For the best experience, open
https://m.punjabitribuneonline.com
on your mobile browser.
Advertisement

ਕਾਂਗਰਸ ਗ਼ਰੀਬ ਅਤੇ ਲੋਕ ਹਿਤੈਸ਼ੀ ਪਾਰਟੀ: ਅਰੁਣਾ ਚੌਧਰੀ

10:51 AM May 24, 2024 IST
ਕਾਂਗਰਸ ਗ਼ਰੀਬ ਅਤੇ ਲੋਕ ਹਿਤੈਸ਼ੀ ਪਾਰਟੀ  ਅਰੁਣਾ ਚੌਧਰੀ
ਪਿੰਡ ਜੱਟੂਵਾਲ ’ਚ ਚੋਣ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਵਿਧਾਇਕਾ ਅਰੁਣਾ ਚੌਧਰੀ।
Advertisement

ਸਰਬਜੀਤ ਸਾਗਰ
ਦੀਨਾਨਗਰ, 23 ਮਈ
ਵਿਧਾਇਕਾ ਅਰੁਣਾ ਚੌਧਰੀ ਨੇ ਕਾਂਗਰਸ ਨੂੰ ਗ਼ਰੀਬ ਤੇ ਲੋਕ ਹਿਤੈਸ਼ੀ ਪਾਰਟੀ ਕਰਾਰ ਦਿੰਦਿਆਂ ਦਾਅਵਾ ਕੀਤਾ ਕਿ ਦੇਸ਼ ਤੇ ਪੰਜਾਬ ਅੰਦਰ ਜਦੋਂ ਵੀ ਕਾਂਗਰਸ ਨੇ ਸੱਤਾ ਸੰਭਾਲੀ ਹੈ ਤਾਂ ਸਭ ਤੋਂ ਪਹਿਲਾਂ ਗਰੀਬਾਂ ਤੇ ਆਮ ਲੋਕਾਂ ਦੇ ਹਿੱਤ ਵਿੱਚ ਫ਼ੈਸਲੇ ਲਏ ਗਏ ਹਨ। ਉਨ੍ਹਾਂ ਪਿੰਡ ਗਾਜੀਕੋਟ, ਜੱਟੂਵਾਲ ਅਤੇ ਤਾਲਿਬਪੁਰ ਪੰਡੋਰੀ ਵਿੱਚ ਚੋਣ ਮੀਟਿੰਗਾਂ ਦੌਰਾਨ ਅਪੀਲ ਕੀਤੀ ਕਿ ਉਹ ਚੋਣਾਂ ਵਿੱਚ ਕਾਂਗਰਸ ਨੂੰ ਅੱਗੇ ਲੈ ਕੇ ਆਉਣ ਤਾਂ ਜੋ ਇੱਕ ਵਾਰ ਮੁੜ ਤੋਂ ਗਰੀਬਾਂ, ਮਜ਼ਦੂਰਾਂ ਤੇ ਕਿਸਾਨਾਂ ਦੀ ਗੱਲ ਹੋ ਸਕੇ ਤੇ ਉਨ੍ਹਾਂ ਦੇ ਹਿੱਤ ਵਿੱਚ ਲਾਭਦਾਇਕ ਸਕੀਮਾਂ ਚਲਾਈਆਂ ਜਾ ਸਕਣ। ਸਾਬਕਾ ਕੈਬਨਿਟ ਮੰਤਰੀ ਅਰੁਣਾ ਚੌਧਰੀ ਨੇ ਕਾਂਗਰਸੀ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਲਈ ਵੋਟਾਂ ਮੰਗਦਿਆਂ ਦਾਅਵਾ ਕੀਤਾ ਕਿ ਸ੍ਰੀ ਰੰਧਾਵਾ ਹੀ ਲੋਕ ਸਭਾ ਵਿੱਚ ਗੁਰਦਾਸਪੁਰ ਦੀ ਆਵਾਜ਼ ਬਣ ਸਕਦੇ ਹਨ। ਇਸ ਲਈ ਉਨ੍ਹਾਂ ਨੂੰ ਵੱਡੀ ਲੀਡ ਨਾਲ ਜਿਤਾਉਣਾ ਸਮੇਂ ਦੀ ਮੰਗ ਹੈ। ਉਨ੍ਹਾਂ ਦੋਸ਼ ਲਾਇਆ ਕਿ ਪਿਛਲੇ 10 ਸਾਲਾਂ ਵਿੱਚ ਭਾਜਪਾ ਨੇ ਦੇਸ਼ ਅੰਦਰ ਸਿਰਫ਼ ਵੰਡੀਆਂ ਪਾਈਆਂ ਹਨ ਅਤੇ ਲੋਕਾਂ ਨੂੰ ਧਰਮ ਤੇ ਜਾਤ ਦੇ ਨਾਂ ’ਤੇ ਲੜਾ ਕੇ ਸੱਤਾ ਹਥਿਆਈ ਹੈ। ਉਨ੍ਹਾਂ ਕਿਹਾ ਕਿ ਅਜਿਹੀ ਸੋਚ ਰੱਖਣ ਵਾਲਿਆਂ ਨੂੰ ਇਸ ਵਾਰ ਵੋਟ ਨਾ ਪਾਈ ਜਾਵੇ। ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਸ਼ੋਕ ਚੌਧਰੀ ਨੇ ਦਾਅਵਾ ਕੀਤਾ ਕਿ ਇਸ ਵਾਰ ਸਿਆਸੀ ਹਵਾ ਕਾਂਗਰਸ ਦੇ ਹੱਕ ਵਿੱਚ ਚੱਲ ਰਹੀ ਹੈ ਅਤੇ ਲੋਕ ਮੁੜ ਕਾਂਗਰਸ ਨੂੰ ਅੱਗੇ ਲਿਆਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਵਿੱਚ 10 ਸਾਲ ਭਾਜਪਾ ਅਤੇ ਪੰਜਾਬ ਵਿੱਚ ਪਿਛਲੇ ਸਵਾ ਦੋ ਸਾਲਾਂ ਤੋਂ ‘ਆਪ’ ਦੀ ਸਰਕਾਰ ਦੀ ਕਾਰਗੁਜ਼ਾਰੀ ਦੇਖਣ ਤੋਂ ਬਾਅਦ ਲੋਕ ਮੁੜ ਕਾਂਗਰਸ ਨਾਲ ਜੁੜਨ ਲੱਗੇ ਹਨ। ਇਸ ਮੌਕੇ ਚੇਅਰਮੈਨ ਹਰਵਿੰਦਰ ਸਿੰਘ ਭੱਟੀ, ਹਰਜਿੰਦਰ ਸਿੰਘ ਗਵਾਲੀਆ, ਮਦਨ ਲਾਲ ਜੱਟੂਵਾਲ, ਸੰਨੀ ਪੰਡੋਰੀ ਅਤੇ ਗਾਜੀਕੋਟ ਤੋਂ ਰਤਨ ਸਿੰਘ ਰਾਜੂ, ਕਰਤਾਰ ਚੰਦ, ਹਜ਼ਾਰਾ ਰਾਮ, ਨਿਰਮਲ ਸਿੰਘ, ਸ਼ਾਂਤੀ ਦੇਵੀ ਤੇ ਵਿਪਨ ਸ਼ਰਮਾ ਤੋਂ ਇਲਾਵਾ ਪਿੰਡ ਦੇ ਪਤਵੰਤੇ ਹਾਜ਼ਰ ਸਨ।

Advertisement

ਕਾਂਗਰਸ ਦਾ ਸਾਥ ਦੇਣ ਦੀ ਅਪੀਲ

ਪਠਾਨਕੋਟ (ਪੱਤਰ ਪ੍ਰੇਰਕ): ਹਲਕਾ ਗੁਰਦਾਸਪੁਰ ਦੇ ਕਾਂਗਰਸੀ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਪਠਾਨਕੋਟ, ਸੁਜਾਨਪੁਰ ਅਤੇ ਭੋਆ ਦੇ ਮੁੱਖ ਆਗੂਆਂ ਦੀ ਚੋਣ ਮੀਟਿੰਗ ਨੂੰ ਸੰਬੋਧਨ ਕੀਤਾ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਦੇਸ਼ ਨੂੰ ਫਿਰਕਾਪ੍ਰਸਤ ਤਾਕਤਾਂ ਦੀ ਗ੍ਰਿਫਤ ਵਿੱਚੋਂ ਬਾਹਰ ਕੱਢਣਾ ਹੈ ਤਾਂ ਉਹ ਕਾਂਗਰਸ ਦਾ ਸਾਥ ਦੇਣ। ਮੀਟਿੰਗ ਵਿੱਚ ਰਾਜਸਥਾਨ ਕਾਂਗਰਸ ਦੇ ਸੂਬਾ ਪ੍ਰਧਾਨ ਗੋਵਿੰਦ ਸਿੰਘ ਡੋਟਾਸਰਾ, ਰਾਜਸਥਾਨ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਟੀਕਾ ਰਾਮ ਜੂਲੀ, ਸੁਜਾਨਪੁਰ ਦੇ ਵਿਧਾਇਕ ਤੇ ਜ਼ਿਲ੍ਹਾ ਪ੍ਰਧਾਨ ਨਰੇਸ਼ ਪੁਰੀ, ਸਾਬਕਾ ਵਿਧਾਇਕ ਅਮਿਤ ਵਿੱਜ, ਨਗਰ ਨਿਗਮ ਦੇ ਮੇਅਰ ਪੰਨਾ ਲਾਲ ਭਾਟੀਆ, ਸੀਨੀਅਰ ਕਾਂਗਰਸੀ ਆਗੂ ਆਸ਼ੀਸ਼ ਵਿੱਜ, ਵਿਨੇ ਮਹਾਜਨ, ਰਾਕੇਸ਼ ਬਬਲੀ, ਬਖਸ਼ੀਸ਼ ਸਿੰਘ ਮੋਨਾ, ਕੌਂਸਲਰ ਵਿਕਰਮ ਸਿੰਘ ਬਿਕੂ, ਵਿਜੇ ਕੁਮਾਰ, ਚਰਨਜੀਤ ਹੈਪੀ ਤੇ ਧਰਮ ਪਾਲ ਪੱਪੂ ਹਾਜ਼ਰ ਸਨ। ਸ੍ਰੀ ਰੰਧਾਵਾ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਕੋਲ ਸਿਵਾਏ ਜੁਮਲਿਆਂ ਦੇ, ਦੇਸ਼ ਦੀ ਤਰੱਕੀ ਅਤੇ ਖੁਸ਼ਹਾਲੀ ਤੇ ਬੇਰੁਜ਼ਗਾਰੀ ਨੂੰ ਦੂਰ ਕਰਨ ਦੀ ਕੋਈ ਯੋਜਨਾ ਨਹੀਂ ਹੈ।

Advertisement

Advertisement
Author Image

joginder kumar

View all posts

Advertisement