For the best experience, open
https://m.punjabitribuneonline.com
on your mobile browser.
Advertisement

ਕਾਂਗਰਸ ਦੀ ਹੁਣ ‘ਵਾਰੰਟੀ’ ਵੀ ਨਹੀਂ ਰਹੀ: ਮੋਦੀ

07:02 AM Feb 08, 2024 IST
ਕਾਂਗਰਸ ਦੀ ਹੁਣ ‘ਵਾਰੰਟੀ’ ਵੀ ਨਹੀਂ ਰਹੀ  ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਜ ਸਭਾ ਨੂੰ ਸੰਬੋਧਨ ਕਰਦੇ ਹੋਏ। -ਫੋਟੋ: ਪੀਟੀਆਈ
Advertisement

ਨਵੀਂ ਦਿੱਲੀ, 7 ਫਰਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ’ਤੇ ਹਮਲੇ ਤੇਜ਼ ਕਰਦਿਆਂ ਦੋਸ਼ ਲਾਇਆ ਕਿ ਵਿਰੋਧੀ ਧਿਰ ਪੁਰਾਣੀ (ਆਊਟਡੇਟਿਡ) ਪੈ ਚੁੱਕੀ ਹੈ ਅਤੇ ਹੁਣ ਉਸ ਦੀ ਕੋਈ ‘ਵਾਰੰਟੀ’ ਵੀ ਨਹੀਂ ਰਹੀ ਹੈ। ਉਨ੍ਹਾਂ ਦੇਸ਼ ਦੇ ਮੁੱਖ ਵਿਰੋਧੀ ਧਿਰ ’ਤੇ ਦੇਸ਼ ਵੰਡਣ ਵਾਲਾ ਬਿਰਤਾਂਤ ਘੜਨ ਦਾ ਵੀ ਦੋਸ਼ ਲਾਇਆ। ਰਾਜ ਸਭਾ ’ਚ ਰਾਸ਼ਟਰਪਤੀ ਦੇ ਭਾਸ਼ਨ ’ਤੇ ਧੰਨਵਾਦ ਮਤੇ ਉਪਰ ਚਰਚਾ ਦਾ ਜਵਾਬ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਆਉਂਦੀਆਂ ਚੋਣਾਂ ’ਚ ‘ਵਾਰੰਟੀ’ ਖ਼ਤਮ ਹੋ ਜਾਣ ਵਾਲਿਆਂ ’ਤੇ ਨਹੀਂ ਸਗੋਂ ‘ਗਾਰੰਟੀ’ ’ਤੇ ਵਿਸ਼ਵਾਸ ਕਰਨ ਵਾਲਿਆਂ ’ਤੇ ਭਰੋਸਾ ਜਤਾਏਗਾ। ਪ੍ਰਧਾਨ ਮੰਤਰੀ ਨੇ ਕਾਂਗਰਸ ਨੂੰ ‘ਆਊਟਡੇਟਿਡ’ ਅਤੇ ਰਾਖਵੇਂਕਰਨ ਦਾ ਜਮਾਂਦਰੂ ਵਿਰੋਧੀ ਦੱਸਦਿਆਂ ਅਤੇ ਉਸ ਪ੍ਰਤੀ ਸੰਵੇਦਨਾ ਪ੍ਰਗਟ ਕਰਦਿਆਂ ‘ਪ੍ਰਾਰਥਨਾ’ ਕੀਤੀ ਕਿ ਉਹ ਅਗਲੀਆਂ ਚੋਣਾਂ ’ਚ 40 ਸੀਟਾਂ ਹੀ ਬਚਾ ਲਵੇ। ਉਨ੍ਹਾਂ ਭਾਰਤ ਜੋੜੋ ਨਿਆਏ ਯਾਤਰਾ ’ਤੇ ਨਿਕਲੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੂੰ ‘ਕਾਂਗਰਸ ਦੇ ਯੁਵਰਾਜ’ ਨਾਮ ਨਾਲ ਸੰਬੋਧਨ ਕਰਦਿਆਂ ਉਸ ਨੂੰ ਅਜਿਹਾ ‘ਨਾਨ ਸਟਾਰਟਰ’ ਦੱਸਿਆ ਜੋ ਨਾ ਤਾਂ ‘ਲਿਫ਼ਟ’ ਹੋ ਪਾ ਰਿਹਾ ਹੈ ਅਤੇ ਨਾ ਹੀ ‘ਲਾਂਚ’। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਦੇ ਭਾਸ਼ਨ ’ਚ ਭਾਰਤ ਦੇ ਆਤਮ-ਵਿਸ਼ਵਾਸ, ਉੱਜਵਲ ਭਵਿੱਖ ਪ੍ਰਤੀ ਉਸ ਦੇ ਵਿਸ਼ਵਾਸ ਅਤੇ ਆਮ ਲੋਕਾਂ ਦੀ ਹਿੰਮਤ ਨੂੰ ਬਹੁਤ ਹੀ ਘੱਟ ਸ਼ਬਦਾਂ ’ਚ ਪਰ ਬਹੁਤ ਹੀ ਸ਼ਾਨਦਾਰ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਆਪਣੇ 90 ਮਿੰਟ ਦੇ ਭਾਸ਼ਨ ’ਚ ਉਨ੍ਹਾਂ ਕਿਹਾ ਕਿ ਕਾਂਗਰਸ ਦੇ 10 ਸਾਲਾਂ ’ਚ ਅਰਥਚਾਰਾ ਦੁਨੀਆ ਦੇ ਪੰਜ ਨਾਜ਼ੁਕ ਅਰਥਚਾਰਿਆਂ ’ਚ ਸ਼ੁਮਾਰ ਸੀ ਜਦਕਿ ਪਿਛਲੇ 10 ਸਾਲਾਂ ’ਚ ਭਾਰਤ ਦੁਨੀਆ ਦੇ ਪੰਜ ਸਿਖਰਲੇ ਅਰਥਚਾਰਿਆਂ ’ਚ ਸ਼ਾਮਲ ਹੋ ਗਿਆ ਹੈ। ‘ਸਾਡੀ ਸਰਕਾਰ ਦੇ ਬੀਤੇ 10 ਸਾਲਾਂ ਨੂੰ ਵੱਡੇ ਅਤੇ ਅਹਿਮ ਫ਼ੈਸਲਿਆਂ ਲਈ ਹਮੇਸ਼ਾ ਯਾਦ ਕੀਤਾ ਜਾਵੇਗਾ। ਅਸੀਂ ਸਖ਼ਤ ਮਿਹਨਤ ਨਾਲ ਦੇਸ਼ ਨੂੰ ਸੰਕਟ ’ਚੋਂ ਬਾਹਰ ਕੱਢਿਆ ਹੈ।’ ਮੋਦੀ ਨੇ ਉਨ੍ਹਾਂ ਨੂੰ ਭੇਜੀ ਗਈ ਇਕ ਕਵਿਤਾ ਦੀਆਂ ਦੋ ਲਾਈਨਾਂ ਸਣਾਉਂਦਿਆਂ ਕਿਹਾ ਕਿ ਜਿਨ੍ਹਾਂ ਦੀ ਵਾਰੰਟੀ ਖ਼ਤਮ ਹੋ ਗਈ ਹੈ, ਦੇਸ਼ ਉਨ੍ਹਾਂ ਦੀਆਂ ਗੱਲਾਂ ਸੁਣ ਨਹੀਂ ਸਕਦਾ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਆਪਣੇ ਭਾਸ਼ਨ ’ਚ ਸਮਾਜ ਦੇ ਚਾਰ ਵਰਗਾਂ ਗਰੀਬਾਂ, ਕਿਸਾਨਾਂ, ਨੌਜਵਾਨਾਂ ਅਤੇ ਔਰਤਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦੀ ਗੱਲ ਆਖੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ, ਦਲਿਤਾਂ, ਪੱਛੜਿਆਂ ਅਤੇ ਆਦਿਵਾਸੀਆਂ ਖ਼ਿਲਾਫ਼ ਰਹੀ ਹੈ ਅਤੇ ਜੇਕਰ ਬਾਬਾਸਾਹੇਬ ਅੰਬੇਡਕਰ ਨਾ ਹੁੰਦੇ ਤਾਂ ਉਨ੍ਹਾਂ ਨੂੰ ਕੋਈ ਰਾਖਵਾਂਕਰਨ ਵੀ ਨਹੀਂ ਮਿਲਦਾ। ਉਨ੍ਹਾਂ ਕਿਹਾ,‘‘ਮੈਂ ਖੜਗੇ ਜੀ ਦਾ ਉਚੇਚੇ ਤੌਰ ’ਤੇ ਧੰਨਵਾਦ ਕਰਨਾ ਚਾਹੁੰਦਾ ਹਾਂ।’’ ਉਨ੍ਹਾਂ ਕਿਸੇ ਦਾ ਨਾਮ ਲਏ ਬਿਨਾਂ ਕਿਹਾ ਕਿ ਲੋਕ ਸਭਾ ’ਚ ਤਾਂ ਕਦੇ ਕਦੇ ਮਨੋਰੰਜਨ ਦਾ ਮੌਕਾ ਮਿਲ ਜਾਂਦਾ ਸੀ ਪਰ ਅੱਜਕੱਲ ਘੱਟ ਹੀ ਮਿਲਦਾ ਹੈ ਕਿਉਂਕਿ ਉਹ ਦੂਜੀ ਡਿਊਟੀ ’ਤੇ ਹਨ ਪਰ ਇਸ ਦੀ ਕਮੀ ਰਾਜ ਸਭਾ ’ਚ ਖੜਗੇ ਨੇ ਪੂਰੀ ਕਰ ਦਿੱਤੀ ਹੈ। -ਪੀਟੀਆਈ

Advertisement

ਤੀਜੀ ਵਾਰ ਸਰਕਾਰ ਬਣਾਉਣ ਦਾ ਭਰੋਸਾ ਜਤਾਇਆ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਚੋਣਾਂ ’ਚ ਜਿੱਤ ਨਾਲ ਤੀਜੀ ਵਾਰ ਲਗਾਤਾਰ ਸਰਕਾਰ ਬਣਾਉਣ ਦਾ ਭਰੋਸਾ ਜਤਾਇਆ ਅਤੇ ਅਗਲੇ ਪੰਜ ਸਾਲ ਦੇ ਨਜ਼ਰੀਏ ਦਾ ਜ਼ਿਕਰ ਕਰਦਿਆਂ ਕਿਹਾ ਕਿ ਮੋਦੀ 3.0 ਸਰਕਾਰ ਭਾਰਤ ਨੂੰ ਵਿਕਸਤ ਰਾਸ਼ਟਰ ਬਣਾਉਣ ਲਈ ਆਪਣੀ ਪੂਰੀ ਵਾਹ ਲਗਾ ਦੇਵੇਗੀ। ਪ੍ਰਧਾਨ ਮੰਤਰੀ ਨੇ ਆਪਣੀ ਸਰਕਾਰ ਦੇ 10 ਸਾਲਾਂ ਦੇ ਕਾਰਜਕਾਲ ਨੂੰ ਵੱਡੇ ਫ਼ੈਸਲੇ ਲੈਣ ਵਾਲੀ ਕਰਾਰ ਦਿੰਦਿਆਂ ਅਗਲੇ ਪੰਜ ਸਾਲਾਂ ’ਚ ਬੁਲੇਟ ਟਰੇਨ ਦੇ ਸੁਫ਼ਨੇ ਨੂੰ ਪੂਰਾ ਕਰਨ ਤੋਂ ਲੈ ਕੇ ‘ਆਤਮ-ਨਿਰਭਰ ਭਾਰਤ’ ਮੁਹਿੰਮ ਨੂੰ ਨਵੇਂ ਮੁਕਾਮ ’ਤੇ ਲਿਜਾਣ ਦਾ ਭਰੋਸਾ ਦਿੱਤਾ।

Advertisement

ਨਿਤੀਸ਼ ਕੁਮਾਰ ਵੱਲੋਂ ਪ੍ਰਧਾਨ ਮੰਤਰੀ ਨਾਲ ਮੁਲਾਕਾਤ

ਨਵੀਂ ਦਿੱਲੀ ਵਿੱਚ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਦੇ ਹੋਏ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ। -ਫੋਟੋ: ਮੁਕੇਸ਼ ਅਗਰਵਾਲ

ਨਵੀਂ ਦਿੱਲੀ: ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਹੈ। ਪਿਛਲੇ ਮਹੀਨੇ ਵਿਰੋਧੀ ‘ਇੰਡੀਆ’ ਗੱਠਜੋੜ ਨੂੰ ਛੱਡ ਕੇ ਭਾਜਪਾ ਦੀ ਅਗਵਾਈ ਵਾਲੇ ਐੱਨਡੀਓ ਧੜੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਜਨਤਾ ਦਲ (ਯੂਨਾਈਟਿਡ) ਦੇ ਮੁਖੀ ਦੀ ਪ੍ਰਧਾਨ ਮੰਤਰੀ ਨਾਲ ਇਹ ਪਹਿਲੀ ਮੁਲਾਕਾਤ ਸੀ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਉਹ ਹੁਣ ਕਦੇ ਵੀ ਐੱਨਡੀਏ ਦਾ ਸਾਥ ਨਹੀਂ ਛੱਡਣਗੇ। ਨਿਤੀਸ਼ ਕੁਮਾਰ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪ੍ਰਧਾਨ ਜੇਪੀ ਨੱਢਾ ਨਾਲ ਵੀ ਮੁਲਾਕਾਤ ਕੀਤੀ। ਇਹ ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਬਿਹਾਰ ਨਾਲ ਸਬੰਧਤ ਰਾਜਨੀਤਿਕ ਮੁੱਦਿਆਂ ’ਤੇ ਚਰਚਾ ਕੀਤੀ ਹੈ। ਮੁਲਾਕਾਤ ਤੋਂ ਬਾਅਦ ਜੇਡੀ (ਯੂ) ਦੇ ਮੁਖੀ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਭਾਜਪਾ ਨਾਲ ਆਪਣੇ 1995 ਤੋਂ ਰਹੇ ਸਬੰਧਾਂ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਉਹ ਸ਼ਾਇਦ ਭਾਜਪਾ ਨੂੰ ਦੋ ਵਾਰ ਛੱਡ ਚੁੱਕੇ ਹਨ ਪਰ ਹੁਣ ਅਜਿਹਾ ਕਦੇ ਨਹੀਂ ਹੋਵੇਗਾ। ਉਨ੍ਹਾਂ ਕਿਹਾ,‘‘ਹੁਣ ਅਜਿਹਾ ਨਹੀਂ ਹੋਵੇਗਾ, ਅਸੀਂ ਐੱਨਡੀਏ ਵਿੱਚ ਹੀ ਰਹਾਂਗਾ।’’ -ਪੀਟੀਆਈ

ਝੂਠ ਫੈਲਾਉਣਾ ‘ਮੋਦੀ ਦੀ ਗਾਰੰਟੀ’ ਹੈ: ਕਾਂਗਰਸ

ਨਵੀਂ ਦਿੱਲੀ: ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰਾਜ ਸਭਾ ’ਚ ਪਾਰਟੀ ’ਤੇ ਕੀਤੇ ਗਏ ਤਿੱਖੇ ਹਮਲਿਆਂ ਮਗਰੋਂ ਮੋੜਵਾਂ ਜਵਾਬ ਦਿੰਦਿਆਂ ਦਾਅਵਾ ਕੀਤਾ ਕਿ ਮੋਦੀ ਇਸ ਗੱਲ ਨੂੰ ਲੈ ਕੇ ਡਰੇ ਹੋਏ ਹਨ ਕਿ ਆਉਂਦੀਆਂ ਲੋਕ ਸਭਾ ਚੋਣਾਂ ’ਚ ਲੋਕ ਉਨ੍ਹਾਂ ਨੂੰ ਸਬਕ ਸਿਖਾਉਣ ਜਾ ਰਹੇ ਹਨ। ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਇਹ ਵੀ ਦੋਸ਼ ਲਾਇਆ ਕਿ ਝੂਠ ਫੈਲਾਉਣਾ ‘ਮੋਦੀ ਦੀ ਗਾਰੰਟੀ’ ਹੈ। ਖੜਗੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੋਦੀ ਅਤੇ ਭਾਜਪਾ ਸੰਵਿਧਾਨ ਨੂੰ ਨਹੀਂ ਮੰਨਦੇ ਹਨ। ‘ਉਹ (ਭਾਜਪਾ) ਸਮਝਦੇ ਹਨ ਕਿ ਆਜ਼ਾਦੀ 2014 ’ਚ ਮਿਲੀ ਜਦਕਿ ਉਹ ਨਹੀਂ ਜਾਣਦੇ ਕਿ ਕਾਂਗਰਸ ਨੇ 1947 ’ਚ ਆਜ਼ਾਦੀ ਦਿਵਾਉਣ ਲਈ ਸੰਘਰਸ਼ ਕੀਤਾ ਸੀ। ਉਹ ਇਸ ਗੱਲ ਨੂੰ ਸਵੀਕਾਰਨਾ ਨਹੀਂ ਚਾਹੁੰਦੇ ਹਨ। ਪ੍ਰਧਾਨ ਮੰਤਰੀ ਨੇ ਅਣਗਿਣਤ ਝੂਠ ਬੋਲੇ ਹਨ। ਉਨ੍ਹਾਂ ਨੂੰ ਸੱਚ ਬੋਲਣ ਦੀ ਆਦਤ ਨਹੀਂ ਹੈ ਕਿਉਂਕਿ ਆਜ਼ਾਦੀ ਦਿਵਾਉਣ ’ਚ ਭਾਜਪਾ ਦਾ ਕੋਈ ਯੋਗਦਾਨ ਨਹੀਂ ਸੀ। ਸੰਵਿਧਾਨ ਨੂੰ ਨਾ ਮੰਨਣ ਵਾਲੇ, ਜੋ ਦਾਂਡੀ ਮਾਰਚ ਅਤੇ ਭਾਰਤ ਛੱਡੋ ਅੰਦੋਲਨ ’ਚ ਸ਼ਾਮਲ ਨਹੀਂ ਹੋਏ, ਉਹ ਲੋਕ ਅੱਜ ਕਾਂਗਰਸ ਨੂੰ ਦੇਸ਼ਭਗਤੀ ਦਾ ਸਬਕ ਦੇ ਰਹੇ ਹਨ।’ ਖੜਗੇ ਨੇ ਕਿਹਾ ਕਿ ਉਹ ਆਪਣੇ 10 ਸਾਲਾਂ ਦੀ ਬਜਾਏ ਕਾਂਗਰਸ ਪਾਰਟੀ ਦੀ ਆਲੋਚਨਾ ਕਰਦੇ ਹਨ। ਅੱਜ ਵੀ ਉਹ ਮਹਿੰਗਾਈ, ਬੇਰੁਜ਼ਗਾਰੀ ਅਤੇ ਆਰਥਿਕ ਨਾਰਬਰਾਬਰੀ ਬਾਰੇ ਗੱਲ ਨਹੀਂ ਕਰਦੇ ਹਨ। ਕਾਂਗਰਸ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ ਨੇ ਕਿਹਾ ਕਿ ਮੋਦੀ ਨੇ ਖੜਗੇ ’ਤੇ ਹਮਲਾ ਕਰਨ ਦਾ ਫ਼ੈਸ਼ਨ ਬਣਾ ਲਿਆ ਹੈ ਅਤੇ ਉਨ੍ਹਾਂ ਦੇ ਸੰਸਦ ’ਚ ਦੋਵੇਂ ਭਾਸ਼ਨ ਦੇਸ਼ ਦੇ ਲੋਕਾਂ ਨਾਲ ਕੋਝਾ ਮਜ਼ਾਕ ਹਨ। ਉਨ੍ਹਾਂ ਕਿਹਾ ਕਿ ਮੋਦੀ ਕਾਂਗਰਸ ਆਗੂ ਰਾਹੁਲ ਗਾਂਧੀ ਦੀ ਯਾਤਰਾ ਤੋਂ ਘਬਰਾ ਗਏ ਹਨ। ਇਕ ਹੋਰ ਕਾਂਗਰਸੀ ਆਗੂ ਰਾਜੀਵ ਸ਼ੁਕਲਾ ਨੇ ਕਿਹਾ ਕਿ ਰਾਖਵੇਂਕਰਨ ਬਾਰੇ ਦਿੱਤਾ ਗਿਆ ਬਿਆਨ ਝੂਠਾ ਹੈ ਕਿਉਂਕਿ ਪਹਿਲੇ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਦੀ ਅਗਵਾਈ ਹੇਠਲੀ ਸਰਕਾਰ ਨੇ ਹੀ ਰਾਖਵਾਂਕਰਨ ਲਾਗੂ ਕੀਤਾ ਸੀ। ਇਕ ਹੋਰ ਆਗੂ ਰਣਜੀਤ ਰੰਜਨ ਨੇ ਕਿਹਾ ਕਿ ਮੋਦੀ ਮਹਿਲਾਵਾਂ, ਨੌਜਵਾਨਾਂ, ਗਰੀਬਾਂ ਅਤੇ ਕਿਸਾਨਾਂ ਦੀ ਗੱਲ ਕਰਦੇ ਹਨ ਪਰ ਉਨ੍ਹਾਂ ਦੀ ਸਰਕਾਰ ਨੇ ਆਪਣੇ 10 ਸਾਲਾਂ ਦੇ ਕਾਰਜਕਾਲ ਦੌਰਾਨ ਇਨ੍ਹਾਂ ਲਈ ਕੁਝ ਵੀ ਨਹੀਂ ਕੀਤਾ। -ਪੀਟੀਆਈ

Advertisement
Author Image

sukhwinder singh

View all posts

Advertisement