ਕਾਂਗਰਸ ਪ੍ਰਧਾਨ ਖੜਗੇ ਵੱਲੋਂ ਭਾਜਪਾ ਦਹਿਸ਼ਤਗਰਦਾਂ ਦੀ ਪਾਰਟੀ ਕਰਾਰ
ਕਲਬੁਰਗੀ, 12 ਅਕਤੂਬਰ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨਾਂ ਦਾ ਮੋੜਵਾਂ ਜਵਾਬ ਦਿੰਦਿਆਂ ਭਾਜਪਾ ਨੂੰ ਦਹਿਸ਼ਤਗਰਦਾਂ ਦੀ ਪਾਰਟੀ ਕਰਾਰ ਦਿੱਤਾ ਹੈ। ਮੋਦੀ ਨੇ ਆਪਣੇ ਭਾਸ਼ਨਾਂ ’ਚ ਕਿਹਾ ਸੀ ਕਿ ਕਾਂਗਰਸ ਨੂੰ ਅਰਬਨ ਨਕਸਲੀਆਂ ਦੇ ਗਰੋਹ ਵੱਲੋਂ ਚਲਾਇਆ ਜਾ ਰਿਹਾ ਹੈ। ਖੜਗੇ ਨੇ ਕਿਹਾ ਕਿ ਮੋਦੀ ਹਮੇਸ਼ਾ ਅਰਬਨ ਨਕਸਲੀਆਂ ਦਾ ਸ਼ੋਰ ਪਾਉਂਦੇ ਸਨ ਪਰ ਕੁਝ ਸਮੇਂ ਦੀ ਖਾਮੋਸ਼ੀ ਮਗਰੋਂ ਹੁਣ ਉਹ ਦੁਬਾਰਾ ਇਹੋ ਰਾਗ ਅਲਾਪਣ ਲੱਗ ਪਏ ਹਨ। ਉਨ੍ਹਾਂ ਕਿਹਾ, ‘‘ਮੋਦੀ ਬੁੱਧੀਜੀਵੀਆਂ ਅਤੇ ਪ੍ਰਗਤੀਵਾਦੀ ਲੋਕਾਂ ਨੂੰ ਅਰਬਨ ਨਕਸਲੀ ਆਖਦੇ ਹਨ। ਹੁਣ ਉਹ ਕਾਂਗਰਸ ਨੂੰ ਵੀ ਅਰਬਨ ਨਕਸਲੀ ਆਖਣ ਲੱਗ ਪਏ ਹਨ। ਇਹ ਉਨ੍ਹਾਂ ਦੀ ਆਦਤ ਬਣ ਗਈ ਹੈ।’’
ਖੜਗੇ ਨੇ ਭਗਵਾ ਪਾਰਟੀ ’ਤੇ ਐੱਸਸੀ/ਐੱਸਟੀਜ਼ ਖ਼ਿਲਾਫ਼ ਵਧੀਕੀਆਂ ਕਰਨ ਅਤੇ ਹਜੂਮੀ ਹਿੰਸਾ ਰਾਹੀਂ ਲੋਕਾਂ ਨੂੰ ਕੁੱਟਣ ’ਤੇ ਜਾਨੋਂ ਮਾਰਨ ਦੇ ਦੋਸ਼ ਵੀ ਲਾਏ ਹਨ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖੜਗੇ ਨੇ ਕਿਹਾ, ‘ਮੋਦੀ ਦੀ ਆਪਣੀ ਪਾਰਟੀ ਦਹਿਸ਼ਤਗਰਦਾਂ ਦੀ ਪਾਰਟੀ ਹੈ। ਉਨ੍ਹਾਂ ਦੀ ਪਾਰਟੀ ਦੇ ਆਗੂ ਹਜੂਮੀ ਹਿੰਸਾ, ਲੋਕਾਂ ਨੂੰ ਕੁੱਟਣ, ਦਲਿਤਾਂ ਦੇ ਮੂੰਹ ’ਚ ਪਿਸ਼ਾਬ ਕਰਨ ਅਤੇ ਆਦਿਵਾਸੀਆਂ ਦੇ ਜਬਰ-ਜਨਾਹ ਜਿਹੇ ਦੋਸ਼ਾਂ ’ਚ ਘਿਰੇ ਹੋਏ ਹਨ। ਉਹ ਅਜਿਹੀਆਂ ਹਰਕਤਾਂ ਕਰਨ ਵਾਲਿਆਂ ਦੀ ਹਮਾਇਤ ਕਰਦੇ ਹਨ ਅਤੇ ਦੂਜਿਆਂ ’ਤੇ ਦੋਸ਼ ਮੜ੍ਹ ਦਿੰਦੇ ਹਨ। ਭਾਜਪਾ ਸਰਕਾਰਾਂ ’ਚ ਇਹ ਘਟਨਾਵਾਂ ਵਾਪਰ ਰਹੀਆਂ ਹਨ ਪਰ ਮੋਦੀ ਦੀ ਆਦਤ ਬਣ ਗਈ ਹੈ ਕਿ ਉਹ ਦੇਸ਼ ਅਤੇ ਲੋਕਾਂ ਬਾਰੇ ਬੋਲਣ ਦੀ ਬਜਾਏ ਕਾਂਗਰਸ ਨੂੰ ਭੰਡਦੇ ਰਹਿੰਦੇ ਹਨ।’ ਖੜਗੇ ਦੇ ਬਿਆਨ ਦੀ ਨਿਖੇਧੀ ਕਰਦਿਆਂ ਕਰਨਾਟਕ ਦੇ ਭਾਜਪਾ ਆਗੂ ਅਤੇ ਐੱਮਐੱਲਸੀ ਰਵੀਕੁਮਾਰ ਨੇ ਚੁਣੌਤੀ ਦਿੱਤੀ ਕਿ ਦਹਿਸ਼ਤਗਰਦਾਂ ਦੇ ਹਮਾਇਤੀਆਂ ਬਾਰੇ ਸਰਵੇਖਣ ਅਤੇ ਬਹਿਸ ਕਰਵਾ ਲਈ ਜਾਵੇ। ਉਨ੍ਹਾਂ ਕਿਹਾ ਕਿ ਕਾਂਗਰਸ ਇਕ ਖਾਸ ਫਿਰਕੇ ਨੂੰ ਖੁਸ਼ ਕਰਨ ’ਚ ਅਸਿੱਧੇ ਤੌਰ ’ਤੇ ਸ਼ਾਮਲ ਰਹੀ ਹੈ। ਉਨ੍ਹਾਂ ਕਿਹਾ ਕਿ ਨਕਸਲੀਆਂ ਅਤੇ ਦਹਿਸ਼ਤਗਰਦਾਂ ਬਾਰੇ ਕਾਂਗਰਸ ਦੀ ਕੋਈ ਸਪੱਸ਼ਟ ਨੀਤੀ ਨਹੀਂ ਹੈ। -ਪੀਟੀਆਈ