ਕਾਂਗਰਸੀ ਵਿਧਾਇਕ ਚੱਠਾ ਵੱਲੋਂ ਵਰਕਰ ਮਿਲਣੀ ਸਮਾਗਮ
ਸਤਪਾਲ ਰਾਮਗੜ੍ਹੀਆ
ਪਿਹੋਵਾ, 3 ਨਵੰਬਰ
ਕਾਂਗਰਸੀ ਵਿਧਾਇਕ ਮਨਦੀਪ ਚੱਠਾ ਨੇ ਚੋਣ ਜਿੱਤਣ ਮਗਰੋਂ ਧੰਨਵਾਦੀ ਪ੍ਰੋਗਰਾਮ ਕਰਵਾਇਆ। ਖੁਸ਼ਵੰਤ ਪੈਲੇਸ ਵਿੱਚ ਵਰਕਰਾਂ ਨਾਲ ਮੀਟਿੰਗ ਕਰਦਿਆਂ ਉਨ੍ਹਾਂ ਕਿਹਾ ਕਿ ਸਮੂਹ ਵਰਕਰਾਂ ਨੇ ਪੂਰੀ ਮਿਹਨਤ ਨਾਲ ਇਹ ਚੋਣ ਲੜੀ ਹੈ। ਹਰ ਵਰਕਰ ਦਾ ਮਾਣ-ਸਨਮਾਨ ਹੁਣ ਉਨ੍ਹਾਂ ਦੀ ਜ਼ਿੰਮੇਵਾਰੀ ਬਣ ਗਈ ਹੈ। ਉਹ ਆਪਣੇ ਹਲਕੇ ਦੇ ਲੋਕਾਂ ਦੇ ਨਾਲ ਖੜ੍ਹੇ ਹਨ। ਵਿਧਾਇਕ ਮਨਦੀਪ ਚੱਠਾ ਨੇ ਕਿਹਾ ਕਿ ਸੱਤਾਧਾਰੀ ਪਾਰਟੀ ਦੇ ਹਾਰੇ ਹੋਏ ਆਗੂ ਚੋਣਾਂ ਤੋਂ ਬਾਅਦ ਤੋਂ ਹੀ ਦਹਿਸ਼ਤ ਵਿੱਚ ਹਨ।
ਜਿਨ੍ਹਾਂ ਨੇ ਭਾਜਪਾ ਨੂੰ ਵੋਟ ਨਹੀਂ ਪਾਈ, ਉਨ੍ਹਾਂ ਨੂੰ ਨਾਜਾਇਜ਼ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਇਕ ਵੀ ਕਾਂਗਰਸੀ ਵਰਕਰ ’ਤੇ ਝੂਠਾ ਕੇਸ ਦਰਜ ਕੀਤਾ ਗਿਆ ਤਾਂ 65 ਹਜ਼ਾਰ ਕਾਂਗਰਸੀ ਵੋਟਰ ਇਕਜੁੱਟ ਹੋ ਕੇ ਇਸ ਬੇਇਨਸਾਫ਼ੀ ਵਿਰੁੱਧ ਲੜਨਗੇ। ਉਨ੍ਹਾਂ ਕਿਹਾ ਕਿ ਕਾਂਗਰਸ ਦੇ 37 ਵਿਧਾਇਕ ਚੁਣੇ ਗਏ ਹਨ। ਇਨ੍ਹਾਂ ਵਿਧਾਇਕਾਂ ਵੱਲੋਂ ਜੋ ਕੰਮ ਕਿਹਾ ਜਾਵੇ, ਉਸ ਨੂੰ ਪੂਰਾ ਕਰਨਾ ਅਧਿਕਾਰੀਆਂ ਦੀ ਨੈਤਿਕ ਜ਼ਿੰਮੇਵਾਰੀ ਹੈ।
ਜੇਕਰ ਕੋਈ ਅਧਿਕਾਰੀ ਜਾਂ ਕਰਮਚਾਰੀ ਸਰਕਾਰ ਦੇ ਇਸ਼ਾਰੇ ‘ਤੇ ਕਾਂਗਰਸੀ ਵਰਕਰਾਂ ਜਾਂ ਆਮ ਲੋਕਾਂ ਨੂੰ ਤੰਗ-ਪ੍ਰੇਸ਼ਾਨ ਕਰਨ ਦਾ ਕੰਮ ਕਰਦਾ ਹੈ ਤਾਂ ਉਨ੍ਹਾਂ ਕੋਲ ਹਰ ਤਰ੍ਹਾਂ ਦੇ ਉਪਾਅ ਮੌਜੂਦ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਮਾੜੇ ਹਾਲਾਤ ਵਿੱਚ ਵੀ ਇੰਨੀ ਵੱਡੀ ਜਿੱਤ ਹਾਸਲ ਕੀਤੀ ਹੈ। ਇਸ ਦਾ ਪੂਰਾ ਸਿਹਰਾ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਅਤੇ ਸਾਬਕਾ ਮੰਤਰੀ ਹਰਮੋਹਿੰਦਰ ਸਿੰਘ ਚੱਠਾ ਨੂੰ ਜਾਂਦਾ ਹੈ।