ਕਾਂਗਰਸ ਨੇ ‘ਜੈ ਬਾਪੂ, ਜੈ ਭੀਮ, ਜੈ ਸੰਵਿਧਾਨ’ ਮੁਹਿੰਮ ਵਿੱਢੀ
ਕਾਂਗਰਸ ਨੇ ਭਾਰਤ ਦੇ ਸੰਵਿਧਾਨ ਦੇ ਮੁੱਖ ਨਿਰਮਾਤਾ ਬੀਆਰ ਅੰਬੇਡਕਰ ਦਾ ‘ਅਪਮਾਨ’ ਕਰਨ ਖ਼ਿਲਾਫ਼ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅਸਤੀਫ਼ੇ ਲਈ ਦਬਾਅ ਪਾਉਣ ਲਈ ‘ਜੈ ਬਾਪੂ, ਜੈ ਭੀਮ, ਜੈ ਸੰਵਿਧਾਨ’ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।
ਕਾਂਗਰਸ ਨੇਤਾ ਪਵਨ ਖੇੜਾ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਪਾਰਟੀ ਆਗੂ ਹਰ ਜ਼ਿਲ੍ਹੇ ਵਿੱਚ ‘ਚੌਪਾਲਾਂ’ ਦਾ ਆਯੋਜਨ ਕਰਨਗੇ ਅਤੇ ਲੋਕਾਂ ਨੂੰ ਦੱਸਣਗੇ ਕਿ ਕਿਵੇਂ ਭਾਜਪਾ-ਆਰਐੱਸਐੱਸ ਦਹਾਕਿਆਂ ਤੋਂ ਅੰਬੇਡਕਰ ਅਤੇ ਸੰਵਿਧਾਨ ਦਾ ਅਪਮਾਨ ਕਰ ਰਹੇ ਹਨ।
ਪਵਨ ਖੇੜਾ ਨੇ ਕਿਹਾ ਕਿ 3 ਜਨਵਰੀ ਨੂੰ ਸ਼ੁਰੂ ਕੀਤੀ ਗਈ ਇਹ ਮੁਹਿੰਮ 26 ਜਨਵਰੀ ਨੂੰ ਡਾ. ਅੰਬੇਡਕਰ ਦੇ ਜਨਮ ਸਥਾਨ ਮੱਧ ਪ੍ਰਦੇਸ਼ ਦੇ ਮਹੂ ਵਿੱਚ ਸੰਵਿਧਾਨ ਅਤੇ ਗਣਤੰਤਰ ਦੇ 75 ਸਾਲਾਂ ਦੀ ਯਾਦ ਵਿੱਚ ਇੱਕ ਵਿਸ਼ਾਲ ਰੈਲੀ ਨਾਲ ਸਮਾਪਤ ਹੋਵੇਗੀ। ਉਨ੍ਹਾਂ ਕਿਹਾ, ‘‘ਡਾ. ਅੰਬੇਡਕਰ ਦੀ ਵਿਰਾਸਤ ਅਤੇ ਕਦਰਾਂ-ਕੀਮਤਾਂ ਦੀ ਰਾਖ਼ੀ ਲਈ 26 ਜਨਵਰੀ, 2025 ਤੋਂ 26 ਜਨਵਰੀ, 2026 ਤੱਕ ਇੱਕ ‘ਸੰਵਿਧਾਨ ਬਚਾਓ ਰਾਸ਼ਟਰੀ ਪਦਯਾਤਰਾ’ ਸ਼ੁਰੂ ਕੀਤੀ ਜਾਵੇਗੀ, ਜੋ ਦੇਸ਼ ਭਰ ਦੇ ਪਿੰਡਾਂ ਅਤੇ ਕਸਬਿਆਂ ਨੂੰ ਏਕਤਾ ਅਤੇ ਸਮਾਜਿਕ ਨਿਆਂ ਦੇ ਪ੍ਰਭਾਵਸ਼ਾਲੀ ਸੰਦੇਸ਼ ਨਾਲ ਜੋੜੇਗੀ। ਕਾਂਗਰਸ ਨੇਤਾ ਨੇ ਕਿਹਾ, ‘‘ਅਸੀਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਡਾ. ਅੰਬੇਡਕਰ ਵਿਰੁੱਧ ਅਪਮਾਨਜਨਕ ਟਿੱਪਣੀਆਂ ਲਈ ਬਰਖਾਸਤ ਕਰਨ ਦੀ ਸਾਡੀ ਮੰਗ ਨੂੰ ਦੁਹਰਾਉਂਦੇ ਹਾਂ।’’ -ਪੀਟੀਆਈ