ਕਾਂਗਰਸ ਪ੍ਰਧਾਨ ਰਿਮੋਟ ਨਾਲ ਚੱਲਦੈ: ਮੋਦੀ
ਦਮੋਹ/ਮੋਰੈਨਾ(ਮੱਧ ਪ੍ਰਦੇਸ਼), 8 ਨਵੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਰਿਮੋਟ ਨਾਲ ਕੰਟਰੋਲ ਕੀਤਾ ਜਾਂਦਾ ਹੈ। ਉਨ੍ਹਾਂ ‘ਇਕ ਰੈਂਕ ਇਕ ਪੈਨਸ਼ਨ’ ਸਕੀਮ ਲਾਗੂ ਨਾ ਕਰਨ ਲਈ ਵੀ ਕਾਂਗਰਸ ਨੂੰ ਘੇਰਿਆ। ਉਨ੍ਹਾ ਕਿਹਾ ਕਿ ਕਾਂਗਰਸ ਤਾਂ ਮੁਫ਼ਤ ਰਾਸ਼ਨ ਸਕੀਮ ’ਚ ਵਾਧੇ ਦੇ ਕੇਂਦਰ ਸਰਕਾਰ ਦੇ ਫੈਸਲੇ ਬਾਰੇ ਵੀ ਚੋਣ ਕਮਿਸ਼ਨ ਨੂੰ ਸ਼ਿਕਾਇਤਾਂ ਕਰ ਰਹੀ ਹੈ।
ਸ੍ਰੀ ਮੋਦੀ ਨੇ ਕਿਹਾ, ‘‘ਉਹ (ਖੜਗੇ) ਬਹੁਤਾ ਕੁਝ ਨਹੀਂ ਕਰ ਸਕਦੇ। ਜਦੋਂ ਰਿਮੋਟ ਕੰਮ ਕਰਦਾ ਹੈ ਤਾਂ ਉਹ ਸਨਾਤਨ ਧਰਮ ਨੂੰ ਗਾਲ੍ਹਾਂ ਕੱਢਦੇ ਹਨ। ਲੰਘੇ ਦਿਨ ਜਦੋਂ ਰਿਮੋਟ ਨਹੀਂ ਚੱਲ ਰਿਹਾ ਸੀ ਤਾਂ ਉਨ੍ਹਾਂ ਪਾਂਡਵਾਂ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਭਾਜਪਾ ਵਿਚ ਪੰਜ ਪਾਂਡਵ ਹਨ। ਸਾਨੂੰ ਮਾਣ ਹੈ ਕਿ ਅਸੀਂ ਪਾਂਡਵਾਂ ਵੱਲੋਂ ਬਣਾਏ ਰਾਹ ’ਤੇ ਚੱਲ ਰਹੇ ਹਾਂ।’’
ਚੇਤੇ ਰਹੇ ਕਿ ਕਾਂਗਰਸ ਪ੍ਰਧਾਨ ਖੜਗੇ ਨੇ ਮੰਗਲਵਾਰ ਨੂੰ ਮੱਧ ਪ੍ਰਦੇਸ਼ ਵਿਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਤੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੇ ਨਾਲ ਈਡੀ, ਸੀਬੀਆਈ ਤੇ ਆਮਦਨ ਕਰ ਨੂੰ ਭਾਜਪਾ ਦੇ ‘ਪੰਜ ਪਾਂਡਵ’ ਦੱਸਿਆ ਸੀ। ਸ੍ਰੀ ਮੋਦੀ ਨੇ ਅੱਜ ਖੜਗੇ ਦੀਆਂ ਇਨ੍ਹਾਂ ਟਿੱਪਣੀਆਂ ਦੇ ਜਵਾਬ ਵਿੱਚ ਕਿਹਾ, ‘‘ਕਾਂਗਰਸ ਦੀ ਰਿਮੋਟ ਕੰਟਰੋਲ ਦੀ ਆਦਤ ਨਹੀਂ ਜਾਂਦੀ। ਪਹਿਲਾਂ ਪ੍ਰਧਾਨ ਮੰਤਰੀ ਨੂੰ ਰਿਮੋਟ ਨਾਲ ਕੰਟਰੋਲ ਕੀਤਾ ਜਾਂਦਾ ਸੀ। ਹੁਣ ਕਾਂਗਰਸ ਪ੍ਰਧਾਨ ਨੂੰ ਰਿਮੋਟ ਨਾਲ ਚਲਾਇਆ ਜਾ ਰਿਹੈ।’’ ਪ੍ਰਧਾਨ ਮੰਤਰੀ ਨੇ ਕਿਹਾ, ‘‘ਕਾਂਗਰਸ ਪ੍ਰਧਾਨ ਸੀਨੀਅਰ ਵਿਅਕਤੀਆਂ ਵਿਚੋਂ ਇਕ ਹੈ। ਉਹ ਮੇਰੇ ਚੰਗੇ ਦੋਸਤ ਵੀ ਹਨ। ਪਰ ਅੱਜ ਉਨ੍ਹਾਂ ਦੀ ਜੋ ਹਾਲਤ ਕੀਤੀ ਹੈ, ਉਹ ਕੁਝ ਨਹੀਂ ਕਰ ਸਕਦੇ।’’ ਇਸ ਦੌਰਾਨ ਮੱਧ ਪ੍ਰਦੇਸ਼ ਦੇ ਹੀ ਮੋਰੈਨਾ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਾਂਗਰਸ ’ਤੇ ਸੁਰੱਖਿਆ ਬਲਾਂ ਲਈ ਬਣੀ ‘ਇਕ ਰੈਂਕ ਇਕ ਪੈਨਸ਼ਨ’ ਸਕੀਮ ਨੂੰ ਲਾਗੂ ਕਰਨ ਤੋਂ ਹੱਥ ਪਿਛਾਂਹ ਖਿੱਚਣ ਦਾ ਦੋਸ਼ ਲਾਇਆ।
ਸ੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਹੀ ਇਸ ਸਕੀਮ ਨੂੰ ਸਿਰੇ ਲਾਇਆ ਤੇ ਹੁਣ ਤੱਕ ਯੋਗ ਸੇਵਾਮੁਕਤ ਫੌਜੀਆਂ ਦੇ ਬੈਂਕ ਖਾਤਿਆਂ ਵਿੱਚ 70,000 ਕਰੋੜ ਰੁਪਏ ਦੀ ਰਾਸ਼ੀ ਜਮ੍ਹਾਂ ਕੀਤੀ ਜਾ ਚੁੱਕੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸ ਮੁਫ਼ਤ ਰਾਸ਼ਨ ਸਕੀਮ ਵਿੱਚ ਵਾਧੇ ਦੀ ਸ਼ਿਕਾਇਤ ਚੋਣ ਕਮਿਸ਼ਨ ਨੂੰ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ, ‘‘ਕਾਂਗਰਸ ਨੂੰ ਇਹ ਪਾਪ ਕਰਨ ਦਿਓ। ਮੈਂ ਲੋਕਾਂ ਲਈ ਚੰਗਾ ਕੰਮ ਕਰਨਾ ਜਾਰੀ ਰੱਖਾਂਗਾ।’’ -ਪੀਟੀਆਈ