ਬਰਨਾਲਾ ਦੇ ਤਿੰਨ ’ਚੋਂ ਦੋ ਹਲਕਿਆਂ ਵਿੱਚ ਕਾਂਗਰਸ ਕੋਲ ਇੰਚਾਰਜ ਨਹੀਂ
ਨਿੱਜੀ ਪੱਤਰ ਪ੍ਰੇਰਕ
ਮਹਿਲ ਕਲਾਂ, 20 ਅਕਤੂਬਰ
ਬਰਨਾਲਾ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਥੋੜ੍ਹੇ ਦਿਨਾਂ ਦਾ ਸਮਾਂ ਰਹਿ ਗਿਆ ਹੈ। ਭਾਵੇਂ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਸੰਭਾਵੀ ਉਮੀਦਵਾਰਾਂ ਨੇ ਜ਼ਿਲ੍ਹੇ ਅੰਦਰ ਰਾਜਸੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ, ਪਰ ਕਾਂਗਰਸ ਪਾਰਟੀ ਨੇ ਜ਼ਿਲ੍ਹੇ ਦੇ ਹਲਕਾ ਮਹਿਲ ਕਲਾਂ ਅਤੇ ਭਦੌੜ ਵਿਚ ਲੰਮੇ ਸਮੇਂ ਤੋਂ ਹਲਕਾ ਇੰਚਾਰਜ ਹੀ ਨਹੀਂ ਲਾਇਆ। ਬਰਨਾਲਾ ਤੋਂ ਪਾਰਟੀ ਦੇ ਹਲਕਾ ਇੰਚਾਰਜ ਮਨੀਸ਼ ਬਾਂਸਲ ਬਹੁਤ ਸਮੇਂ ਤੋਂ ਕਿਸੇ ਰਾਜਸੀ ਸਮਾਗਮ ਵਿੱਚ ਦਿਖਾਈ ਨਹੀਂ ਦਿੱਤੇ ਹਨ। ਮਹਿਲ ਕਲਾਂ ਤੋਂ ਕੈਪਟਨ ਅਮਰਿੰਦਰ ਸਿੰਘ ਗਰੁੱਪ ਦੀ ਹਲਕਾ ਇੰਚਾਰਜ ਹਰਚੰਦ ਕੌਰ ਘਨੌਰੀ ਵਿਧਾਨ ਸਭਾ ਚੋਣਾਂ ਤੋਂ ਤੁਰੰਤ ਬਾਅਦ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਉਸ ਤੋਂ ਬਾਅਦ ਰਸਮੀ ਤੌਰ ’ਤੇ ਕੋਈ ਹਲਕਾ ਇੰਚਾਰਜ ਹੀ ਨਹੀਂ ਲਗਾਇਆ ਗਿਆ ਜਦਕਿ ਹਲਕਾ ਭਦੌੜ ਵਿਚ ਤਿੰਨ ਸਾਲ ਤੋਂ ਵੱਧ ਸਮੇਂ ਤੋਂ ਪਾਰਟੀ ਵੱਲੋਂ ਕੋਈ ਹਲਕਾ ਇੰਚਾਰਜ ਨਹੀਂ ਲਾਇਆ ਗਿਆ। ਬਰਨਾਲਾ ਹਲਕੇ ਤੋਂ ਸਾਬਕਾ ਕੇਂਦਰੀ ਮੰਤਰੀ ਪਵਨ ਬਾਂਸਲ ਦੇ ਪੁੱਤਰ ਮਨੀਸ਼ ਬਾਂਸਲ ਪਾਰਟੀ ਦੇ ਉਮੀਦਵਾਰ ਸਨ ਜੋ ਤੀਜੇ ਸਥਾਨ ’ਤੇ ਆਏ ਸਨ। ਭਾਵੇਂ ਉਹ ਰਸਮੀ ਤੌਰ ’ਤੇ ਅਜੇ ਵੀ ਪਾਰਟੀ ਦੇ ਹਲਕਾ ਇੰਚਾਰਜ ਹਨ ਪਰ ਹਾਰ ਤੋਂ ਬਾਅਦ ਉਨ੍ਹਾਂ ਦੀਆਂ ਹਲਕੇ ਅੰਦਰ ਰਾਜਨੀਤਕ ਸਰਗਰਮੀਆਂ ਨਾਂਹ ਦੇ ਬਰਾਬਰ ਹਨ। ਕਾਂਗਰਸ ਵੱਲੋਂ ਜ਼ਿਮਨੀ ਚੋਣ ਦੇ ਪ੍ਰਮੁੱਖ ਦਾਅਵੇਦਾਰ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ‘ਕਾਲਾ ਢਿੱਲੋਂ’ ਹੀ ਸਰਗਰਰਮ ਹਨ। ਉਹ ਆਪਣੇ ਵੱਲੋਂ ਜ਼ਿਲ੍ਹੇ ਅੰਦਰ ਪਾਰਟੀ ਦੀ ਹੋਂਦ ਦੀ ਲੜਾਈ ਲੜਦੇ ਦਿਖਾਈ ਦੇ ਰਹੇ ਹਨ।