For the best experience, open
https://m.punjabitribuneonline.com
on your mobile browser.
Advertisement

ਕਾਂਗਰਸ ਆਗੂ ਚੰਨੀ 1,75,993 ਵੋਟਾਂ ਦੇ ਫ਼ਰਕ ਨਾਲ ਜੇਤੂ

08:06 AM Jun 05, 2024 IST
ਕਾਂਗਰਸ ਆਗੂ ਚੰਨੀ 1 75 993 ਵੋਟਾਂ ਦੇ ਫ਼ਰਕ ਨਾਲ ਜੇਤੂ
ਜਲੰਧਰ ਵਿੱਚ ਆਪਣੀ ਪਤਨੀ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ।
Advertisement

ਪਾਲ ਸਿੰਘ ਨੌਲੀ
ਜਲੰਧਰ, 4 ਜੂਨ
ਕਾਂਗਰਸ ਦੇ ਉਮੀਦਵਾਰ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਲੋਕ ਸਭਾ ਚੋਣ ਵਿੱਚ ਵੱਡੀ ਜਿੱਤ ਦਰਜ ਕਰਦਿਆਂ ਆਪਣੇ ਵਿਰੋਧੀ ਭਾਜਪਾ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੂੰ 175993 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ। ਚੰਨੀ ਨੂੰ ਕੁੱਲ 3,90,053 ਵੋਟਾਂ ਮਿਲੀਆਂ ਜਦਕਿ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੂੰ 2,14,060, ਆਮ ਆਦਮੀ ਪਾਰਟੀ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਨੂੰ 2,08,889, ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਸਿੰਘ ਕੇਪੀ ਨੂੰ 67,911 ਅਤੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਨੂੰ 64,941 ਵੋਟਾਂ ਪ੍ਰਾਪਤ ਹੋਈਆਂ। ਨੋਟਾ ਨੂੰ 4743 ਵੋਟਾਂ ਮਿਲੀਆਂ। ਜਲੰਧਰ ਲੋਕ ਸਭਾ ਹਲਕੇ ਲਈ ਭਾਵੇਂ 20 ਉਮੀਦਵਾਰ ਖੜ੍ਹੇ ਸਨ ਪਰ ਮੁੱਖ ਮੁਕਾਬਲਾ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਤੇ ‘ਆਪ’ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਵਿਚਾਲੇ ਮੰਨਿਆ ਜਾ ਰਿਹਾ ਸੀ। ਭਾਜਪਾ ਦਾ ਪੇਂਡੂ ਹਲਕਿਆਂ ਵਿੱਚ ਵਿਰੋਧ ਹੋਣ ਕਾਰਨ ਸੁਸ਼ੀਲ ਰਿੰਕੂ ਦੇ ‘ਆਪ’ ਤੋਂ ਵੀ ਪੱਛੜ ਜਾਣ ਦੀਆਂ ਉਮੀਦਾਂ ਲਾਈਆ ਜਾ ਰਹੀਆਂ ਸਨ ਪਰ ਚੋਣਾਂ ਦੇ ਆਏ ਨਤੀਜਿਆਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ‘ਆਪ’ ਦੇ ਜਲੰਧਰ ਲੋਕ ਸਭਾ ਹਲਕੇ ਵਿੱਚ ਚਾਰ ਵਿਧਾਇਕ ਹੋਣ ਦੇ ਬਾਵਜੂਦ ਵੀ ਕਿਸੇ ਇੱਕ ਵਿਧਾਨ ਸਭਾ ਹਲਕੇ ਵਿੱਚ ‘ਆਪ’ ਨੂੰ ਲੀਡ ਨਹੀਂ ਮਿਲੀ। ਚੰਨੀ ਨੇ ਆਪਣੇ ਵਿਰੋਧੀਆਂ ਨੂੰ ਪਹਿਲੇ ਗੇੜ ਤੋਂ ਪਛਾੜਨਾ ਸ਼ੁਰੂ ਕਰ ਦਿੱਤਾ ਸੀ ਜੋ ਆਖੀਰ ਤੱਕ ਜਾਰੀ ਰਿਹਾ। ਭਾਜਪਾ ਉਮੀਦਵਾਰ ਰਿੰਕੂ ਸ਼ੁਰੂ ਤੋਂ ਹੀ ਦੂਜੇ ਸਥਾਨ ’ਤੇ ਰਹੇ। ਸੱਤਾਧਾਰੀ ਪਾਰਟੀ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਵੀ ਸ਼ੁਰੂ ਤੋਂ ਹੀ ਤੀਜੇ ਸਥਾਨ ’ਤੇ ਰਹੇ ਉਹ ਕਿਸੇ ਵੀ ਗੇੜ ਵਿੱਚ ਆਪਣੇ ਵਿਰੋਧੀਆਂ ਤੋਂ ਅੱਗੇ ਵੱਧ ਨਹੀਂ ਸਕੇ।
ਸ੍ਰੀ ਚੰਨੀ ਨੇ ਕਿਹਾ ਕਿ ਜਲੰਧਰ ਦੇ ਲੋਕਾਂ ਨੇ ਦਲ ਬਦਲੂਆਂ ਨੂੰ ਸਬਕ ਸਿਖਾਇਆ ਹੈ। ਇਸ ਨਾਲ ਲੋਕਾਂ ਦਾ ਭਰੋਸਾ ਪਾਰਟੀ ਉਮੀਦਵਾਰ ਵਿੱਚ ਬੱਝਾ ਹੈ। ਜ਼ਿਕਰਯੋਗ ਹੈ ਕਿ ਜਲੰਧਰ ਵਿੱਚ ਸਭ ਤੋਂ ਵੱਧ ਦਲ ਬਦਲੀਆਂ ਹੋਈਆਂ ਸਨ। ‘ਆਪ’ ਦੇ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਟਿਕਟ ਮਿਲਣ ਦੇ ਬਾਵਜੂਦ ਵੀ ਪਾਰਟੀ ਬਦਲ ਕੇ ਭਾਜਪਾ ਵਿੱਚ ਸ਼ਾਮੂਲੀਅਤ ਕਰ ਲਈ ਸੀ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਆਏ ਪਵਨ ਕੁਮਾਰ ਟੀਨੂੰ ਨੇ ਐਨ ਮੌਕੇ ’ਤੇ ‘ਆਪ’ ਦਾ ਝਾੜੂ ਫੜ ਲਿਆ। ਇਸੇ ਤਰ੍ਹਾਂ ਟਕਸਾਲੀ ਕਾਂਗਰਸੀ ਆਗੂ ਮਹਿੰਦਰ ਸਿੰਘ ਕੇਪੀ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਏ। ਇਨ੍ਹਾਂ ਤੋਂ ਇਲਾਵਾ ਕਮਿਊਨਿਸਟ ਪਾਰਟੀ ਆਫ਼ ਇੰਡੀਆ (ਮਾਰਕਸਿਸਟ) ਦੇ ਉਮੀਦਵਾਰ ਮਾਸਟਰ ਪਰਸ਼ੋਤਮ ਲਾਲ ਬਿਲਗਾ ਨੂੰ 5958, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) (ਸਿਮਰਨਜੀਤ ਸਿੰਘ ਮਾਨ) ਦੇ ਉਮੀਦਵਾਰ ਸਰਬਜੀਤ ਸਿੰਘ ਖਾਲਸਾ ਨੂੰ 19,284, ਰਿਪਬਲਿਕਨ ਪਾਰਟੀ ਆਫ਼ ਇੰਡੀਆ (ਅਠਾਵਾਲੇ) ਦੀ ਉਮੀਦਵਾਰ ਸੋਨੀਆ ਨੂੰ 1055, ਡੈਮੋਕ੍ਰੈਟਿਕ ਭਾਰਤੀ ਸਮਾਜ ਪਾਰਟੀ ਦੇ ਉਮੀਦਵਾਰ ਭਗਤ ਗੁਲਸ਼ਨ ਆਜ਼ਾਦ ਨੂੰ 930 ਵੋਟਾਂ ਪ੍ਰਾਪਤ ਹੋਈਆਂ।

Advertisement

17 ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ

ਜਲੰਧਰ (ਨਿੱਜੀ ਪੱਤਰ ਪ੍ਰੇਰਕ): ਲੋਕ ਸਭਾ ਚੋਣਾਂ ਦੇ ਨਤੀਜੇ ਸਾਹਮਣੇ ਆ ਗਏ ਹਨ। ਜਲੰਧਰ ਵਿੱਚ ਕੁਲ 20 ਉਮੀਦਵਾਰ ਚੋਣ ਮੈਦਾਨ ਵਿੱਚ ਸਨ। ਉਨ੍ਹਾਂ ਵਿੱਚ ਸਿਰਫ ਤਿੰਨ ਉਮੀਦਵਾਰਾਂ ਦੀ ਜ਼ਮਾਨਤ ਹੀ ਬਚੀ ਹੈ, ਬਾਕੀ 17 ਜਣਿਆਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਹਨ। ਜ਼ਮਾਨਤਾਂ ਜ਼ਬਤ ਹੋਣ ਵਾਲਿਆਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਸਿੰਘ ਕੇਪੀ ਵੀ ਸ਼ਾਮਲ ਹਨ। ਉਨ੍ਹਾਂ ਨੂੰ ਕੁੱਲ 67,911 ਵੋਟਾਂ ਹੀ ਮਿਲੀਆਂ ਹਨ। ਬਸਪਾ ਦੇ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਨੂੰ 64,941 ਵੋਟਾਂ ਪ੍ਰਾਪਤ ਹੋਈਆਂ ਜਦ ਕਿ ਨੋਟਾ ਨੂੰ ਕੁੱਲ 4743 ਵੋਟਾਂ ਪਈਆਂ ਹਨ। ਬਸਪਾ ਉਮੀਦਵਾਰ ਬਲਵਿੰਦਰ ਕੁਮਾਰ ਨੇ ਦੋਸ਼ ਲਾਇਆ ਕਿ ਈਵੀਐੱਮ ਵਿੱਚ ਗੜਬੜ ਕੀਤੀ ਗਈ ਹੈ।

Advertisement
Author Image

joginder kumar

View all posts

Advertisement
Advertisement
×