ਕਾਂਗਰਸੀ ਆਗੂਆਂ ਵੱਲੋਂ ਪਿੰਡਾਂ ਦਾ ਦੌਰਾ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 17 ਮਾਰਚ
ਹਰਿਆਣਾ ਕਾਂਗਰਸ ਦੇ ਸੂਬਾ ਕਾਰਜਕਾਰਨੀ ਮੈਂਬਰ ਸੰਜੀਵ ਭੁੱਖੜੀ ਨੇ ਅੱਜ ਘਰ ਘਰ ਕਾਂਗਰਸ ਮੁਹਿੰਮ ਤਹਿਤ ਪਿੰਡ ਕਾਲਵਾ, ਬੁਹਾਵੀ ਤੇ ਸੰਘੋਰ ਦਾ ਦੌਰਾ ਕਰਕੇ ਲੋਕਾਂ ਨੂੰ ਪਾਰਟੀ ਦੀਆਂ ਨੀਤੀਆਂ ਬਾਰੇ ਜਾਣਕਾਰੀ ਦਿੱਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸੂਬੇ ਵਿਚ ਕਾਂਗਰਸ ਦੀ ਸਰਕਾਰ ਬਣਨ ’ਤੇ ਲੋਕਾਂ ਨੂੰ 300 ਯੂਨਿਟ ਬਿਜਲੀ ਮੁਫਤ, ਬਜ਼ੁਰਗਾਂ ਨੂੰ 6 ਹਜ਼ਾਰ ਮਹੀਨਾ ਪੈਨਸ਼ਨ ਦਿੱਤੀ ਜਾਵੇਗੀ ਅਤੇ ਨੌਜਵਾਨਾਂ ਸਰਕਾਰੀ ਨੌਕਰੀਆਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਔਰਤਾਂ ਨੂੰ ਰਸੋਈ ਗੈਸ ਸਿਲੰਡਰ 500 ਰੁਪਏ ਵਿਚ ਮਿਲੇਗਾ। ਉਨ੍ਹਾਂ ਹਰਿਆਣਾ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਭਾਜਪਾ ਨੇ ਹੁਣ ਤੱਕ ਜਿੰਨੀਆਂ ਵੀ ਗਾਰੰਟੀਆਂ ਦਿੱਤੀਆਂ ਹਨ, ਉਹ ਪੂਰੀਆਂ ਨਹੀਂ ਹੋਈਆਂ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਕਿਸਾਨ ਤੇ ਮਜ਼ਦੂਰ ਵਿਰੋਧੀ ਹੈ। ਇਸ ਦੌਰਾਨ ਉਨ੍ਹਾਂ ਨੇ ਸੂਬੇ ਦੀ ਮਾੜੀ ਕਾਨੂੰਨ ਵਿਵਸਥਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਅੱਜ ਹਰ ਵਿਅਕਤੀ ਪ੍ਰੇਸ਼ਾਨ ਹੈ। ਸਰਕਾਰ ਕਾਨੂੰਨ ਵਿਵਸਥਾ ਬਣਾਏ ਰੱਖਣ ਵਿੱਚ ਨਾਕਾਮ ਹੋ ਚੁੱਕੀ ਹੈ ਤੇ ਵਪਾਰੀਆਂ ਨੂੰ ਫਿਰੌਤੀਆਂ ਲਈ ਧਮਕੀਆਂ ਮਿਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹਰਿਆਣਾ ਕਦੇ ਆਮਦਨ, ਨਿਵੇਸ਼, ਰੁਜ਼ਗਾਰ ਤੇ ਕਾਨੂੰਨ ਵਿਵਸਥਾ ਵਿੱਚ ਪਹਿਲੇ ਸਥਾਨ ’ਤੇ ਸੀ, ਜੋ ਫਾਡੀ ਹੋ ਚੁੱਕਾ ਹੈ। ਇਸ ਮੌਕੇ ਜ਼ੋਨ ਇੰਚਾਰਜ ਪ੍ਰਿੰਸ ਘਿਸਰਪੜੀ, ਜੋਗਿੰਦਰ ਬੁਹਾਵੀ, ਅਮਨ ਸ਼ਰਮਾ ਬੁਹਾਵੀ, ਨੀਰਜ ਕੁਮਾਰ, ਸੋਹਣ ਕਸ਼ਯਪ, ਮਾਮ ਚੰਦ ਬੀੜ ਕਾਲਵਾ, ਪ੍ਰਦੀਪ ਈਸ਼ਰਹੇੜੀ, ਰਾਜ ਪਾਲ, ਬਲਦੇਵ ਸਿੰਘ, ਰਣਧੀਰ ਪਾਲ, ਧਿਆਨ ਚੰਦ ਤੇ ਹੋਰ ਪਾਰਟੀ ਵਰਕਰ ਮੌਜੂਦ ਸਨ।