ਕਾਂਗਰਸ ਨੇ ਬੰਗਲਾਦੇਸ਼ੀ ਘੱਟਗਿਣਤੀਆਂ ਨਾਲ ਇਕਜੁੱਟਤਾ ਪ੍ਰਗਟਾਈ
ਨਵੀਂ ਦਿੱਲੀ, 17 ਦਸੰਬਰ
ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਤੇ ਪਾਰਟੀ ਦੇ ਕਈ ਹੋਰ ਸੰਸਦ ਮੈਂਬਰਾਂ ਨੇ ਬੰਗਲਾਦੇਸ਼ ’ਚ ਹਿੰਦੂ ਭਾਈਚਾਰੇ ਅਤੇ ਹੋਰ ਘੱਟ ਗਿਣਤੀਆਂ ’ਤੇ ਹੋ ਰਹੇ ਕਥਿਤ ਜ਼ੁਲਮਾਂ ਖ਼ਿਲਾਫ਼ ਅੱਜ ਸੰਸਦੀ ਕੰਪਲੈਕਸ ’ਚ ਰੋਸ ਪ੍ਰਦਰਸ਼ਨ ਕੀਤਾ ਅਤੇ ਸਰਕਾਰ ਤੋਂ ਉਨ੍ਹਾਂ ਲਈ ਨਿਆਂ ਦੀ ਮੰਗ ਕੀਤੀ। ਮੁਜ਼ਾਹਰੇ ਦੌਰਾਨ ਸੰਸਦ ਮੈਂਬਰਾਂ ਨੇ ਆਪਣੇ ਹੱਥਾਂ ’ਚ ‘ਬੰਗਲਾਦੇਸ਼ ਦੇ ਹਿੰਦੂਆਂ ਤੇ ਇਸਾਈਆਂ ਲਈ ਖੜ੍ਹੇ ਹੋਵੋ’ ਲਿਖੇ ਥੈਲੇ ਵੀ ਫੜੇ ਹੋਏ ਸਨ। ਉਨ੍ਹਾਂ ਬੰਗਲਾਦੇਸ਼ ’ਚ ਘੱਟ ਗਿਣਤੀਆਂ ਲਈ ਨਿਆਂ ਯਕੀਨੀ ਬਣਾਉਣ ਦੀ ਮੰਗ ਕਰਦਿਆਂ ਨਾਅਰੇਬਾਜ਼ੀ ਵੀ ਕੀਤੀ। ਬੀਤੇ ਦਿਨ ਪ੍ਰਿਯੰਕਾ ਨੇ ਬੈਗ ਰਾਹੀਂ ਫਲਸਤੀਨੀਆਂ ਦੀ ਹਮਾਇਤ ਦਾ ਸੁਨੇਹਾ ਦਿੱਤਾ ਸੀ ਤੇ ਅੱਜ ਸੰਸਦ ਵਿਚ ‘ਬੰਗਲਾਦੇਸ਼ ’ਚ ਘੱਟ ਗਿਣਤੀਆਂ ਲਈ ਖੜ੍ਹੇ ਹੋਵੇ’ ਲਿਖਿਆ ਬੈਗ ਲੈ ਕੇ ਪੁੱਜੀ। ਉਨ੍ਹਾਂ ਨਵੇਂ ਬੈਗ ਨਾਲ ਬੰਗਲਾਦੇਸ਼ ਦੇ ਹਿੰਦੂ ਤੇ ਇਸਾਈ ਘੱਟਗਿਣਤੀਆਂ ਨਾਲ ਖੜ੍ਹਨ ਦਾ ਸੁਨੇਹਾ ਦਿੱਤਾ ਹੈ। ਪ੍ਰਿਯੰਕਾ ਨੇ ਬੀਤੇ ਦਿਨ ਵੀ ਸੰਸਦ ਵਿਚ ਬੰਗਲਾਦੇਸ਼ ’ਚ ਹਿੰਦੂਆਂ ਤੇ ਇਸਾਈ ਘੱਟਗਿਣਤੀਆਂ ਦੀ ਸੁਰੱਖਿਆ ਦਾ ਮੁੱਦਾ ਉਠਾਇਆ ਸੀ। -ਪੀਟੀਆਈ