ਧਾਰਾ 370 ਬਹਾਲ ਕਰਨ ਦੇ ਨਾਂ ’ਤੇ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ ਕਾਂਗਰਸ: ਯੋਗੀ
ਸਤਨਾਮ ਸਿੰਘ/ਰਾਮ ਕੁਮਾਰ ਮਿੱਤਲ
ਸ਼ਾਹਬਾਦ ਮਾਰਕੰਡਾ/ਗੂਹਲਾ ਚੀਕਾ, 3 ਅਕਤੂਬਰ
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਨੇ ਸ਼ਾਹਬਾਦ ਹਲਕੇ ਤੋਂ ਭਾਜਪਾ ਉਮੀਦਵਾਰ ਸੁਭਾਸ਼ ਕਲਸਾਣਾ ਦੇ ਹੱਕ ’ਚ ਚੋਣ ਰੈਲੀ ਕੀਤੀ। ਉਨ੍ਹਾਂ ਦਾ ਇੱਥੇ ਪੁੱਜਣ ’ਤੇ ਸੰਸਦ ਮੈਂਬਰ ਨਵੀਨ ਜਿੰਦਲ, ਸੁਭਾਸ਼ ਕਲਸਾਣਾ ਤੇ ਧੁੰਮਣ ਸਿੰਘ ਕਿਰਮਚ ਨੇ ਸਵਾਗਤ ਕੀਤਾ। ਰੈਲੀ ਨੂੰ ਸੰਬੋਧਨ ਕਰਦਿਆਂ ਯੋਗੀ ਨੇ ਕਿਹਾ ਕਿ ਭਾਜਪਾ ਨੇ ਸ਼ਾਹਬਾਦ ਹਲਕੇ ਨੂੰ ਇਕ ਪੜ੍ਹਿਆ ਲਿਖਿਆ ਚਿਹਰਾ ਦਿੱਤਾ ਹੈ। ਇਸ ਲਈ ਲੋਕਾਂ ਦਾ ਫਰਜ਼ ਹੈ ਕਿ ਉਹ ਕਲਸਾਣਾ ਨੂੰ ਜਿਤਾਉਣ। ਯੋਗੀ ਨੇ ਕਿਹਾ ਕਿ ਇਹ ਸਿਰਫ਼ ਭਾਜਪਾ ’ਚ ਹੀ ਸੰਭਵ ਹੈ ਕਿ ਕਿਸੇ ਆਮ ਵਰਕਰ ਨੂੰ ਸੰਸਦ ਮੈਂਬਰ ਤੇ ਫਿਰ ਮੁੱਖ ਮੰਤਰੀ ਵਰਗਾ ਵੱਡਾ ਅਹੁਦਾ ਦਿੱਤਾ ਹੋਵੇ। ਉਨ੍ਹਾਂ ਕਿਹਾ ਕਿ ਕਲਸਾਣਾ ਨੂੰ ਵਿਧਾਇਕ ਬਣਨ ਤੋਂ ਬਾਅਦ ਪਾਰਟੀ ਵੱਲੋਂ ਕੋਈ ਵੱਡਾ ਅਹੁਦਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ ਕਿ ਕਿ ਜੰਮੂ-ਕਸ਼ਮੀਰ ਵਿਚ ਉਨ੍ਹਾਂ ਦੀ ਸਰਕਾਰ ਆਉਣ ’ਤੇ ਉਹ ਧਾਰਾ 370 ਬਹਾਲ ਕਰ ਦੇਣਗੇ ਪਰ ਇਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਉਹ ਜਾਣਦੇ ਹਨ ਕਿ ਇਹ ਕੰਮ ਸਿਰਫ ਕੇਂਦਰ ਸਰਕਾਰ ਹੀ ਕਰ ਸਕਦੀ ਹੈ। ਸੂਬਾ ਸਰਕਾਰ ਕੋਲ ਇਹ ਅਧਿਕਾਰ ਨਹੀਂ। ਭਾਜਪਾ ਉਮੀਦਵਾਰ ਸੁਭਾਸ਼ ਕਲਸਾਣਾ ਨੇ ਕਿਹਾ ਕਿ ਭਾਜਪਾ ਦੀ ਸਰਕਾਰ ਆਉਣ ’ਤੇ ਖੇਤਰ ਦਾ ਵੱਡੇ ਪੱਧਰ ’ਤੇ ਵਿਕਾਸ ਕਰਵਾਇਆ ਜਾਵੇਗਾ। ਇਸ ਮੌਕੇ ਭਾਜਪਾ ਵੱਲੋਂ ਸ਼ਾਹਬਾਦ ਦੇ ਬਾਜ਼ਾਰਾਂ ਵਿੱਚ ਨਸ਼ਿਆਂ ਖ਼ਿਲਾਫ਼ ਰੈਲੀ ਵੀ ਕੀਤੀ ਗਈ, ਜਿਸ ਵਿੱਚ ਵੱਡੀ ਗਿਣਤੀ ਲੋਕਾਂ ਨੇ ਹਿੱਸਾ ਲਿਆ।
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਨੇ ਅੱਜ ਕਲਾਇਤ ਤੋਂ ਭਾਜਪਾ ਉਮੀਦਵਾਰ ਕਮਲੇਸ਼ ਢਾਂਡਾ ਦੇ ਹੱਕ ਵਿੱਚ ਵੀ ਚੋਣ ਪ੍ਰਚਾਰ ਕੀਤਾ।