ਕਾਂਗਰਸੀ ਕੌਂਸਲਰਾਂ ਵੱਲੋਂ ਵਿਧਾਇਕਾ ਨੂੰ ਬਹਿਸ ਦੀ ਚੁਣੌਤੀ
ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 20 ਨਵੰਬਰ
ਕਾਂਗਰਸ ਪਾਰਟੀ ਨਾਲ ਸਬੰਧਤ ਕੌਂਸਲਰ ਰਮੇਸ਼ ਕੁਮਾਰ ਮੇਸ਼ੀ ਸਹੋਤਾ ਨੇ ਜਰਨੈਲ ਸਿੰਘ ਲੋਹਟ, ਮਹਿਲਾ ਕੌਂਸਲਰ ਕਵਿਤਾ ਕੱਕੜ ਤੇ ਉਨ੍ਹਾਂ ਦੇ ਪਤੀ ਸੰਜੂ ਪਟਵਾਰੀ ਤੇ ਹੋਰਨਾਂ ਦੀ ਮੌਜੂਦਗੀ ਵਿੱਚ ਅੱਜ ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੂੰ ਤੱਥਾਂ ਦੇ ਆਧਾਰ ’ਤੇ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਤੋਹਮਤਬਾਜ਼ੀ ਤੇ ਇਲਜ਼ਾਮਤਰਾਸ਼ੀ ਸਿਆਸੀ ਲਾਹੇ ਲਈ ਤਾਂ ਹੋ ਸਕਦੀ ਹੈ ਪਰ ਇਸ ਨਾਲ ਸ਼ਹਿਰ ਦਾ ਵਿਕਾਸ ਨਹੀਂ ਹੋ ਸਕਦਾ। ਇਸ ਲਈ ਜ਼ਰੂਰੀ ਹੈ ਕਿ ਵਿਧਾਇਕਾ ਤੇ ਉਨ੍ਹਾਂ ਨਾਲ ਬਾਗੀ ਹੋ ਕੇ ਗਏ ਕਾਂਗਰਸੀ ਕੌਂਸਲਰ ਵੀ ਦਸਤਾਵੇਜ਼ ਲੈ ਕੇ ਆਉਣ ਅਤੇ ਕਾਂਗਰਸ ਨਾਲ ਪ੍ਰਧਾਨ ਜਤਿੰਦਰਪਾਲ ਰਾਣਾ ਤੇ ਸਾਥੀ ਕੌਂਸਲਰ ਵੀ ਪਹੁੰਚਣਗੇ। ਉਨ੍ਹਾਂ ਕਿਹਾ ਕਿ ਬਹਿਸ ਸਾਰੇ 23 ਵਾਰਡਾਂ ਦੇ ਕੌਂਸਲਰਾਂ ਤੇ ਮੀਡੀਆ ਦੀ ਹਾਜ਼ਰੀ ’ਚ ਓਪਨ ਡਿਬੇਟ ਵਾਂਗ ਹੋਵੇ। ਇਸ ਨਾਲ ਸੱਚ ਸਾਹਮਣੇ ਆਵੇਗਾ ਅਤੇ ਲੋਕ ਵੀ ਜਾਣੂ ਹੋਣਗੇ ਕਿ ਵਿਕਾਸ ਕਾਰਜਾਂ ’ਚ ਅੜਿੱਕਾ ਕੌਣ ਬਣ ਰਿਹਾ ਹੈ।
ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ‘ਆਪ’ ਦੀ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਪ੍ਰੈੱਸ ਕਾਨਫਰੰਸ ਕਰਕੇ ਕਾਂਗਰਸ ਨਾਲ ਸਬੰਧਤ ਨਗਰ ਕੌਂਸਲ ਪ੍ਰਧਾਨ ’ਤੇ ਵਿਕਾਸ ਕਾਰਜ ਸਿਰੇ ਨਾ ਚੜ੍ਹਨ ਦੇਣ ਦੇ ਦੋਸ਼ ਲਾਏ ਸਨ। ਇਸ ਦੇ ਜਵਾਬ ਵਿੱਚ ਅੱਜ ਮੇਸ਼ੀ ਸਹੋਤਾ ਤੇ ਹੋਰਨਾਂ ਨੇ ਕਿਹਾ ਕਿ ਹਾਕਮ ਧਿਰ ਛੇ ਵਾਰਡਾਂ ਨੂੰ ਛੱਡ ਕੇ ਪੱਖਪਾਤੀ ਢੰਗ ਨਾਲ ਬਾਕੀ ਵਾਰਡਾਂ ’ਚ ਮਨਮਰਜ਼ੀ ਦੇ ਕੰਮ ਕਰਵਾਉਣਾ ਚਾਹੁੰਦੀ ਸੀ ਜਿਨ੍ਹਾਂ ’ਚ ਕੁਝ ਕੰਮ ਗ਼ੈਰਜ਼ਰੂਰੀ ਸਨ। ਇਹ ਕੁਲ 9 ਕਰੋੜ ਦੇ ਨਾਲ 73 ਪ੍ਰਾਜੈਕਟ ਕਰਵਾਏ ਜਾਣੇ ਸਨ। ਉਸ ਤੋਂ ਬਾਅਦ ਸੱਤ ਕਰੋੜ ਦੇ ਕੰਮ ਲੋਕ ਸਭਾ ਚੋਣਾਂ ਨੇੜੇ ਪਾਏ ਗਏ ਪਰ ਆਮ ਆਦਮੀ ਪਾਰਟੀ ਦਾ ਉਮੀਦਵਾਰ ਚੋਣ ਹਾਰ ਗਿਆ ਤੇ ਓਧਰ ਪ੍ਰਧਾਨ ਰਾਣਾ ਹਾਈ ਕੋਰਟ ਨੇ ਮੁੜ ਅਹੁਦੇ ਤੋਂ ਬਹਾਲ ਕਰ ਦਿੱਤਾ ਜਿਸ ਕਰਕੇ ਵਿਧਾਇਕਾ ਮਾਣੂਕੇ ਨੇ ਹੀ ਇਹ ਕੰਮ ਰੁਕਵਾਏ ਹਨ।