ਕਾਂਗਰਸ ਹਮੇਸ਼ਾ ਪਛੜੀਆਂ ਸ਼੍ਰੇਣੀਆਂ ਦੀ ਵਿਰੋਧੀ ਰਹੀ ਹੈ :ਅਮਿਤ ਸ਼ਾਹ
ਮਹੇਂਦਰਗੜ੍ਹ, 16 ਜੁਲਾਈ
ਕੇਂਦਰੀ ਗ੍ਰਹਿਮੰਤਰੀ ਅਮਿਤ ਸ਼ਾਹ ਨੇ ਹਰਿਆਣਾ ਵਿਚ ਪਛੜੀਆਂ ਸ਼੍ਰੇਣੀਆਂ ਦੇ ਸਨਮਾਨ ਸੰਮੇਲਨ ਦੌਰਾਨ ਸੰਬੋਧਨ ਕਰਦਿਆਂ ਕਾਂਗਰਸ ਪਾਰਟੀ ਖ਼ਿਲਾਫ਼ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀ ਹਮੇਸ਼ਾ ਪਛੜੀਆਂ ਸ਼੍ਰੇਣੀਆਂ ਦੇ ਵਿਰੁੱਧ ਰਹੀ ਹੈ। ਪੱਛੜੀਆਂ ਸ਼੍ਰੇਣੀਆਂ (ਓਬੀਸੀ) ਨੂੰ ਰਾਖਵਾਂਕਰਨ ਦੇਣ ਲਈ 1950 ਵਿੱਚ ਬਣੇ ਕਾਕਾ ਕਾਲੇਕਰ ਕਮਿਸ਼ਨ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਨੇ ਸਾਲਾਂ ਤੱਕ ਇਸ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਨਹੀਂ ਕੀਤਾ ਅਤੇ 1980 ਵਿਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਇਸ ਨੂੰ ਠੰਡੇ ਬਸਤੇ ਪਾ ਦਿੱਤਾ ਸੀ।
ਉਨ੍ਹਾਂ ਕਿਹਾ ਕਿ ਜਦੋਂ ਇਸ ਕਮਿਸ਼ਨ ਨੂੰ 1990 ਵਿਚ ਲਾਗੂ ਕੀਤੇ ਜਾਣ ਦੌਰਾਨ ਰਾਜੀਵ ਗਾਂਧੀ ਨੇ ਰਾਖਵਾਂਕਰਨ ਵਿਰੁੱਧ ਢਾਈ ਘੰਟੇ ਭਾਸ਼ਨ ਦਿੱਤਾ ਸੀ। ਸ਼ਾਹ ਨੇ ਕਿਹਾ ਕਿ ਕਰਨਾਟਕ ਵਿਚ ਕਾਂਗਰਸ ਨੇ ਪਛੜੀਆਂ ਸ਼੍ਰੇਣੀਆਂ ਤੋਂ ਰਾਖਵਾਂਕਰਨ ਖੋਹ ਲਿਆ ਅਤੇ ਮੁਸਲਮਾਨਾਂ ਨੂੰ ਦੇ ਦਿੱਤਾ, ਜੇਕਰ ਉਹ ਸੱਤਾ ਵਿਚ ਆਉਂਦੇ ਹਨ ਤਾਂ ਇਥੇ ਵੀ ਇਸੇ ਤਰ੍ਹਾਂ ਹੀ ਹੋਵੇਗਾ। ਉਨ੍ਹਾਂ ਕਿਹਾ ‘‘ਮੈਂ ਤੁਹਾਨੂੰ ਭਰੋਸਾ ਦਿੰਦਾ ਹਾਂ, ਮੁਸਲਿਮ ਰਾਖਵਾਂਕਰਨ ਦੀ ਇਜਾਜ਼ਤ ਨਹੀਂ ਦੇਵਾਂਗੇ।''
ਕੇਂਦਰੀ ਮੰਤਰੀ ਨੇ ਕਿਹਾ ਕਿ ਹਰਿਆਣਾ ਵਿਚ ਭਾਜਪਾ ਪੂਰਨ ਬਹੁਮਤ ਨਾਲ ਸਰਕਾਰ ਬਣਾਵੇਗੀ। ਜ਼ਿਕਰਯੋਗ ਕਿ ਇਸ ਦਾ ਅਖ਼ੀਰ ਵਿਚ ਹਰਿਆਣਾ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਅਤੇ ਪਿਛਲੇ 15 ਦਿਨਾਂ ਦੌਰਾਨ ਸ਼ਾਹ ਦੀ ਹਰਿਆਣਾ ਵਿਚ ਇਹ ਦੂਜੀ ਫੇਰੀ ਹੈ।- ਪੀਟੀਆਈ