ਕਾਂਗਰਸ ਵੱਲੋਂ ਅੰਬੇਡਕਰ ਸਨਮਾਨ ਹਫ਼ਤਾ ਮਨਾਉਣ ਦਾ ਫ਼ੈਸਲਾ
ਨਵੀਂ ਦਿੱਲੀ, 21 ਦਸੰਬਰ
ਕਾਂਗਰਸ ਨੇ ਅੱਜ ਕਿਹਾ ਕਿ ਪਾਰਟੀ ਬੀਆਰ ਅੰਬੇਡਕਰ ਦਾ ‘ਅਪਮਾਨ’ ਕਰਨ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਖ਼ਿਲਾਫ਼ ਰੋਸ ਮਾਰਚ ਕੱਢੇਗੀ ਅਤੇ ਇਸ ਮੁੱਦੇ ’ਤੇ ਇੱਕ ਹਫ਼ਤਾ ਮੁਹਿੰਮ ਚਲਾਏਗੀ। ਉਨ੍ਹਾਂ ਕਿਹਾ ਕਿ ਕਾਂਗਰਸ ਵਰਕਰ ਤੇ ਆਗੂ ‘ਅੰਬੇਡਕਰ ਸਨਮਾਨ ਹਫ਼ਤੇ’ ਤਹਿਤ ਬੀਆਰ ਅੰਬੇਡਕਰ ਦੀ ਵਿਰਾਸਤ ਨੂੰ ਯਾਦ ਕਰਨ ਲਈ ਮਾਰਚ ਅਤੇ ਪ੍ਰੈੱਸ ਕਾਨਫਰੰਸਾਂ ਕਰਨਗੇ। ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਕਿਹਾ ਕਿ ਪਾਰਟੀ ਦੇ ਸੰਸਦ ਮੈਂਬਰ ਤੇ ਆਗੂ 22 ਤੇ 23 ਦਸੰਬਰ ਨੂੰ ਦੇਸ਼ ਭਰ ’ਚ 150 ਥਾਵਾਂ ’ਤੇ ਪ੍ਰੈੱਸ ਕਾਨਫਰੰਸਾਂ ਕਰਨਗੇ ਅਤੇ ਪਾਰਟੀ ਵਰਕਰ 24 ਦਸੰਬਰ ਨੂੰ ਸਾਰੇ ਦੇਸ਼ ’ਚ ਰੋਸ ਮਾਰਚ ਕਰਨਗੇ। ਉਨ੍ਹਾਂ ਐਕਸ ’ਤੇ ਲਿਖਿਆ, ‘ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅਸਤੀਫੇ ਦੀ ਮੰਗ ’ਤੇ ਸਾਡਾ ਸੰਘਰਸ਼ ਜਾਰੀ ਰਹੇਗਾ। ਅਸੀਂ ਮਨੂ ਸਮ੍ਰਿਤੀ ਨੂੰ ਪੂਜਣ ਵਾਲਿਆਂ ਖ਼ਿਲਾਫ਼ ਡਾ. ਬਾਬਾ ਸਾਹਿਬ ਅੰਬੇਡਕਰ ਦੀ ਵਿਰਾਸਤ ਦੀ ਰਾਖੀ ਲਈ ਲੜਾਂਗੇ।’ ਉਨ੍ਹਾਂ ਕਿਹਾ, ‘ਕਾਂਗਰਸ ਅਗਲੇ ਹਫ਼ਤੇ ਨੂੰ ਡਾ. ਅੰਬੇਡਕਰ ਸਨਮਾਨ ਹਫ਼ਤੇ ਵਜੋਂ ਮਨਾ ਰਹੀ ਹੈ।’ -ਪੀਟੀਆਈ