ਕਾਂਗਰਸ ਮੈਨੀਫੈਸਟੋ ਸਿਰਫ਼ ਝੂਠ ਦਾ ਪੁਲੰਦਾ: ਨਾਇਬ ਸੈਣੀ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 20 ਸਤੰਬਰ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਕਾਂਗਰਸ ਪਾਰਟੀ ਦਾ ਮੈਨੀਫੈਸਟੋ ਸਿਰਫ਼ ਝੂਠ ਦਾ ਪੁਲੰਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਝੂਠੇ ਵਾਅਦੇ ਕਰ ਕੇ ਸੱਤਾ ਹਥਿਆਈ ਹੈ ਤੇ ਸੱਤਾ ਵਿਚ ਆਉਣ ਮਗਰੋਂ ਲੋਕਾਂ ਲਈ ਕੁਝ ਨਹੀਂ ਕੀਤਾ। ਮੁੱਖ ਮੰਤਰੀ ਸੈਣੀ ਅੱਜ ਇਥੇ ਬਰਾੜਾ ਰੋਡ ’ਤੇ ਇੱਕ ਨਿੱਜੀ ਪੈਲੇਸ ਵਿਚ ਭਾਜਪਾ ਉਮੀਦਵਾਰ ਸੁਭਾਸ਼ ਕਲਸਾਣਾ ਦੇ ਹੱਕ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਵਿੱਚ ਦੋ ਸਾਲ ਪਹਿਲਾਂ ਕਾਂਗਰਸ ਸਰਕਾਰ ਬਣੀ ਸੀ, ਪਰ ਉਥੋਂ ਦਾ ਕੋਈ ਨਾਗਰਿਕ ਅੱਜ ਖੁਸ਼ ਨਹੀਂ ਹੈ। ਕਾਂਗਰਸ ਵੱਲੋਂ ਉੱਥੇ ਚੋਣਾਂ ਦੌਰਾਨ ਹਰ ਵਰਗ ਨਾਲ ਕੀਤੇ ਵਾਅਦਿਆਂ ਵਿੱਚੋਂ ਇਕ ਵੀ ਪੂਰਾ ਨਹੀਂ ਕੀਤਾ। ਉਥੋਂ ਦੇ ਸਰਕਾਰੀ ਕਰਮਚਾਰੀਆਂ ਨੂੰ ਤਨਖ਼ਾਹ ਲਈ ਵੀ ਹੜਤਾਲ ਕਰਨੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਤੇ ਮੰਤਰੀਆਂ ਵੀ ਆਪਣੀ ਤਨਖ਼ਾਹ ਛੱਡਣ ਦਾ ਦਿਖਾਵਾ ਕਰ ਰਹੇ ਹਨ। ਕਾਂਗਰਸ ਨੇ ਹਿਮਾਚਲ ਦੀਆਂ ਔਰਤਾਂ ਨੂੰ 1500 ਰੁਪਏ ਦੇਣ ਦਾ ਵਾਅਦਾ ਕੀਤਾ ਸੀ ਜੋ ਪੂਰਾ ਨਹੀਂ ਹੋਇਆ। ਸੈਣੀ ਨੇ ਕਿਹਾ ਕਿ ਐੱਮਐੱਸਪੀ ਨੂੰ ਲੈ ਕੇ ਕਾਂਗਰਸ ਨੇ ਕਿੰਨਾ ਰੌਲਾ ਪਾਇਆ ਸੀ ਜਦਕਿ ਹਰਿਆਣਾ ਦੇਸ਼ ਦਾ ਪਹਿਲਾ ਸੂਬਾ ਹੈ ਜੋ ਕਿਸਾਨਾਂ ਦੀਆਂ 24 ਫ਼ਸਲਾਂ ਐੱਮਐੱਸ ਪੀ ’ਤੇ ਖਰੀਦ ਰਿਹਾ ਹੈ। ਉਨ੍ਹਾਂ ਕਾਂਗਰਸ ਤੋਂ ਪੁੱਛਿਆ ਕਿ ਕਰਨਾਟਕ ਤੇ ਤਿਲੰਗਾਨਾ ਵਿਚ ਕਿੰਨੀਆਂ ਫ਼ਸਲਾਂ ਐੱਮਐੱਸਪੀ ’ਤੇ ਖਰੀਦਿਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿਚ ਡਬਲ ਇੰਜਨ ਦੀ ਸਰਕਾਰ ਬਣਨ ਨਾਲ ਨੌਜਵਾਨਾਂ ਨੂੰ ਤੇਜੀ ਨਾਲ ਨੌਕਰੀਆਂ ਮਿਲਣਗੀਆਂ ਤੇ ਸੂਬੇ ਦੇ ਵਿਕਾਸ ਵਿਚ ਵੀ ਤੇਜ਼ੀ ਆਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਸੂਬੇ ਵਿਚ ਤੀਜੀ ਵਾਰ ਭਾਜਪਾ ਸਰਕਾਰ ਬਣਨ ਜਾ ਰਹੀ ਹੈ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਸ੍ਰੀ ਸੈਣੀ ਦੇ ਇੱਥੇ ਪੁੱਜਣ ’ਤੇ ਭਾਜਪਾ ਵਰਕਰਾਂ ਵਲੋਂ ਉਨ੍ਹਾਂ ਦਾ ਨਿੱਘਾ ਸਵਗਾਤ ਕੀਤਾ। ਕੁਰੂਕਸ਼ੇਤਰ ਤੋਂ ਸੰਸਤ ਮੈਂਬਰ ਨਵੀਨ ਜਿੰਦਲ ਨੇ ਕਿਹਾ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਤਾਰਫ਼ੀ ਕੀਤੀ। ਉਨ੍ਹਾਂ ਸੁਭਾਸ਼ ਚੰਦ ਕਲਸਾਣਾ ਨੂੰ ਸਮਰਥਣ ਦੇਣ ਦੀ ਅਪੀਲ ਵੀ ਕੀਤੀ। ਭਾਜਪਾ ਉਮੀਦਵਾਰ ਸੁਭਾਸ਼ ਕਲਸਾਣਾ ਨੇ ਕਿਹਾ ਕਿ ਜੇ ਹਲਕੇ ਦੇ ਲੋਕਾਂ ਨੇ ਉਨ੍ਹਾਂ ਨੂੰ ਆਪਣਾ ਅਸ਼ੀਰਵਾਦ ਦਿੱਤਾ ਤਾਂ ਉਹ ਇਸ ਹਲਕੇ ਵਿਚ ਫੈਲੇ ਨਸ਼ੇ ਦੇ ਕੋਹੜ ਨੂੰ ਜੜ੍ਹੋਂ ਖਤਮ ਕਰ ਦੇਣਗੇ। ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣਗੇ। ਇਸ ਮੌਕੇ ਮੁਲਖ ਰਾਜ ਗੁੰਬਰ, ਕਰਨਰਾਜ ਸਿੰਘ ਤੂਰ, ਸਰਬਜੀਤ ਸਿੰਘ ਕਲਸਾਣੀ, ਤਰਲੋਚਨ ਸਿੰਘ ਹਾਂਡਾ ਆਦਿ ਮੌਜੂਦ ਸਨ।