ਔਰਤ ਵਿਰੋਧੀ ਸੋਚ ਵਾਲਿਆਂ ਨੂੰ ਸਨਮਾਨ ਦਿੰਦੀ ਹੈ ਕਾਂਗਰਸ: ਅਮਨਜੋਤ ਰਾਮੂਵਾਲੀਆ
ਪੱਤਰ ਪ੍ਰੇਰਕ
ਐੱਸਏਐੱਸ ਨਗਰ (ਮੁਹਾਲੀ), 19 ਨਵੰਬਰ
ਭਾਜਪਾ ਦੀ ਕੇਂਦਰੀ ਕਮੇਟੀ ਦੀ ਮੈਂਬਰ ਅਮਨਜੋਤ ਕੌਰ ਰਾਮੂਵਾਲੀਆ ਨੇ ਕਿਹਾ ਕਿ ਕਾਂਗਰਸ ਪਾਰਟੀ ਵਿੱਚ ਔਰਤਾਂ ਦੀ ਇੱਜ਼ਤ ਨੂੰ ਉਛਾਲਨ ਵਾਲਿਆਂ ਨੂੰ ਮਾਣ ਸਨਮਾਨ ਦਿੱਤਾ ਜਾਂਦਾ ਹੈ, ਜਿਸ ਦੀ ਮਿਸਾਲ ਕਾਂਗਰਸ ਦੇ ਸੰਸਦ ਮੈਂਬਰ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਮਿਲਦੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਚੰਨੀ ਨੇ ਬੀਤੇ ਦਿਨੀਂ ਗਿੱਦੜਬਾਹਾ ਵਿੱਚ ਔਰਤਾਂ ਖ਼ਿਲਾਫ਼ ਜਿਹੜੀ ਸ਼ਬਦਾਵਲੀ ਵਰਤੀ ਹੈ, ਉਸ ਤੋਂ ਉਨ੍ਹਾਂ ਦਾ ਔਰਤਾਂ ਪ੍ਰਤੀ ਨਜ਼ਰੀਆ ਜ਼ਾਹਰ ਹੁੰਦਾ ਹੈ। ਬੀਬੀ ਰਾਮੂਵਾਲੀਆ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਚਰਨਜੀਤ ਚੰਨੀ ਉੱਤੇ ਔਰਤਾਂ ਦੇ ਸ਼ੋਸ਼ਣ ਦੇ ਕਥਿਤ ਦੋਸ਼ ਲਗਦੇ ਰਹੇ ਹਨ ਪਰ ਕਾਂਗਰਸ ਹਾਈ ਕਮਾਨ ਅਜਿਹੇ ਆਗੂਆਂ ਨੂੰ ਮਾਣ ਸਨਮਾਨ ਦੇ ਕੇ ਨਿਵਾਜ ਰਹੀ ਹੈ। ਉਨ੍ਹਾਂ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਤੋਂ ਮੰਗ ਕੀਤੀ ਕਿ ਔਰਤਾਂ ਦੀ ਇਸ ਬੇਇੱਜ਼ਤੀ ਲਈ ਸਾਬਕਾ ਮੁੱਖ ਮੰਤਰੀ ਚੰਨੀ ਵਿਰੁੱਧ ਬਣਦੀ ਢੁਕਵੀਂ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਕਾਂਗਰਸ ਅਜਿਹੇ ਨਕਾਰਾਤਮਕ ਸੋਚ ਵਾਲੇ ਵਿਅਕਤੀਆਂ ਨੂੰ ਲੀਡਰ ਵਜੋਂ ਪੇਸ਼ ਕਰਦੀ ਰਹੀ ਹੈ, ਜਿਸ ਤੋਂ ਸਾਫ਼ ਜ਼ਾਹਰ ਹੈ ਕਿ ਕਾਂਗਰਸ ਔਰਤਾਂ ਦੀ ਇੱਜ਼ਤ ਕਰਨਾ ਨਹੀਂ ਜਾਣਦੀ, ਸਿਰਫ਼ ਵੋਟ ਬੈਂਕ ਲਈ ਡਰਾਮੇਬਾਜ਼ੀ ਕਰਦੀ ਹੈ।