ਕਸ਼ਮੀਰ ਲਈ ਵੱਖਰੇ ਸੰਵਿਧਾਨ ਦੀ ਯੋਜਨਾ ਬਣਾ ਰਹੀ ਹੈ ਕਾਂਗਰਸ: ਮੋਦੀ
ਛਤਰਪਤੀ ਸੰਭਾਜੀਨਗਰ, 14 ਨਵੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਕਾਂਗਰਸ ਤੇ ਉਸ ਦੇ ਸਹਿਯੋਗੀ ਕਸ਼ਮੀਰ ਲਈ ਵੱਖਰਾ ਸੰਵਿਧਾਨ ਲਿਆਉਣ ਦੀ ਯੋਜਨਾ ਬਣਾ ਰਹੇ ਹਨ ਅਤੇ ਧਾਰਾ 370 ਦੀ ਬਹਾਲੀ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਮੋਦੀ ਨੇ ਇਹ ਵੀ ਕਿਹਾ ਕਿ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ’ਚ ਮੁਕਾਬਲਾ ਸੰਭਾਜੀ ਨੂੰ ਮਹਾਰਾਜ ਮੰਨਣ ਵਾਲੇ ਦੇਸ਼ ਭਗਤਾਂ ਤੇ ਔਰੰਗਜ਼ੇਬ ਦਾ ਗੁਣਗਾਣ ਕਰਨ ਵਾਲਿਆਂ ਵਿਚਾਲੇ ਹਨ। ਮੋਦੀ ਨੇ ਇੱਥੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ, ‘ਕੀ ਮਹਾਰਾਸ਼ਟਰ ਦੇ ਲੋਕ ਕਾਂਗਰਸ ਤੇ ਪਾਕਿਸਤਾਨ ਦੀ ਭਾਸ਼ਾ ਬੋਲਣ ਵਾਲੇ ਉਸ ਦੇ ਸਹਿਯੋਗੀਆਂ ਦੀ ਹਮਾਇਤ ਕਰਨਗੇ?’ ਉਨ੍ਹਾਂ ਕਿਹਾ, ‘ਕਾਂਗਰਸ ਤੇ ਉਸ ਦੇ ਸਹਿਯੋਗੀਆਂ ਨੇ ਧਾਰਾ 370 ਬਹਾਲ ਕਰਨ ਲਈ ਇੱਕ ਮਤਾ ਪਾਸ ਕੀਤਾ ਹੈ। ਜਦੋਂ ਅਸੀਂ ਕਸ਼ਮੀਰ ਨੂੰ ਧਾਰਾ 370 ਤੋਂ ਮੁਕਤ ਕੀਤਾ ਤਾਂ ਕਾਂਗਰਸ ਨੇ ਸੰਸਦ ਤੇ ਅਦਾਲਤ ’ਚ ਇਸ ਵਿਰੋਧ ਕੀਤਾ। ਉਹ ਹੁਣ ਮੁੜ ਧਾਰਾ 370 ਬਹਾਲ ਕਰਨ ਅਤੇ ਕਸ਼ਮੀਰ ’ਚ ਇੱਕ ਵੱਖਰਾ ਸੰਵਿਧਾਨ ਬਣਾਉਣ ਦੀ ਯੋਜਨਾ ਬਣਾ ਰਹੇ ਹਨ।’ ਉਨ੍ਹਾਂ ਕਿਹਾ ਕਿ ਕਸ਼ਮੀਰ ਭਾਰਤ ਦਾ ਅਟੁੱਟ ਹਿੱਸਾ ਹੈ ਅਤੇ ਹਰ ਭਾਰਤੀ ਚਾਹੁੰਦਾ ਹੈ ਕਿ ਕਸ਼ਮੀਰ ’ਚ ਸਿਰਫ਼ ਡਾ. ਅੰਬੇਡਕਰ ਦਾ ਸੰਵਿਧਾਨ ਹੋਵੇ। ਮੋਦੀ ਨੇ ਕਿਹਾ ਕਿ ਪੂਰਾ ਮਹਾਰਾਸ਼ਟਰ ਜਾਣਦਾ ਹੈ ਕਿ ਛਤਰਪਤੀ ਸੰਭਾਜੀਨਗਰ ਨੂੰ ਇਹ ਨਾਂ ਦੇਣ ਦੀ ਮੰਗ ਸ਼ਿਵ ਸੈਨਾ ਦੇ ਬਾਨੀ ਬਾਲਾ ਸਾਹਿਬ ਠਾਕਰੇ ਨੇ ਉਠਾਈ ਸੀ ਅਤੇ ਅਜਿਹਾ ਕਰਕੇ ਮਹਾਯੁਤੀ ਸਰਕਾਰ ਨੇ ਉਨ੍ਹਾਂ ਦੀ ਇੱਛਾ ਪੂਰੀ ਕੀਤੀ। -ਪੀਟੀਆਈ
ਕਾਂਗਰਸ ’ਤੇ ਲਾਇਆ ਗਰੀਬਾਂ ਨੂੰ ਲੁੱਟਣ ਦਾ ਦੋਸ਼
ਮੁੰਬਈ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਨਵੇਲ ’ਚ ਰੈਲੀ ਕਰਦਿਆਂ ਕਿਹਾ ਕਿ ਕਾਂਗਰਸ ਨੇ ‘ਗਰੀਬੀ ਹਟਾਓ’ ਦਾ ਨਾਅਰਾ ਦਿੱਤਾ ਪਰ ਉਸ ਨੇ ਗਰੀਬਾਂ ਨੂੰ ਹੀ ਲੁੱਟ ਲਿਆ। ਉਨ੍ਹਾਂ ਦੋਸ਼ ਲਾਇਆ ਕਿ ਦੇਸ਼ ਦੀ ਮੁੱਖ ਵਿਰੋਧੀ ਧਿਰ ਦੀ ਮਾਨਸਿਕਤਾ ਇਹ ਰਹੀ ਹੈ ਕਿ ਗਰੀਬ ਤਰੱਕੀ ਨਾ ਕਰਨ। ਉਨ੍ਹਾਂ ਕਿਹਾ, ‘ਜੇ ਗਰੀਬਾਂ ਨੂੰ ਫਾਇਦਾ ਹੋ ਰਿਹਾ ਹੈ ਤਾਂ ਤੁਹਾਨੂੰ ਖੁਸ਼ੀ ਹੁੰਦੀ ਹੈ ਪਰ ਕਾਂਗਰਸ ਨੂੰ ਇਸ ਗੱਲ ਦਾ ਖੁਸ਼ੀ ਨਹੀਂ ਹੈ।’ ਉਨ੍ਹਾਂ ਕਿਹਾ, ‘ਵੋਟ ਬੈਂਕ ਦੀ ਰਾਜਨੀਤੀ ਦੇ ਮਾਮਲੇ ’ਚ ਕਾਂਗਰਸ ਕਾਫੀ ਅੱਗੇ ਹੈ ਪਰ ਉਹ ਗਰੀਬਾਂ ਦੀ ਦੁਸ਼ਮਣ ਹੈ।’ -ਪੀਟੀਆਈ