ਕਾਂਗਰਸ ਨੇ ਮਹਿਲਾਵਾਂ ਦਾ ਨਿਰਾਦਰ ਕੀਤਾ: ਕੰਗਨਾ
ਸ਼ਿਮਲਾ: ਅਦਾਕਾਰ ਤੇ ਸਿਆਸਤਦਾਨ ਅਤੇ ਮੰਡੀ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਕੰਗਨਾ ਰਨੌਤ ਨੇ ਅੱਜ ਸਿਰਾਜ ਤੇ ਬੰਜਾਰ ਹਲਕਿਆਂ ਵਿਚ ਰੈਲੀਆਂ ਨੂੰ ਸੰਬੋਧਨ ਕਰਦਿਆਂ ਕਾਂਗਰਸ ’ਤੇ ਮਹਿਲਾਵਾਂ ਦਾ ਨਿਰਾਦਰ ਕਰਨ ਦਾ ਦੋਸ਼ ਲਾਇਆ ਹੈ। ਕੰਗਨਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਦਾ ਕੋਈ ਵੀ ਆਗੂ ਅਜਿਹੀ ਕਿਸੇ ਕਾਰਵਾਈ ਵਿਚ ਸ਼ਾਮਲ ਨਹੀਂ ਰਿਹਾ। ਅਦਾਕਾਰਾ ਨੇ ਇਹ ਦਾਅਵਾ ਵੀ ਕੀਤਾ ਕਿ ਕਾਂਗਰਸ ਨੇ ਭਾਰਤ ਦੇ ਸੰਵਿਧਾਨ ਨਿਰਮਾਤਾ ਬੀ.ਆਰ.ਅੰਬੇਦਕਰ ਅਤੇ ਸੁਭਾਸ਼ ਚੰਦਰ ਬੋਸ, ਵੀ.ਡੀ. ਸਾਵਰਕਰ ਤੇ ਸਰਦਾਰ ਵੱਲਭਭਾਈ ਪਟੇਲ ਜਿਹੇ ਹੋਰ ਦੇਸ਼ ਭਗਤਾਂ ਨੂੰ ਕਦੇ ਵੀ ਬਣਦਾ ਮਾਣ ਸਤਿਕਾਰ ਨਹੀਂ ਦਿੱਤਾ। ਉਧਰ ਮੰਡੀ ਸੀਟ ਤੋਂ ਕੰਗਨਾ ਖਿਲਾਫ਼ ਚੋਣ ਲੜ ਰਹੇ ਕਾਂਗਰਸੀ ਉਮੀਦਵਾਰ ਵਿਕਰਮਾਦਿੱਤਿਆ ਸਿੰਘ ਨੇ ਭਾਜਪਾ ’ਤੇ ਝੂਠ ਦੇ ਪ੍ਰਚਾਰ ਪਾਸਾਰ ਦਾ ਦੋਸ਼ ਲਾਉਂਦਿਆਂ ਕਿਹਾ ਕਿ ਰਨੌਤ ਨੂੰ ਸਿਖਾਇਆ ਪੜ੍ਹਾਇਆ ਗਿਆ ਹੈ ਤੇ ਅੱਗੇ ਉਹ ਤੱਥਾਂ ਦੀ ਘੋਖ ਕੀਤੇ ਬਿਨਾਂ ਹੀ ਬੋਲੀ ਜਾ ਰਹੀ ਹੈ। ਸਿੰਘ ਨੇ ਕਿਹਾ ਕਿ ਮੰਦੀ ਭਾਸ਼ਾ ਤੇ ਝੂਠੇ ਦੋਸ਼ ਲਾਉਣ ਨਾਲ ਲੋਕਾਂ ਦੇ ਦਿਲ ਨਹੀਂ ਜਿੱਤੇ ਜਾ ਸਕਦੇ। -ਪੀਟੀਆਈ