ਕਾਂਗਰਸ ਨੇ ਦਹਾਕਿਆਂ ਤੱਕ ਧਾਰਾ 370 ਬਾਰੇ ਨਹੀਂ ਲਿਆ ਸੀ ਕੋਈ ਫ਼ੈਸਲਾ: ਸ਼ਾਹ
ਮੁਰਾਦਾਬਾਦ, 12 ਅਪਰੈਲ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਸ਼ਮੀਰ ਮੁੱਦੇ ਨਾਲ ਸਿੱਝਣ ਬਾਰੇ ਕਾਂਗਰਸ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਉਸ ਨੇ ਦਹਾਕਿਆਂ ਤੱਕ ਧਾਰਾ 370 ਨੂੰ ‘ਗ਼ੈਰਕਾਨੂੰਨੀ ਬੱਚੇ’ ਵਾਂਗ ਪਾਲਿਆ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਨੂੰ ਖ਼ਤਮ ਕਰਕੇ ਹਮੇਸ਼ਾ ਲਈ ਕਸ਼ਮੀਰ ਨੂੰ ਭਾਰਤ ਨਾਲ ਜੋੜ ਦਿੱਤਾ ਹੈ। ਸ਼ਾਹ ਨੇ ਇਥੇ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ,‘‘ਤੁਸੀਂ ਸਾਨੂੰ ਦੱਸੋ ਕਿ ਕੀ ਕਸ਼ਮੀਰ ਸਾਡਾ ਨਹੀਂ ਹੈ। ਕਾਂਗਰਸ ਦੇ ਖੜਗੇ ਜੀ ਆਖਦੇ ਹਨ ਕਿ ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੇ ਲੋਕਾਂ ਦਾ ਕਸ਼ਮੀਰ ਨਾਲ ਕੀ ਲੈਣਾ-ਦੇਣਾ ਹੈ। ਮੈਂ ਉਨ੍ਹਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੁਰਾਦਾਬਾਦ ਦਾ ਹਰ ਬੱਚਾ ਕਸ਼ਮੀਰ ਲਈ ਆਪਣਾ ਜੀਵਨ ਦੇਣ ਨੂੰ ਤਿਆਰ ਹੈ।’’ ਕਾਂਗਰਸ ’ਤੇ ਤਿੱਖਾ ਹਮਲਾ ਕਰਦਿਆਂ ਸ਼ਾਹ ਨੇ ਕਿਹਾ ਕਿ ਮੋਦੀ ਨੇ ਆਪਣੇ 10 ਸਾਲਾਂ ਦੇ ਕਾਰਜਕਾਲ ਦੌਰਾਨ ਅਤਿਵਾਦ ਅਤੇ ਨਕਸਲਵਾਦ ਦਾ ਦੇਸ਼ ’ਚੋਂ ਖ਼ਾਤਮਾ ਕਰ ਦਿੱਤਾ। ‘ਤੁਹਾਨੂੰ ਯਾਦ ਹੋਵੇਗਾ ਜਦੋਂ ਕਾਂਗਰਸ 10 ਸਾਲ ਤੱਕ ਸੱਤਾ ’ਚ ਸੀ ਤਾਂ ਰੋਜ਼ਾਨਾ ਪਾਕਿਸਤਾਨ ਤੋਂ ਆਲੀਆ, ਮਾਲੀਆ, ਜਮਾਲੀਆ ਆਉਂਦਾ ਸੀ ਤੇ ਇਥੇ ਬੰਬ ਧਮਾਕਾ ਕਰਕੇ ਵਾਪਸ ਚਲਾ ਜਾਂਦਾ ਸੀ। ਉਸ ਸਮੇਂ ਕਿਸੇ ਦੇ ਕੰਨ ’ਤੇ ਜੂੰ ਨਹੀਂ ਸਰਕੀ ਸੀ।’ ਉਨ੍ਹਾਂ ਕਿਹਾ ਕਿ ਮੋਦੀ ਨੇ ਪਾਕਿਸਤਾਨ ’ਚ ਅਤਿਵਾਦੀਆਂ ਦੇ ਘਰਾਂ ’ਚ ਘੁਸ ਕੇ ਉਨ੍ਹਾਂ ਦਾ ਖ਼ਾਤਮਾ ਕੀਤਾ। ਉਨ੍ਹਾਂ ਕਿਹਾ ਕਿ ਮੋਦੀ ਦੀ ਅਗਵਾਈ ਹੇਠ ਸਰਕਾਰ ਨੇ ਗਰੀਬ ਲੋਕਾਂ ਦੀ ਭਲਾਈ ਲਈ ਵੀ ਕੰਮ ਕੀਤਾ ਹੈ। -ਪੀਟੀਆਈ