‘ਪਾੜੋ ਤੇ ਰਾਜ ਕਰੋ’ ਦੀ ਨੀਤੀ ’ਤੇ ਚੱਲਦੀ ਹੈ ਕਾਂਗਰਸ: ਮੋਦੀ
ਨੀਮਚ/ਸਤਨਾ (ਮੱਧ ਪ੍ਰਦੇਸ਼), 9 ਨਵੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਾਂਗਰਸ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਉਹ ਸੱਤਾ ’ਚ ਰਹਿਣ ਲਈ ‘ਪਾੜੋ ਤੇ ਰਾਜ ਕਰੋ’ ਦੀ ਨੀਤੀ ਅਪਣਾਉਂਦੀ ਹੈ ਅਤੇ ਭ੍ਰਿਸ਼ਟਾਚਾਰ ਦੇ ਨਵੇਂ ਰਿਕਾਰਡ ਬਣਾਉਂਦੀ ਹੈ। ਉਨ੍ਹਾਂ ਵਿਰੋਧੀ ਪਾਰਟੀ ’ਤੇ ਉਨ੍ਹਾਂ ਵਿਦੇਸ਼ੀ ਤੱਤਾਂ ਨਾਲ ਖੜ੍ਹੇ ਹੋਣ ਦਾ ਦੋਸ਼ ਲਾਇਆ ਜੋ ਭਾਰਤ ਖ਼ਿਲਾਫ਼ ਸਾਜ਼ਿਸ਼ਾਂ ਰਚਦੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੀ ਸਭ ਤੋਂ ਪੁਰਾਣੀ ਸਿਆਸੀ ਪਾਰਟੀ ਭਗਵਾਨ ਰਾਮ ਨੂੰ ਇੱਕ ਕਾਲਪਨਿਕ ਪਾਤਰ ਹੀ ਦੱਸਦੀ ਹੈ।
ਪ੍ਰਧਾਨ ਮੰਤਰੀ ਨੇ ਇੱਥੇ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ, ‘ਕਾਂਗਰਸ ਨੇ ਦੇਸ਼ ਲਈ ਹਮੇਸ਼ਾ ਸਮੱਸਿਆਵਾਂ ਖੜ੍ਹੀਆਂ ਕੀਤੀਆਂ ਹਨ ਅਤੇ ਉਨ੍ਹਾਂ ਕੋਲ ਸਮੱਸਿਆਵਾਂ ਦਾ ਕੋਈ ਹੱਲ ਨਹੀਂ ਹੈ। ਇਹ ਦੇਸ਼ ’ਤੇ ‘ਪਾੜੋ ਤੇ ਰਾਜ ਕਰੋ’ ਦੀ ਨੀਤੀ ਅਪਣਾ ਕੇ ਰਾਜ ਕਰਦੀ ਹੈ।’ ਮਹਾਤਮਾ ਗਾਂਧੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਰਾਸ਼ਟਰ ਪਤਿਾ ਇਸ ਗੱਲ ’ਤੇ ਜ਼ੋਰ ਦਿੰਦੇ ਸਨ ਕਿ ਸ਼ਾਸਨ ’ਚ ਇਮਾਨਦਾਰੀ ਤੇ ਨੈਤਿਕਤਾ ਸ਼ਾਮਲ ਹੋਣੀ ਚਾਹੀਦੀ ਹੈ ਤੇ ਉਨ੍ਹਾਂ ਦੇਸ਼ ਵਿੱਚ ‘ਰਾਮ ਰਾਜ’ ਦੀ ਕਲਪਨਾ ਕੀਤੀ ਸੀ। ਉਨ੍ਹਾਂ ਕਿਹਾ, ‘ਇੱਕ ਪਾਸੇ ਕਾਂਗਰਸ ਨੇ ਭ੍ਰਿਸ਼ਟਾਚਾਰ ਦੇ ਕਿਲ੍ਹੇ ਉਸਾਰੇ ਹਨ ਤੇ ਦੂਜੇ ਪਾਸੇ ਇਹ ਭਗਵਾਨ ਰਾਮ ਨੂੰ ਕਾਲਪਨਿਕ ਪਾਤਰ ਕਹਿੰਦੀ ਹੈ।’
ਇਸੇ ਤਰ੍ਹਾਂ ਮੱਧ ਪ੍ਰਦੇਸ਼ ਦੇ ਸਤਨਾ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਵੋਟਰਾਂ ਨੂੰ ਕਿਹਾ ਕਿ ਉਹ ਕਾਂਗਰਸ ਨੂੰ ਸੱਤਾ ਤੋਂ ਦੂਰ ਰੱਖਣ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਸਰਕਾਰੀ ਯੋਜਨਾਵਾਂ ’ਚ ਕਰੋੜਾਂ ਫਰਜ਼ੀ ਲਾਭਪਾਤਰੀ ਤਿਆਰ ਕੀਤੇ ਹਨ। ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਗਰੀਬਾਂ ਲਈ ਚਾਰ ਕਰੋੜ ਪੱਕੇ ਘਰ ਬਣਾਏ ਹਨ ਪਰ ਉਨ੍ਹਾਂ ਖੁਦ ਲਈ ਇੱਕ ਘਰ ਵੀ ਨਹੀਂ ਬਣਾਇਆ। -ਪੀਟੀਆਈ
ਰਾਜਸਥਾਨ ਸਰਕਾਰ ਅਤਿਵਾਦੀਆਂ ਦੀ ਹਮਾਇਤੀ: ਪ੍ਰਧਾਨ ਮੰਤਰੀ
ਉਦੈਪੁਰ: ਪ੍ਰਧਾਨ ਮੰਤਰੀ ਨੇ ਰਾਜਸਥਾਨ ਦੀ ਕਾਂਗਰਸ ਸਰਕਾਰ ’ਤੇ ਅਤਿਵਾਦੀਆਂ ਪ੍ਰਤੀ ਹਮਦਰਦੀ ਅਪਣਾਉਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਅਸ਼ੋਕ ਗਹਿਲੋਤ ਦੀ ਸਰਕਾਰ ਨੇ ਮਹਿਲਾਵਾਂ ਖ਼ਿਲਾਫ਼ ਅਪਰਾਧ ਦੇ ਮਾਮਲੇ ’ਚ ਰਾਜਸਥਾਨ ਨੂੰ ਸਿਖਰ ’ਤੇ ਲਿਆਂਦਾ ਹੈ। ਉਨ੍ਹਾਂ ਸੂਬੇ ’ਚ ਭਾਜਪਾ ਦੀ ਸਰਕਾਰ ਆਉਣ ਮਗਰੋਂ ਗੁੰਡਾ ਰਾਜ ਖਤਮ ਕਰਨ ਦਾ ਦਾਅਵਾ ਕਰਦਿਆਂ ਕਿਹਾ, ‘ਰਾਜਸਥਾਨ ’ਚ ਇੱਥੋਂ ਤੱਕ ਕਿ ਦਲਤਿ ਤੇ ਗਰੀਬ ਲੋਕ ਵੀ ਸੁਰੱਖਿਅਤ ਨਹੀਂ ਹਨ।’ -ਪੀਟੀਆਈ