For the best experience, open
https://m.punjabitribuneonline.com
on your mobile browser.
Advertisement

ਕਾਂਗਰਸ ਪੰਜਾਬ ਲਈ ਅੱਜ ਜਾਰੀ ਕਰ ਸਕਦੀ ਹੈ ਉਮੀਦਵਾਰਾਂ ਦੀ ਪਹਿਲੀ ਸੂਚੀ

07:13 AM Apr 13, 2024 IST
ਕਾਂਗਰਸ ਪੰਜਾਬ ਲਈ ਅੱਜ ਜਾਰੀ ਕਰ ਸਕਦੀ ਹੈ ਉਮੀਦਵਾਰਾਂ ਦੀ ਪਹਿਲੀ ਸੂਚੀ
Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 12 ਅਪਰੈਲ
ਕਾਂਗਰਸ ਪਾਰਟੀ ਵੱਲੋਂ ਸ਼ਨਿਚਰਵਾਰ ਨੂੰ ਵਿਸਾਖੀ ਮੌਕੇ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਐਲਾਨੇ ਜਾਣ ਦੀ ਸੰਭਾਵਨਾ ਹੈ। ਦਿੱਲੀ ਵਿੱਚ ਅੱਜ ਪਾਰਟੀ ਦੀ ਸਕਰੀਨਿੰਗ ਕਮੇਟੀ ਦੀ ਮੀਟਿੰਗ ਹੋਈ, ਜਿਸ ਵਿਚ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸ਼ਮੂਲੀਅਤ ਕੀਤੀ ਹੈ। ਸਕਰੀਨਿੰਗ ਕਮੇਟੀ ਦੇ ਚੇਅਰਮੈਨ ਭਗਤ ਚਰਨ ਦਾਸ ਦੀ ਅਗਵਾਈ ਵਿਚ ਹੋ ਰਹੀ ਮੀਟਿੰਗ ਵਿਚ ਪੰਜਾਬ ਮਾਮਲਿਆਂ ਦੇ ਇੰਚਾਰਜ ਦੇਵੇਂਦਰ ਯਾਦਵ ਵੀ ਮੌਜੂਦ ਸਨ। ਕਾਂਗਰਸ ਪਾਰਟੀ ਦੀ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ ਵੀ ਭਲਕੇ ਸ਼ਨਿਚਰਵਾਰ ਨੂੰ ਸ਼ਾਮੀਂ 4 ਵਜੇ ਹੋ ਰਹੀ ਹੈ ਜਿਸ ਵਿਚ ਪੰਜਾਬ ਦੇ ਉਮੀਦਵਾਰਾਂ ਦੀ ਪਹਿਲੀ ਸੂਚੀ ’ਤੇ ਮੋਹਰ ਲੱਗ ਸਕਦੀ ਹੈ। ਕਾਂਗਰਸ ਪਾਰਟੀ ਦੋ ਗੇੜਾਂ ਵਿਚ ਉਮੀਦਵਾਰਾਂ ਦਾ ਐਲਾਨ ਕਰੇਗੀ। ਪੰਜਾਬ ਕਾਂਗਰਸ ਦੀ ਲੀਡਰਸ਼ਿਪ ਨੇ ਉਮੀਦਵਾਰਾਂ ਦਾ ਐਲਾਨ ਜਲਦੀ ਕਰਨ ਨੂੰ ਲੈ ਕੇ ਦਬਾਅ ਬਣਾਇਆ ਹੋਇਆ ਹੈ। ਗੁਰਦਾਸਪੁਰ ਤੇ ਪਟਿਆਲਾ ਤੋਂ ਉਮੀਦਵਾਰਾਂ ਦੇ ਨਾਮ ਨੂੰ ਲੈ ਕੇ ਕਾਫੀ ਰੇੜਕਾ ਪਿਆ ਹੋਇਆ ਹੈ। ਕਾਂਗਰਸ ਪਾਰਟੀ ਪਹਿਲੀ ਸੂਚੀ ਵਿਚ ਸੱਤ ਤੋਂ ਅੱਠ ਉਮੀਦਵਾਰ ਐਲਾਨ ਸਕਦੀ ਹੈ, ਜਿਨ੍ਹਾਂ ਦੇ ਨਾਵਾਂ ਬਾਰੇ ਅੱਜ ਸਕਰੀਨਿੰਗ ਕਮੇਟੀ ਨੇ ਚਰਚਾ ਕੀਤੀ ਹੈ। ਸੂਤਰਾਂ ਅਨੁਸਾਰ ਕਾਂਗਰਸ ਪਾਰਟੀ ਸੰਗਰੂਰ ਤੋਂ ਸੁਖਪਾਲ ਸਿੰਘ ਖਹਿਰਾ ਅਤੇ ਜਲੰਧਰ ਤੋਂ ਚਰਨਜੀਤ ਸਿੰਘ ਚੰਨੀ ਨੂੰ ਚੋਣ ਮੈਦਾਨ ਵਿਚ ਉਤਾਰਨ ਦਾ ਮਨ ਬਣਾ ਚੁੱਕੀ ਹੈ। ਚਰਨਜੀਤ ਚੰਨੀ ਨੇ ਤਾਂ ਰਸਮੀ ਐਲਾਨ ਤੋਂ ਪਹਿਲਾਂ ਹੀ ਜਲੰਧਰ ਹਲਕੇ ਵਿਚ ਆਪਣਾ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਪਟਿਆਲਾ ਤੋਂ ਡਾ.ਧਰਮਵੀਰ ਗਾਂਧੀ ਕਾਂਗਰਸ ਦੇ ਉਮੀਦਵਾਰ ਹੋ ਸਕਦੇ ਹਨ। ਉਧਰ ਰਸਮੀ ਐਲਾਨ ਤੋਂ ਪਹਿਲਾਂ ਹੀ ਪਟਿਆਲਾ ਦੇ ਟਕਸਾਲੀ ਕਾਂਗਰਸੀ ਆਗੂ ਇੱਕਜੁਟ ਹੋ ਗਏ ਹਨ ਤੇ ਉਨ੍ਹਾਂ ਇੱਕ ਮੀਟਿੰਗ ਵੀ ਕੀਤੀ ਹੈ। ਪੁਰਾਣੇ ਕਾਂਗਰਸੀ ਆਗੂ ਪਾਰਟੀ ਬਾਹਰਲੇ ਉਮੀਦਵਾਰਾਂ ’ਤੇ ਟੇਕ ਕਰਕੇ ਨਾਰਾਜ਼ ਹਨ। ਪਟਿਆਲਾ ਦੀ ਟਿਕਟ ਡਾ.ਗਾਂਧੀ ਦੀ ਝੋਲੀ ਪੈਣ ਦੀ ਸੂਰਤ ਵਿਚ ਕਾਂਗਰਸੀ ਨਾਰਾਜ਼ਗੀ ਦਿਖਾ ਸਕਦੇ ਹਨ। ਲੁਧਿਆਣਾ ਤੋਂ ਭਾਰਤ ਭੂਸ਼ਨ ਆਸ਼ੂ ਨੂੰ ਉਮੀਦਵਾਰ ਬਣਾਏ ਜਾਣ ਦੀ ਗੱਲ ਚੱਲ ਰਹੀ ਹੈ ਜਦੋਂ ਕਿ ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਔਜਲਾ ਜਾਂ ਓ.ਪੀ.ਸੋਨੀ ਨੂੰ ਉਮੀਦਵਾਰ ਬਣਾਇਆ ਜਾ ਸਕਦਾ ਹੈ। ਵਿਧਾਇਕ ਰਾਣਾ ਗੁਰਜੀਤ ਦਾ ਪਰਿਵਾਰ ਵੀ ਆਨੰਦਪੁਰ ਸਾਹਿਬ ਤੋਂ ਟਿਕਟ ਦਾ ਇੱਛੁਕ ਹੈ। ਉਨ੍ਹਾਂ ਦੇ ਲੜਕੇ ਰਾਣਾ ਇੰਦਰ ਪ੍ਰਤਾਪ ਸਿੰਘ ਜੋ ਕਿ ਆਜ਼ਾਦ ਉਮੀਦਵਾਰ ਹਨ, ਦੇ ਕਾਂਗਰਸ ਵਿਚ ਸ਼ਾਮਲ ਹੋਣ ਦੇ ਚਰਚੇ ਹਨ। ਹਾਲਾਂਕਿ ਇਸ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋ ਸਕੀ ਹੈ। ਅਜਿਹਾ ਹੁੰਦਾ ਹੈ ਤਾਂ ਕਾਂਗਰਸ ਉਨ੍ਹਾਂ ਨੂੰ ਲੋਕ ਸਭਾ ਚੋਣਾਂ ਵਿਚ ਉਮੀਦਵਾਰ ਬਣਾ ਸਕਦੀ ਹੈ। ਗੁਰਦਾਸਪੁਰ ਤੋਂ ਸੁਖਜਿੰਦਰ ਸਿੰਘ ਰੰਧਾਵਾ ਅਤੇ ਬਰਿੰਦਰਮੀਤ ਪਾਹੜਾ ਦਾ ਨਾਂ ਚੱਲ ਰਿਹਾ ਹੈ ਜਦੋਂ ਕਿ ਬਠਿੰਡਾ ਹਲਕੇ ਤੋਂ ਅੰਮ੍ਰਿਤਾ ਵੜਿੰਗ ਨੂੰ ਟਿਕਟ ਮਿਲਣ ਦੀ ਸੰਭਾਵਨਾ ਹੈ ਤੇ ਉਨ੍ਹਾਂ ਨੇ ਤਾਂ ਆਪਣਾ ਚੋਣ ਪ੍ਰਚਾਰ ਵੀ ਵਿੱਢ ਰੱਖਿਆ ਹੈ। ਜੀਤਮਹਿੰਦਰ ਸਿੰਘ ਸਿੱਧੂ ਵੀ ਇਥੋਂ ਟਿਕਟ ਦੇ ਦਾਅਵੇਦਾਰ ਹਨ।

Advertisement

ਵਿਧਾਇਕਾਂ ਦੀ ਗਿਣਤੀ ਘਟਣ ਦੀ ਪ੍ਰਵਾਹ ਨਹੀਂ

ਕਾਂਗਰਸ ਪਾਰਟੀ ਲਈ ਵਿਧਾਨ ਸਭਾ ਨਾਲੋਂ ਇਸ ਵੇਲੇ ਲੋਕ ਸਭਾ ਦੀਆਂ ਸੀਟਾਂ ਅਹਿਮ ਹਨ। ਸੁਖਪਾਲ ਖਹਿਰਾ, ਸੁਖਜਿੰਦਰ ਰੰਧਾਵਾ ਅਤੇ ਰਾਣਾ ਗੁਰਜੀਤ ਲੋਕ ਸਭਾ ਚੋਣਾਂ ਲਈ ਉਮੀਦਵਾਰ ਐਲਾਨੇ ਜਾਂਦੇ ਹਨ ਤਾਂ ਜਿੱਤ ਝੋਲੀ ਪੈਣ ਦੀ ਸੂਰਤ ਵਿਚ ਇਨ੍ਹਾਂ ਆਗੂਆਂ ਨੂੰ ਵਿਧਾਨ ਸਭਾ ਦੀ ਮੈਂਬਰੀ ਤੋਂ ਅਸਤੀਫਾ ਦੇਣਾ ਪਵੇਗਾ।

ਚੋਣ ਪਿੜ ’ਚ ‘ਆਪ’ ਵਿਧਾਇਕ ਉਤਰੇਗਾ

ਆਮ ਆਦਮੀ ਪਾਰਟੀ ਵੱਲੋਂ ਵੀ ਹੁਣ ਇੱਕ ਹਿੰਦੂ ਚਿਹਰੇ ਨੂੰ ਟਿਕਟ ਦਿੱਤੇ ਜਾਣ ਦੀ ਸੰਭਾਵਨਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਉਹ 16 ਅਪਰੈਲ ਨੂੰ ਜਲੰਧਰ ਅਤੇ ਲੁਧਿਆਣਾ ਤੋਂ ਉਮੀਦਵਾਰਾਂ ਦਾ ਐਲਾਨ ਕਰਨਗੇ। ਸੂਤਰਾਂ ਮੁਤਾਬਕ ਪਾਰਟੀ ਮੌਜੂਦਾ ਵਿਧਾਇਕਾਂ ’ਚੋਂ ਕਿਸੇ ਇੱਕ ਨੂੰ ਲੋਕ ਸਭਾ ਚੋਣ ਲੜਾ ਸਕਦੀ ਹੈ ਜਦੋਂ ਕਿ ‘ਆਪ’ ਨੇ ਪਹਿਲਾਂ ਹੀ ਪੰਜ ਮੰਤਰੀ ਚੋਣ ਮੈਦਾਨ ਵਿਚ ਉਤਾਰੇ ਹੋਏ ਹਨ।

Advertisement
Author Image

joginder kumar

View all posts

Advertisement
Advertisement
×