ਕਾਂਗਰਸ ਦੇ ਓਬੀਸੀ ਸੈੱਲ ਵੱਲੋਂ ਸਿਮਰਜੀਤ ਬੈਂਸ ਦਾ ਸਨਮਾਨ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 22 ਅਕਤੂਬਰ
ਸਾਬਕਾ ਵਿਧਾਇਕ ਅਤੇ ਸੀਨੀਅਰ ਕਾਂਗਰਸੀ ਆਗੂ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਹੈ ਕਿ ਉਹ ਆਪਣੇ ਸਾਥੀਆਂ ਸਮੇਤ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਦਿਨ-ਰਾਤ ਇੱਕ ਕਰਨਗੇ ਤਾਂ ਜੋ ਲੋਕਾਂ ਨੂੰ ਆਮ ਆਦਮੀ ਪਾਰਟੀ ਦੀਆਂ ਲੋਕ ਮਾਰੂ ਨੀਤੀਆਂ ਤੋਂ ਬਚਾਇਆ ਜਾ ਸਕੇ। ਇਹ ਗੱਲ ਉਨ੍ਹਾਂ ਆਪਣੇ ਕੋਟ ਮੰਗਲ ਸਿੰਘ ਸਥਿਤ ਦਫ਼ਤਰ ਵਿੱਚ ਇੱਕ ਸਮਾਗਮ ਦੌਰਾਨ ਕਾਂਗਰਸ ਦੇ ਓਬੀਸੀ ਸੈੱਲ ਪੰਜਾਬ ਦੇ ਇੱਕ ਵਫ਼ਦ ਨਾਲ ਗੱਲਬਾਤ ਕਰਦਿਆਂ ਆਖੀ। ਇਸ ਮੌਕੇ ਸੈੱਲ ਦੇ ਜਨਰਲ ਸਕੱਤਰ ਗੁਰਨਾਮ ਸਿੰਘ ਕਲੇਰ, ਕਾਰਜਕਾਰੀ ਚੇਅਰਮੈਨ ਵਰਿੰਦਰ ਭੱਲਾ, ਚੇਅਰਪਰਸਨ ਮਨਜੀਤ ਕੌਰ, ਜਨਰਲ ਸਕੱਤਰ ਕੁਲਵੰਤ ਰਾਏ, ਕੋ-ਆਰਡੀਨੇਟਰ ਰਾਜਵਿੰਦਰ ਕੌਰ ਸਿਮਰਨ ਅਤੇ ਦਫ਼ਤਰ ਇੰਚਾਰਜ ਅਮਿਤਾ ਰਾਣੀ ਨੇ ਸ੍ਰੀ ਬੈਂਸ ਨੂੰ ਕਾਂਗਰਸ ਪਾਰਟੀ ਪ੍ਰਤੀ ਆਪਣੀ ਜ਼ਿੰਮੇਵਾਰੀ ਬਖੂਬੀ ਨਿਭਾਉਣ ਲਈ ਸਨਮਾਨਿਤ ਕੀਤਾ। ਇਸ ਮੌਕੇ ਸ੍ਰੀ ਬੈਂਸ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਵੱਲੋਂ ਕਾਂਗਰਸ ਪਾਰਟੀ ਦੇ ਹੱਕ ਵਿੱਚ ਵੱਡਾ ਫ਼ਤਵਾ ਦਿੱਤਾ ਜਾ ਰਿਹਾ ਹੈ ਕਿਉਂਕਿ ਅਕਾਲੀ ਦਲ ਆਪਣੀਆਂ ਗਲਤੀਆਂ ਕਾਰਨ ਲੋਕਾਂ ਦੇ ਮਨਾਂ ਵਿੱਚੋਂ ਉਤਰ ਗਿਆ ਹੈ ਅਤੇ ‘ਆਪ’ ਹਰ ਫਰੰਟ ਤੇ ਫੇਲ੍ਹ ਹੈ। ਇਸ ਮੌਕੇ ਗੁਰਨਾਮ ਸਿੰਘ ਕਲੇਰ, ਵਰਿੰਦਰ ਭੱਲਾ ਅਤੇ ਮਨਜੀਤ ਕੌਰ ਨੇ ਵੀ ਸੰਬੋਧਨ ਕੀਤਾ।