ਕਾਂਗਰਸ ਨੇ ‘ਘਰ ਘਰ ਗਾਰੰਟੀ’ ਮੁਹਿੰਮ ਦੀ ਸ਼ੁਰੂਆਤ ਕੀਤੀ
ਨਵੀਂ ਦਿੱਲੀ, 3 ਅਪਰੈਲ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਲੋਕ ਸਭਾ ਚੋਣਾਂ ਲਈ ਅੱਜ ਉੱਤਰ-ਪੂਰਬੀ ਦਿੱਲੀ ਤੋਂ ਪਾਰਟੀ ਦੀ ‘ਘਰ ਘਰ ਗਾਰੰਟੀ’ ਮੁਹਿੰਮ ਦੀ ਸ਼ੁਰੂਆਤ ਕੀਤੀ ਅਤੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ‘ਗਾਰੰਟੀ’ ਪੂਰੀ ਤਰ੍ਹਾਂ ਨਾਕਾਮ ਰਹੀ ਹੈ ਅਤੇ ਇਹ ਆਮ ਲੋਕਾਂ ਤੱਕ ਨਹੀਂ ਪਹੁੰਚਦੀ। ਉਨ੍ਹਾਂ ਕਿਹਾ ਕਾਂਗਰਸ ਪਾਰਟੀ ਜੋ ਗਾਰੰਟੀ ਦੇ ਰਹੀ ਹੈ, ਉਹ ਉਸ ’ਤੇ ਅਮਲ ਕਰੇਗੀ। ਉੱਤਰ-ਪੱਛਮੀ ਦਿੱਲੀ ਲੋਕ ਸਭਾ ਹਲਕੇ ਦੇ ਕੈਠਵਾੜਾ ਤੋਂ ਮੁਹਿੰਮ ਸ਼ੁਰੂ ਕਰਦਿਆਂ ਕਾਂਗਰਸ ਨੇ ਆਪਣੇ ‘ਪਾਂਚ ਨਿਆਏ, ਪੱਚੀਸ ਗਾਰੰਟੀ’ ਵਾਲੇ ਪਰਚੇ ਵੀ ਵੰਡੇ। ਪਾਰਟੀ ਦਾ ਟੀਚਾ ਆਪਣਾ ਗਾਰੰਟੀ ਕਾਰਡ ਅੱਠ ਕਰੋੜ ਲੋਕਾਂ ਤੱਕ ਪਹੁੰਚਾਉਣਾ ਹੈ।
ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਇੱਕ ਅਹਿਮ ਗੱਲ ਨੋਟ ਕਰਨ ਵਾਲੀ ਹੈ ਕਿ ‘ਘਰ ਘਰ ਗਾਰੰਟੀ’ ਮੁਹਿੰਮ ਉਸੇ ਥਾਂ ਤੋਂ ਸ਼ੁਰੂ ਕੀਤੀ ਗਈ ਹੈ ਜਿੱਥੋਂ 1978 ਵਿੱਚ ਪਾਰਟੀ ਨੇ ਪਹਿਲੀ ਵਾਰ ਚੋਣ ਨਿਸ਼ਾਨ ‘ਹੱਥ’ ਦੀ ਵਰਤੋਂ ਕੀਤੀ ਸੀ। ਕਾਂਗਰਸ ਦੀ ਚੋਣ ਮੁਹਿੰਮ ਦਾ ਨਾਅਰਾ ‘ਹਾਥ ਬਦਲੇਗਾ ਹਾਲਾਤ’ ਵੀ ਉਸ ਦੇ ਚੋਣ ਨਿਸ਼ਾਨ ’ਤੇ ਹੀ ਕੇਂਦਰਿਤ ਹੈ। ਪ੍ਰਧਾਨ ਮੰਤਰੀ ਨੂੰ ਨਿਸ਼ਾਨੇ ’ਤੇ ਲੈਂਦਿਆਂ ਖੜਗੇ ਨੇ ਕਿਹਾ, ‘ਅਸੀਂ ਇਸ ਗੱਲ ਦੀ ਗਾਰੰਟੀ ਦਿੰਦੇ ਹਾਂ ਕਿ ਸਾਡੀ ਸਰਕਾਰ ਨੇ ਹਮੇਸ਼ਾ ਲੋਕਾਂ ਲਈ ਕੰਮ ਕੀਤਾ ਹੈ ਅਤੇ ਹਮੇਸ਼ਾ ਕਰਦੀ ਰਹੇਗੀ। ਪ੍ਰਧਾਨ ਮੰਤਰੀ ‘ਮੋਦੀ ਦੀ ਗਾਰੰਟੀ’ ਬਾਰੇ ਗੱਲ ਕਰਦੇ ਹਨ ਪਰ ਉਨ੍ਹਾਂ ਦੀਆਂ ਗਾਰੰਟੀਆਂ ਨਾਕਾਮ ਹਨ ਤੇ ਲੋਕਾਂ ਤੱਕ ਨਹੀਂ ਪਹੁੰਚਦੀਆਂ।’ ਉਨ੍ਹਾਂ ਕਿਹਾ ਕਿ ਮੋਦੀ ਨੇ ਹਰ ਸਾਲ ਦੋ ਕਰੋੜ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ ਪਰ ਲੋਕਾਂ ਨੂੰ ਰੁਜ਼ਗਾਰ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਉਹ ਇਸ ਗੱਲ ਤੋਂ ਹੈਰਾਨ ਹਨ ਕਿ ਲੋਕ ਅਜਿਹੇ ਪ੍ਰਚਾਰ ਨੂੰ ਹੁਲਾਰਾ ਕਿਉਂ ਦਿੰਦੇ ਹਨ ਤੇ ਝੂਠ ਬੋਲਣ ਵਾਲਿਆਂ ਨੂੰ ਵੋਟ ਕਿਉਂ ਦਿੰਦੇ ਹਨ। ਉਨ੍ਹਾਂ ਕਿਹਾ ਕਿ ਹਾਕਮ ਧਿਰ ਭਾਜਪਾ ਨੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਅਤੇ ਫਸਲਾਂ ’ਤੇ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਦਾ ਵਾਅਦਾ ਕੀਤਾ ਸੀ ਪਰ ਪੂਰਾ ਨਹੀਂ ਕੀਤਾ। ਉਨ੍ਹਾਂ ਕਿਹਾ, ‘ਅਸੀਂ ਦੇਸ਼ ਨੂੰ ਦੱਸਣਾ ਚਾਹੁੰਦੇ ਹਾਂ ਕਿ ਜੋ ਵੀ ਵਾਅਦਾ ਕਰਾਂਗੇ, ਪੂਰਾ ਕੀਤਾ ਜਾਵੇਗਾ।’ ਉਨ੍ਹਾਂ ਨੇ ਕਾਂਗਰਸ ਸਰਕਾਰ ਵੱਲੋਂ ਪੂਰੀਆਂ ਕੀਤੀਆਂ ਗਾਰੰਟੀਆਂ ਅਤੇ ਮਨਰੇਗਾ, ਆਰਟੀਆਈ, ਖੁਰਾਕ ਦਾ ਅਧਿਕਾਰ ਤੇ ਸਿੱਖਿਆ ਦਾ ਅਧਿਕਾਰ ਜਿਹੇ ਪ੍ਰੋਗਰਾਮਾਂ ਦਾ ਜ਼ਿਕਰ ਜਿਨ੍ਹਾਂ ਬਾਰੇ ਸਰਕਾਰ ਨੇ ਵਾਅਦਾ ਵੀ ਨਹੀਂ ਕੀਤਾ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਵਰਕਰ ਘਰ ਘਰ ਜਾ ਕੇ ਗਾਰੰਟੀ ਕਾਰਡ ਵੰਡਣਗੇ ਅਤੇ ਲੋਕਾਂ ਨੂੰ ਦੱਸਣਗੇ ਕਿ ‘ਇੰਡੀਆ’ ਗੱਠਜੋੜ ਦੀ ਸਰਕਾਰ ਬਣਨ ’ਤੇ ਉਹ ਲੋਕਾਂ ਲਈ ਕੀ-ਕੀ ਕਰਨਗੇ। -ਪੀਟੀਆਈ