ਮਨੀਪੁਰ ਬਾਰੇ ਗ਼ਲਤ ਜਾਣਕਾਰੀ ਫੈਲਾਅ ਰਹੀ ਹੈ ਕਾਂਗਰਸ: ਨੱਢਾ
ਨਵੀਂ ਦਿੱਲੀ, 22 ਨਵੰਬਰ
ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ਮਨੀਪੁਰ ਦੇ ਮਾਮਲੇ ’ਚ ਰਾਸ਼ਟਰਪਤੀ ਦਰੋਪਦੀ ਮੁਰਮੂ ਤੋਂ ਦਖਲ ਦੀ ਮੰਗ ਕਰਨ ਅਤੇ ਕੇਂਦਰ ’ਤੇ ਇਸ ਸੰਕਟ ਨਾਲ ਨਜਿੱਠਣ ’ਚ ਨਾਕਾਮ ਰਹਿਣ ਦਾ ਦੋਸ਼ ਲਾਉਣ ਲਈ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਜਵਾਬ ਦਿੱਤਾ ਅਤੇ ਕਿਹਾ ਕਿ ਕਾਂਗਰਸ ਮਨੀਪੁਰ ’ਚ ਗੜਬੜੀ ਦੇ ਮੁੱਦੇ ਨੂੰ ਲੈ ਕੇ ‘ਗਲਤ, ਝੂਠੀ ਤੇ ਸਿਆਸੀ ਤੌਰ ’ਤੇ ਪ੍ਰੇਰਿਤ’ ਜਾਣਕਾਰੀ ਫੈਲਾਅ ਰਹੀ ਹੈ।
ਭਾਜਪਾ ਪ੍ਰਧਾਨ ਨੱਢਾ ਨੇ ਖੜਗੇ ਦੇ ਦੋਸ਼ਾਂ ਦਾ ਜਵਾਬ ਦਿੰਦਿਆਂ ਦਾਅਵਾ ਕੀਤਾ ਕਿ ਮਨੀਪੁਰ ’ਚ ਸੱਤਾ ’ਚ ਰਹਿੰਦਿਆਂ ਸਥਾਨਕ ਮੁੱਦਿਆਂ ਨਾਲ ਨਜਿੱਠਣ ’ਚ ਕਾਂਗਰਸ ਦੇ ਪੂਰੀ ਤਰ੍ਹਾਂ ਨਾਕਾਮ ਰਹਿਣ ਦੇ ਮਾੜੇ ਨਤੀਜੇ ਅੱਜ ਵੀ ਮਹਿਸੂਸ ਕੀਤੇ ਜਾ ਰਹੇ ਹਨ। ਉਨ੍ਹਾਂ ਖੜਗੇ ਨੂੰ ਕਿਹਾ ਕਿ ਸਭ ਤੋਂ ਵੱਧ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਕਾਂਗਰਸ ਵਾਰ ਵਾਰ ਮਨੀਪੁਰ ਦੀ ਸਥਿਤੀ ਨੂੰ ਸਨਸਨੀਖੇਜ਼ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਹਿੰਸਾ ਦੀ ਪਹਿਲੀ ਘਟਨਾ ਤੋਂ ਬਾਅਦ ਤੋਂ ਹੀ ਸੂਬੇ ’ਚ ਸਥਿਰਤਾ ਤੇ ਸ਼ਾਂਤੀ ਲਿਆਉਣ ਲਈ ਕੰਮ ਕਰ ਰਹੀ ਹੈ। -ਪੀਟੀਆਈ
ਨੱਢਾ ਦਾ ਪੱਤਰ ਝੂਠ ਦਾ ਪੁਲੰਦਾ: ਕਾਂਗਰਸ
ਨਵੀਂ ਦਿੱਲੀ: ਕਾਂਗਰਸ ਨੇ ਅੱਜ ਦੋਸ਼ ਲਾਇਆ ਕਿ ਭਾਜਪਾ ਪ੍ਰਧਾਨ ਜੇਪੀ ਨੱਢਾ ਵੱਲੋਂ ਪਾਰਟੀ ਮੁਖੀ ਮਲਿਕਾਰਜੁਨ ਖੜਗੇ ਨੂੰ ਲਿਖਿਆ ਗਿਆ ਪੱਤਰ ਝੂਠ ਨਾਲ ਭਰਿਆ ਹੋਇਆ ਹੈ ਅਤੇ ਇਹ ਮਨੀਪੁਰ ਦੇ ਮਸਲੇ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਹੈ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਇਹ ਸਵਾਲ ਵੀ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੂਬੇ ਦਾ ਦੌਰਾ ਕਦੋਂ ਕਰਨਗੇ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਮਨੀਪੁਰ ’ਚ ਆਪਣੀਆਂ ਨਾਕਾਮੀਆਂ ਦੀ ਜ਼ਿੰਮੇਵਾਰੀ ਕਦੋਂ ਲੈਣਗੇ? ਰਮੇਸ਼ ਨੇ ਐਕਸ ’ਤੇ ਕਿਹਾ, ‘ਮਨੀਪੁਰ ਬਾਰੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਭਾਰਤ ਦੇ ਰਾਸ਼ਟਰਪਤੀ ਨੂੰ ਪੱਤਰ ਲਿਖਿਆ। ਜ਼ਾਹਿਰ ਤੌਰ ’ਤੇ ਉਸ ਪੱਤਰ ਦਾ ਜਵਾਬ ਦੇਣ ਲਈ ਹੁਣ ਭਾਜਪਾ ਪ੍ਰਧਾਨ ਨੇ ਕਾਂਗਰਸ ਪ੍ਰਧਾਨ ਨੂੰ ਪੱਤਰ ਲਿਖਿਆ ਹੈ।’ ਉਨ੍ਹਾਂ ਦਾਅਵਾ ਕੀਤਾ ਕਿ ਨੱਢਾ ਦਾ ਪੱਤਰ ਝੂਠ ਨਾਲ ਭਰਿਆ ਹੈ ਅਤੇ 4ਡੀ ਡਿਨਾਇਲ (ਇਨਕਾਰ), ਡਿਸਟੌਰਸ਼ਨ (ਤੋੜਨ-ਮਰੋੜਨ), ਡਿਸਟਰੈਕਸ਼ਨ (ਧਿਆਨ ਭਟਕਾਉਣ) ਅਤੇ ਡੀਫੇਮੇਸ਼ਨ (ਅਪਮਾਨ ਕਰਨ) ਦੀ ਕਵਾਇਦ ਹੈ। -ਪੀਟੀਆਈ