ਕਾਂਗਰਸ ਦੀ ਸਰਕਾਰ ਨੂੰ 6 ਮਹੀਨੇ ਚੱਲਣ ਨਹੀਂ ਦਿਆਂਗੇ: ਜੇਪੀ ਦਲਾਲ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 24 ਅਗਸਤ
ਹਰਿਆਣਾ ਵਿੱਚ ਭਾਜਪਾ ਦੇ ਕੈਬਨਿਟ ਮੰਤਰੀ ਜੇਪੀ ਦਲਾਲ ਨੇ ਵਿਵਾਦਤ ਬਿਆਨ ਦੇ ਕੇ ਚੋਣ ਮੁਹਿੰਮ ਭਖਾ ਦਿੱਤੀ ਹੈ। ਇਸ ਮਾਮਲੇ ’ਤੇ ਵਿਰੋਧੀ ਧਿਰਾਂ ਨੇ ਭਾਜਪਾ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ ਤੇ ਸਿਆਸੀ ਆਗੂਆਂ ਵਿਚਾਲੇ ਸ਼ਬਦੀ ਜੰਗ ਤੇਜ਼ ਹੋ ਗਈ। ਜੇਪੀ ਦਲਾਲ ਨੇ ਕਿਹਾ, ‘‘ਹਰਿਆਣਾ ਵਿੱਚ ਜੇ ਗ਼ਲਤੀ ਨਾਲ ਕਾਂਗਰਸ ਦੀ ਸਰਕਾਰ ਬਣ ਗਈ ਤਾਂ ਕੇਂਦਰ ਨੇ 6 ਮਹੀਨੇ ਚੱਲਣ ਨਹੀਂ ਦੇਣੀ।’’ ਇਹ ਬਿਆਨ ਜੇਪੀ ਦਲਾਲ ਨੇ ਭਿਵਾਨੀ ਵਿੱਚ ਪਾਰਟੀ ਦੇ ਸਮਾਗਮ ਨੂੰ ਸੰਬੋਧਨ ਕਰਦਿਆਂ ਦਿੱਤਾ ਹੈ। ੍ਸ੍ਰੀ ਦਲਾਲ ਜਨ ਸਭਾ ਨੂੰ ਸੰਬੋਧਨ ਕਰਦਿਆਂ ਭਾਜਪਾ ਸਰਕਾਰ ਦੇ 10 ਸਾਲਾਂ ਦੇ ਕੰਮਾਂ ਬਾਰੇ ਚਾਨਣਾ ਪਾ ਰਹੇ ਸਨ। ਉਨ੍ਹਾਂ ਕਿਹਾ, ‘‘ਕਾਂਗਰਸ ਪਾਰਟੀ ਨੇ ਲੋਕ ਸਭਾ ਚੋਣਾਂ ਵਿੱਚ ਵੀ ਵੱਡੇ ਪੱਧਰ ’ਤੇ ਰੌਲਾ ਪਾਇਆ ਹੋਇਆ ਪਰ ਉਨ੍ਹਾਂ ਦੇ ਪੱਲੇ ਅੱਧੀਆਂ ਸੀਟਾਂ ਹੀ ਪਈਆਂ ਕਿਉਂਕਿ ਹਰਿਆਣਾ ਵਿੱਚ ਲੋਕ ਸਭਾ ਚੋਣਾਂ ਵਿੱਚ ਭਾਜਪਾ ਤੇ ਕਾਂਗਰਸ ਨੂੰ 5-5 ਸੀਟਾਂ ਮਿਲੀਆਂ ਸਨ ਪਰ ਇਸ ਵਾਰ ਤਾਂ ਗੱਲ 40-42 ਦੀ ਹੈ। ਜੇ ਹਰਿਆਣਾ ਚੋਣਾਂ ਵਿੱਚ ਕਾਂਗਰਸ ਸੱਤਾ ’ਚ ਆ ਗਈ ਤਾਂ ਸਾਡੇ ਦਿੱਲੀ ਵਾਲੇ ਸੀਨੀਅਰ ਆਗੂਆਂ ਨੇ ਕਾਂਗਰਸ ਨੂੰ 6 ਮਹੀਨੇ ਦਾ ਸਮਾਂ ਵੀ ਨਹੀਂ ਦੇਣਾ।’’ ਇਸ ਸਬੰਧੀ ਜੇਪੀ ਦਲਾਲ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਨਹੀਂ ਹੋ ਸਕਿਆ।
ਭਾਜਪਾ ਨੇ ਪਹਿਲਾਂ ਹੀ ਹਾਰ ਮੰਨੀ: ਹੁੱਡਾ
ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਤੇ ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਜੇਪੀ ਦਲਾਲ ਦਾ ਬਿਆਨ ਨਿੰਦਣਯੋਗ ਹੈ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਭਾਜਪਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਹਾਰ ਮੰਨ ਚੁੱਕੀ ਹੈ। ਇਸੇ ਕਰਕੇ ਅਜਿਹੇ ਬਿਆਨ ਦੇਣ ਲੱਗੀ ਹੋਈ ਹੈ। ਦੂਜੇ ਪਾਸੇ ਹਰਿਆਣਾ ਕਾਂਗਰਸ ਪਾਰਟੀ ਨੇ ਆਪਣੇ ਸੋਸ਼ਲ ਮੀਡੀਆ ਦੇ ਅਕਾਊਂਟ ’ਤੇ ਕਿਹਾ ਕਿ ਭਾਜਪਾ ਦੇਸ਼ ਦੀ ਮਰਿਆਦਾ ਦੀ ਕੋਈ ਪਾਲਣਾ ਨਹੀਂ ਰਹੀ ਹੈ ਪਰ ਹਰਿਆਣਾ ਦੇ ਲੋਕ ਭਾਜਪਾ ਨੂੰ ਵਿਧਾਨ ਸਭਾ ਚੋਣਾਂ ਵਿੱਚ ਮੋੜਵਾਂ ਜਵਾਬ ਦੇਣਗੇ। ਉਨ੍ਹਾਂ ਕਿਹਾ ਕਿ ਭਾਜਪਾ ਦਾ ਬਿਆਨ ਬਹੁਤ ਸ਼ਰਮਨਾਕ ਹੈ। ਉਨ੍ਹਾਂ ਦੇ ਮਨਾਂ ਵਿੱਚ ਲੋਕਾਂ ਦੇ ਵੋਟ ਦੀ ਕੋਈ ਇੱਜ਼ਤ ਨਹੀਂ ਹੈ।