ਕਾਂਗਰਸ ਨੇ ਅੰਬੇਡਕਰ ਨੂੰ ਬਣਦਾ ਸਥਾਨ ਨਹੀਂ ਦਿੱਤਾ: ਰਿਜਿਜੂ
ਨਵੀਂ ਦਿੱਲੀ, 14 ਦਸੰਬਰ
ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਅੱਜ ਕਾਂਗਰਸ ’ਤੇ ਡਾ. ਬੀਆਰ ਅੰਬੇਡਕਰ ਨੂੰ ਉਨ੍ਹਾਂ ਦਾ ਬਣਦਾ ਸਥਾਨ ਨਾ ਦੇਣ ਦਾ ਦੋਸ਼ ਲਾਇਆ। ਉਨ੍ਹਾਂ ਵਿਰੋਧੀ ਧਿਰ ਵੱਲੋਂ ਘੱਟ ਗਿਣਤੀਆਂ ਨੂੰ ਉਨ੍ਹਾਂ ਦੇ ਅਧਿਕਾਰਾਂ ਤੋਂ ਵਾਂਝੇ ਰੱਖਣ ਦੇ ਕੀਤੇ ਗਏ ਦਾਅਵਿਆਂ ’ਤੇ ਵੀ ਸਵਾਲ ਚੁੱਕਿਆ। ਲੋਕ ਸਭਾ ਵਿੱਚ ਸੰਵਿਧਾਨ ਸਬੰਧੀ ਬਹਿਸ ਦੌਰਾਨ ਸੰਸਦੀ ਮਾਮਲਿਆਂ ਬਾਰੇ ਮੰਤਰੀ ਨੇ ਚਿਤਾਵਨੀ ਦਿੱਤੀ, ‘ਸਾਡੇ ਸ਼ਬਦਾਂ ਅਤੇ ਕੰਮਾਂ ਨਾਲ ਆਲਮੀ ਪੱਧਰ ’ਤੇ ਦੇਸ਼ ਦਾ ਅਕਸ ਖਰਾਬ ਨਹੀਂ ਹੋਣਾ ਚਾਹੀਦਾ।’
ਰਿਜਿਜੂ ਨੇ ਵਿਰੋਧੀ ਧਿਰ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਸਾਰਿਆਂ ਨੂੰ ਬਰਾਬਰ ਵੋਟਿੰਗ ਦਾ ਅਧਿਕਾਰ ਹੈ ਪਰ ਕੁਝ ਲੋਕ ਦਾਅਵਾ ਕਰਦੇ ਹਨ ਕਿ ਦੇਸ਼ ’ਚ ਘੱਟ ਗਿਣਤੀਆਂ ਨੂੰ ਅਧਿਕਾਰ ਤੋਂ ਵਾਂਝੇ ਰੱਖਿਆ ਗਿਆ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਕਾਂਗਰਸ ਨੂੰ ਆਪਣੇ ਪਾਪ ਘੱਟ ਕਰਨ ਲਈ ਅੰਬੇਡਕਰ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਉਨ੍ਹਾਂ ਦੋਸ਼ ਲਾਇਆ, ‘ਤੁਹਾਡੇ (ਸਪੱਸ਼ਟ ਤੌਰ ’ਤੇ ਕਾਂਗਰਸ) ਕਾਰਨ ਹੀ ਅੰਬੇਡਕਰ ਨੂੰ 1952 ਦੀਆਂ ਸੰਸਦੀ ਚੋਣਾਂ ’ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ।’ ਰਿਜਿਜੂ ਨੇ ਅੰਬੇਡਕਰ ਨੂੰ ਭਾਰਤ ਰਤਨ ਦੇਣ ਵਿੱਚ ਦੇਰੀ ’ਤੇ ਵੀ ਸਵਾਲ ਚੁੱਕੇ ਅਤੇ ਕਿਹਾ ਕਿ ਉਨ੍ਹਾਂ ਨੂੰ ਕੇਂਦਰ ਵਿੱਚ ਭਾਜਪਾ ਦੇ ਸਮਰਥਨ ਵਾਲੀ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਭਾਰਤ ਦੇ ਸਰਬਉੱਚ ਨਾਗਰਿਕ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਸੀ। ਰਿਜਿਜੂ ਨੇ ਅੰਬੇਡਕਰ ਦਾ ਹਵਾਲਾ ਦਿੰਦਿਆਂ ਕਿਹਾ ਕਿ ਜਵਾਹਰ ਲਾਲ ਨਹਿਰੂ ਨੇ 20 ਸਾਲਾਂ ਵਿੱਚ 2,000 ਤੋਂ ਵੱਧ ਭਾਸ਼ਣ ਦਿੱਤੇ ਪਰ ਉਨ੍ਹਾਂ ਨੇ ਅਨੁਸੂਚਿਤ ਜਾਤੀਆਂ ਦੀ ਭਲਾਈ ਬਾਰੇ ‘ਇੱਕ ਵਾਰ ਵੀ’ ਨਹੀਂ ਬੋਲਿਆ। ਉਨ੍ਹਾਂ ਅੰਬੇਡਕਰ ਦੇ ਹਵਾਲੇ ਨਾਲ ਕਿਹਾ, ‘ਪੰਡਿਤ ਨਹਿਰੂ ਹਮੇਸ਼ਾ ਮੁਸਲਮਾਨਾਂ ਲਈ ਹੀ ਬੋਲੇ।’ -ਪੀਟੀਆਈ
ਰਾਹੁਲ ਨਾਲੋਂ ਪ੍ਰਿਯੰਕਾ ਦਾ ਭਾਸ਼ਣ ਵਧੀਆ ਸੀ: ਸਿਨਹਾ
ਨਵੀਂ ਦਿੱਲੀ: ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਸ਼ਤਰੂਘਨ ਸਿਨਹਾ ਨੇ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਦੇ ਭਾਸ਼ਣ ਨੂੰ ਰਾਹੁਲ ਗਾਂਧੀ ਦੇ ਭਾਸ਼ਣ ਤੋਂ ਵਧੀਆ ਕਰਾਰ ਦਿੱਤਾ ਹੈ। ਉਨ੍ਹਾਂ ਨੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਤੇ ਉਸ ਦੀ ਭੈਣ ਪ੍ਰਿਯੰਕਾ ਗਾਂਧੀ ਦੇ ਭਾਸ਼ਣ ਦੀ ਤੁਲਨਾ ਕਰਦਿਆਂ ਅੱਜ ਕਿਹਾ ਕਿ ਰਾਹੁਲ ਦਾ ਭਾਸ਼ਣ ‘ਚੰਗਾ’ ਸੀ ਪਰ ਪ੍ਰਿਯੰਕਾ ਗਾਂਧੀ ਦਾ ‘ਭਾਸ਼ਣ ਵਧੀਆ’ ਸੀ। ਟੀਐੱਮਸੀ ਸੰਸਦ ਮੈਂਬਰ ਸਿਨਹਾ ਨੇ ਕਿਹਾ, ‘‘ਲੋਕਾਂ ਨੂੰ ਲੱਗਦਾ ਹੈ ਕਿ ਇਹ ਛੋਟਾ ਭਾਸ਼ਣ ਛੋਟਾ ਸੀ ਤੇ ਉਸ ਨੂੰ ਥੋੜ੍ਹਾ ਹੋਰ ਬੋਲਣਾ ਚਾਹੀਦਾ ਸੀ। ਪਰ ਅਸਲ ਵਿੱਚ ਇਹ ਇੱਕ ਬਹੁਤ ਵਧੀਆ ਭਾਸ਼ਣ ਸੀ। ਜਦਕਿ ਮੈਨੂੰ ਲੱਗਦਾ ਹੈ ਕਿ ਹੁਣ ਤੱਕ ਪ੍ਰਿਯੰਕਾ ਗਾਂਧੀ ਦਾ ਇਹ ਭਾਸ਼ਣ ਕਿਤੇ ਬਿਹਤਰ ਸੀ। ਅਖਿਲੇਸ਼ ਯਾਦਵ ਅਤੇ ਕਲਿਆਣ ਬੈਨਰਜੀ ਵੀ ਬਹੁਤ ਵਧੀਆ ਬੋਲੇੇ। ਪ੍ਰਿਯੰਕਾ ਗਾਂਧੀ ਨੇ ਡੂੰਘਾਈ ਤੋਂ ਅਤੇ ਵਿਸ਼ਵਾਸ ਨਾਲ ਗੱਲ ਕੀਤੀ। ਉਨ੍ਹਾਂ ਸਾਰੇ ਮੁੱਦਿਆਂ ਨੂੰ ਕਵਰ ਕੀਤਾ। ਅੱਜ ਰਾਹੁਲ ਗਾਂਧੀ ਵੀ ਜੋਸ਼ ਨਾਲ ਵਧੀਆ ਬੋਲੇ ਪਰ ਉਨ੍ਹਾਂ ਨੂੰ ਹੋਰ ਬੋਲਣਾ ਚਾਹੀਦਾ ਸੀ।’’ -ਏਐੱਨਆਈ