘ਆਪ’ ਮੁਖੀ ਅਰਵਿੰਦ ਕੇਜਰੀਵਾਲ ਵੱਲੋਂ ਮੁੱਖ ਮੰਤਰੀ ਮਹਿਲਾ ਸਨਮਾਨ ਯੋਜਨਾ ਤਹਿਤ ਵਿੱਤੀ ਸਹਾਇਤਾ ਵਧਾਉਣ ਦੇ ਇਸੇ ਤਰ੍ਹਾਂ ਦੇ ਵਾਅਦੇ ਦੇ ਮੱਦੇਨਜ਼ਰ ਆਇਆ ਹੈ। ਕੇਜਰੀਵਾਲ ਨੇ ਔਰਤਾਂ ਲਈ ਮਾਸਿਕ ਸਹਾਇਤਾ 1,000 ਰੁਪਏ ਤੋਂ ਵਧਾ ਕੇ 2,100 ਰੁਪਏ ਕਰਨ ਦੀ ਤਜਵੀਜ਼ ਰੱਖੀ ਹੈ, ਪਰ ਸਪੱਸ਼ਟ ਕੀਤਾ ਕਿ ਇਹ ਫੰਡ ਚੋਣਾਂ ਤੋਂ ਬਾਅਦ ਹੀ ਵੰਡੇ ਜਾਣਗੇ। ‘ਆਪ’ ਦੇ ਅਨੁਸਾਰ ਇਸ ਪਹਿਲ ਨਾਲ ਰਾਜਧਾਨੀ ਵਿੱਚ 22 ਲੱਖ ਤੋਂ ਵੱਧ ਔਰਤਾਂ ਨੂੰ ਲਾਭ ਹੋਣ ਦੀ ਉਮੀਦ ਹੈ।