ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮਾਝੇ ਵਿੱਚ ਕਾਂਗਰਸ ਦਾ ਦਬਦਬਾ, ਅਕਾਲੀ ਦਲ ਹਾਸ਼ੀਏ ’ਤੇ

10:06 AM Jun 05, 2024 IST

ਰਾਜਨ ਮਾਨ
ਰਮਦਾਸ, 4 ਜੂਨ
ਮਾਝੇ ਵਿੱਚ ਕਾਂਗਰਸ ਪਾਰਟੀ ਨੇ ਆਪਣਾ ਦਬਦਬਾ ਕਾਇਮ ਕਰਦਿਆਂ ਤਿੰਨ ਲੋਕ ਸਭਾ ਸੀਟਾਂ ਵਿੱਚੋਂ ਦੋ ’ਤੇ ਕਬਜ਼ਾ ਕੀਤਾ ਹੈ ਜਦਕਿ ਇੱਕ ਸੀਟ ’ਤੇ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਨੇ ਜਿੱਤ ਪ੍ਰਾਪਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ, ਭਾਜਪਾ ਅਤੇ ‘ਆਪ’ ਦਾ ਸਫ਼ਾਇਆ ਕਰ ਦਿੱਤਾ ਹੈ। ਤਿੰਨਾਂ ਹਲਕਿਆਂ ਤੋਂ ਅਕਾਲੀ ਦਲ ਚੌਥੇ ਸਥਾਨ ’ਤੇ ਰਿਹਾ ਹੈ। ਲੋਕ ਸਭਾ ਹਲਕਾ ਅੰਮ੍ਰਿਤਸਰ ਅਤੇ ਗੁਰਦਾਸਪੁਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੇ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕੀਤੀ ਜਦਕਿ ਖਡੂਰ ਸਾਹਿਬ ਹਲਕੇ ਤੋਂ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਨੇ ਵੱਡੇ ਫਰਕ ਨਾਲ ਜਿੱਤ ਦਰਜ ਕਰਵਾ ਕੇ ਸਿਆਸੀ ਸਮੀਕਰਨ ਹੀ ਬਦਲ ਕੇ ਰੱਖ ਦਿੱਤੇ। ਪੰਜਾਬ ਦੀ ਸੱਤਾ ’ਤੇ ਲੰਬਾ ਸਮਾਂ ਕਾਬਜ਼ ਰਿਹਾ ਸ਼੍ਰੋਮਣੀ ਅਕਾਲੀ ਦਲ ਬੁਰੀ ਤਰ੍ਹਾਂ ਪੱਛੜ ਕੇ ਰਹਿ ਗਿਆ ਹੈ। ਖਡੂਰ ਸਾਹਿਬ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਪੰਜਵੇਂ ਸਥਾਨ ’ਤੇ ਰਹੇ। ਉਧਰ, ਭਾਜਪਾ ਨੂੰ ਪੇਂਡੂ ਖੇਤਰਾਂ ਵਿੱਚ ਲੋਕਾਂ ਨੇ ਕਿਸਾਨੀ ਸੰਘਰਸ਼ ਕਾਰਨ ਵੱਡਾ ਸਬਕ ਸਿਖਾਇਆ। ਭਾਜਪਾ ਨੂੰ ਸ਼ਹਿਰੀ ਖੇਤਰਾਂ ਵਿੱਚੋਂ ਵੋਟਾਂ ਮਿਲੀਆਂ ਹਨ ਜਦਕਿ ਪੇਂਡੂ ਖੇਤਰਾਂ ਵਿੱਚ ਇਸ ਦੀ ਹਾਲਤ ਬਹੁਤ ਪਤਲੀ ਰਹੀ।
ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਹੈਟ੍ਰਿਕ ਮਾਰੀ ਹੈ। ਇੱਥੇ ਸੱਤ ਵਿਧਾਨ ਸਭਾ ਹਲਕਿਆਂ ’ਤੇ ‘ਆਪ’ ਦਾ ਕਬਜ਼ਾ ਹੋਣ ਦੇ ਬਾਵਜੂਦ ਪਾਰਟੀ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਸਿਰਫ ਆਪਣੇ ਵਿਧਾਨ ਸਭਾ ਹਲਕਾ ਅਜਨਾਲਾ ਅਤੇ ਅੰਮ੍ਰਿਤਸਰ ਦੱਖਣੀ ਤੋਂ ਲੀਡ ਲੈ ਕੇ ਨਿਕਲੇ ਹਨ ਜਦਕਿ ਬਾਕੀ ਸਾਰਿਆਂ ਹਲਕਿਆਂ ਤੋਂ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ। ‘ਆਪ’ ਉਮੀਦਵਾਰ ਦੀ ਹਾਰ ਪਾਰਟੀ ਦੇ ਵਿਧਾਇਕਾਂ ਦੀ ਕਾਰਗੁਜ਼ਾਰੀ ’ਤੇ ਸਵਾਲੀਆ ਚਿੰਨ੍ਹ ਲਗਾਉਂਦੀ ਹੈ। ‘ਆਪ’ ਨੂੰ ਸਭ ਤੋਂ ਵੱਧ ਮਾਰ ਸ਼ਹਿਰੀ ਹਲਕਿਆਂ ਵਿੱਚ ਪਈ ਹੈ। ਸ਼ਹਿਰੀ ਹਲਕਿਆਂ ਵਿੱਚ ਕਾਂਗਰਸ ਅਤੇ ਭਾਜਪਾ ਵਿਚਕਾਰ ਮੁਕਾਬਲਾ ਹੋਇਆ। ਅਕਾਲੀ ਦਲ ਦੇ ਉਮੀਦਵਾਰ ਨੇ ਸਿਰਫ ਮਜੀਠਾ ਵਿਧਾਨ ਸਭਾ ਹਲਕੇ ਤੋਂ ਲੀਡ ਪ੍ਰਾਪਤ ਕੀਤੀ।
ਗੁਰਦਾਸਪੁਰ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕੀਤੀ ਹੈ। ਉਨ੍ਹਾਂ ਭਾਜਪਾ ਦੇ ਉਮੀਦਵਾਰ ਨੂੰ 83 ਹਜ਼ਾਰ ਦੇ ਫਰਕ ਨਾਲ ਹਰਾਇਆ ਹੈ। ਇਥੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ੈਰੀ ਕਲਸੀ ਤੀਸਰੇ ਸਥਾਨ ’ਤੇ ਰਹੇ। ਸ਼ੈਰੀ ਕਲਸੀ ਜੋ ਵਿਧਾਨ ਸਭਾ ਹਲਕਾ ਬਟਾਲਾ ਤੋਂ ਵਿਧਾਇਕ ਵੀ ਹਨ ਆਪਣੇ ਹੀ ਹਲਕੇ ਵਿੱਚੋਂ ਚੋਣ ਹਾਰ ਗਏ ਹਨ। ਕਾਂਗਰਸ 6 ਵਿਧਾਨ ਸਭਾ ਹਲਕਿਆਂ ਵਿੱਚੋਂ ਵੱਡੀ ਲੀਡ ਲੈ ਕੇ ਗਈ ਜਦਕਿ ਤਿੰਨ ਪਠਾਨਕੋਟ, ਸੁਜਾਨਪੁਰ ਅਤੇ ਭੋਆ ਵਿੱਚੋਂ ਭਾਜਪਾ ਨੇ ਲੀਡ ਪ੍ਰਾਪਤ ਕੀਤੀ।
ਖਡੂਰ ਸਾਹਿਬ ਹਲਕੇ ਤੋਂ ਅੰਮ੍ਰਿਤਪਾਲ ਸਿੰਘ ਨੇ ਵੱਡੀ ਜਿੱਤ ਪ੍ਰਾਪਤ ਕੀਤੀ ਜਦਕਿ ਇੱਥੋਂ ਕਾਂਗਰਸ ਦੂਜੇ ਸਥਾਨ ’ਤੇ ਰਹੀ ਅਤੇ ਆਮ ਆਦaਮੀ ਪਾਰਟੀ ਤੀਜੇ, ਅਕਾਲੀ ਦਲ ਚੌਥੇ ਅਤੇ ਭਾਜਪਾ ਪੰਜਵੇਂ ਸਥਾਨ ’ਤੇ ਰਹੀ।

Advertisement

Advertisement
Advertisement