ਅੰਬਾਲਾ ਜ਼ਿਲ੍ਹੇ ਦੀਆਂ ਚਾਰ ’ਚੋਂ ਤਿੰਨ ਸੀਟਾਂ ’ਤੇ ਕਾਂਗਰਸ ਕਾਬਜ਼
ਅੰਬਾਲਾ (ਰਤਨ ਸਿੰਘ ਢਿੱਲੋਂ): ਅੰਬਾਲਾ ਜ਼ਿਲ੍ਹੇ ਦੇ ਚਾਰ ਵਿਧਾਨ ਸਭਾ ਹਲਕਿਆਂ ਦੇ ਐਲਾਨੇ ਨਤੀਜਿਆਂ ਅਨੁਸਾਰ ਅੰਬਾਲਾ ਸ਼ਹਿਰ, ਮੁਲਾਣਾ ਅਤੇ ਨਰਾਇਣਗੜ੍ਹ ਦੀਆਂ ਸੀਟਾਂ ’ਤੇ ਕਾਂਗਰਸ ਦਾ ਕਬਜ਼ਾ ਹੋ ਗਿਆ ਹੈ ਜਦੋਂਕਿ ਅੰਬਾਲਾ ਕੈਂਟ ਸੀਟ ਅਨਿਲ ਵਿੱਜ ਨੇ 7ਵੀਂ ਵਾਰ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਅੰਬਾਲਾ ਛਾਉਣੀ ਤੋਂ ਅਨਿਲ ਵਿੱਜ ਨੇ 59,858 ਵੋਟਾਂ ਹਾਸਲ ਕੀਤੀਆਂ ਹਨ ਜਦੋਂਕਿ ਇਸ ਸੀਟ ’ਤੇ ਦੂਜੇ ਨੰਬਰ ’ਤੇ ਰਹੀ ਆਜ਼ਾਦ ਉਮੀਦਵਾਰ ਚਿਤਰਾ ਸਰਵਾਰਾ ਨੂੰ 52,581 ਵੋਟਾਂ ਮਿਲੀਆਂ ਹਨ। ਤੀਜੇ ਨੰਬਰ ’ਤੇ ਰਹੇ ਕਾਂਗਰਸ ਦੇ ਪਰਵਿੰਦਰ ਪਾਲ ਪਰੀ ਨੂੰ 14,469 ਵੋਟਾਂ ਮਿਲੀਆਂ ਹਨ। ਅੰਬਾਲਾ ਸ਼ਹਿਰ ਤੋਂ ਕਾਂਗਰਸ ਦੇ ਉਮੀਦਵਾਰ ਨਿਰਮਲ ਸਿੰਘ ਨੇ 84,475 ਵੋਟਾਂ ਲੈ ਕੇ ਭਾਜਪਾ ਦੇ ਅਸੀਮ ਗੋਇਲ ਨੂੰ 11,131 ਵੋਟਾਂ ਨਾਲ ਹਰਾਇਆ ਹੈ। ਤੀਜੇ ਨੰਬਰ ’ਤੇ ਰਹੇ ਆਜ਼ਾਦ ਸਮਾਜ ਪਾਰਟੀ ਦੇ ਪਾਰੁਲ ਨਾਗਪਾਲ ਨੂੰ 2423 ਵੋਟਾਂ ਮਿਲੀਆਂ ਹਨ ਤੇ ਇੱਥੇ 1371 ਲੋਕਾਂ ਨੇ ਨੋਟਾ ਦਾ ਬਟਨ ਦਬਾਇਆ। ਇਸੇ ਤਰ੍ਹਾਂ ਨਰਾਇਣਗੜ੍ਹ ਤੋਂ ਵੀ ਕਾਂਗਰਸ ਦੀ ਸ਼ੈਲੀ ਚੌਧਰੀ ਜੇਤੂ ਰਹੀ ਹੈ। ਉਸ ਨੇ ਭਾਜਪਾ ਦੇ ਡਾ. ਪਵਨ ਸੈਣੀ ਨੂੰ 15,094 ਵੋਟਾਂ ਨਾਲ ਹਰਾਇਆ ਹੈ। ਤੀਜੇ ਨੰਬਰ ’ਤੇ ਰਹੇ ਬਸਪਾ ਦੇ ਹਰਬਿਲਾਸ ਸਿੰਘ ਨੂੰ 27,440 ਮਿਲੀਆਂ। ਮੁਲਾਣਾ ਸੀਟ ਤੋਂ ਕਾਂਗਰਸ ਉਮੀਦਵਾਰ ਪੂਜਾ ਚੌਧਰੀ ਨੇ 79,089 ਵੋਟਾਂ ਲੈ ਕੇ ਭਾਜਪਾ ਦੀ ਸੰਤੋਸ਼ ਚੌਹਾਨ ਸਾਰਵਾਨ ਨੂੰ 12,865 ਵੋਟਾਂ ਨਾਲ ਹਰਾਇਆ ਹੈ। ਤੀਜੇ ਨੰਬਰ ‘ਤੇ ਰਹੇ ਇਨੈਲੋ ਦੇ ਪ੍ਰਕਾਸ਼ ਭਾਰਤੀ ਨੂੰ 8096 ਪਈਆਂ। ਇਸ ਹਲਕੇ ’ਚ 480 ਲੋਕਾਂ ਨੇ ਨੋਟਾ ਦਾ ਬਟਨ ਦਬਾਇਆ ਹੈ।