ਕਾਂਗਰਸੀ ਆਗੂਆਂ ਨੇ ਜਤਿੰਦਰ ਕੌਰ ਰੰਧਾਵਾ ਦੀ ਚੋਣ ਮੁਹਿੰਮ ਭਖਾਈ
ਦਲਬੀਰ ਸੱਖੋਵਾਲੀਆ
ਡੇਰਾ ਬਾਬਾ ਨਾਨਕ, 12 ਨਵੰਬਰ
ਕਾਂਗਰਸ ਦੇ ਸੀਨੀਅਰ ਆਗੂਆਂ ਵੱਲੋਂ ਉਮੀਦਵਾਰ ਜਤਿੰਦਰ ਕੌਰ ਰੰਧਾਵਾ ਦੇ ਹੱਕ ਵਿੱਚ ਵੱਖ ਵੱਖ ਪਿੰਡਾਂ ’ਚ ਚੋਣ ਮੀਟਿੰਗਾਂ ਕੀਤੀਆਂ ਗਈਆਂ। ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ, ਸਾਬਕਾ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ, ਸਾਬਕਾ ਵਿਧਾਇਕ ਤਰਸੇਮ ਸਿੰਘ ਡੀਸੀ ਤੇ ਹਲਕਾ ਇੰਚਾਰਜ ਮਜੀਠਾ ਭਗਵੰਤਪਾਲ ਸੱਚਰ ਸਮੇਤ ਹੋਰ ਆਗੂਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਦੇ ਹੱਕ ਵਿੱਚ ਵੋਟ ਪਾਉਣ। ਇਸੇ ਤਰ੍ਹਾਂ ਪਿੰਡ ਗਾਜ਼ੀਪੁਰ ਦੇ ‘ਆਪ’ ਦੇ ਸੱਤ ਪਰਿਵਾਰ, ਪਿੰਡ ਗਿੱਲਾਂਵਾਲੀ ਦੇ 65 ਸਾਲਾਂ ਤੋਂ ਪੁਰਾਣੇ ਅਕਾਲੀ ਸਮਰਥਕਾਂ ਦੇ ਪੰਜ ਪਰਿਵਾਰਾਂ, ਪਿੰਡ ਕਠਿਆਲਾ ਦੇ ਅੱਠ ਅਕਾਲੀ ਪਰਿਵਾਰਾਂ, ਪਿੰਡ ਸ਼ਾਹਪੁਰ ਜਾਜਨ ਅਤੇ ਚਾਕਾਂਵਾਲੀ ਦੇ ਦੋ-ਦੋ ਪਰਿਵਾਰਾਂ ਵੱਲੋਂ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਗਿਆ। ਐੱਮਪੀ ਰੰਧਾਵਾ ਨੇ ਕਿਹਾ ਕਿ ਕਾਂਗਰਸ ਵਿੱਚ ਸ਼ਾਮਲ ਹੋਣ ਵਾਲੇ ਪਰਿਵਾਰ ਅੱਜ ਤੋਂ ਰੰਧਾਵਾ ਪਰਿਵਾਰ ਦਾ ਹਿੱਸਾ ਹਨ ਅਤੇ ਪਾਰਟੀ ਇਨ੍ਹਾਂ ਪਰਿਵਾਰਾਂ ਨਾਲ ਡੱਟ ਕੇ ਖੜ੍ਹਦਿਆਂ ਇਨ੍ਹਾਂ ਨੂੰ ਪੂਰਾ ਮਾਣ ਸਤਿਕਾਰ ਦੇਵੇਗੀ।