ਗੋਆ ਟੂਰ ਤੋਂ ਪਰਤੇ ਕਾਂਗਰਸੀ ਕੌਂਸਲਰ ਵੀ ਪਲਾਂਟ ਦੇ ਖ਼ਿਲਾਫ਼
ਮੁਕੇਸ਼ ਕੁਮਾਰ
ਚੰਡੀਗੜ੍ਹ, 2 ਜੁਲਾਈ
ਚੰਡੀਗੜ੍ਹ ਨਗਰ ਨਿਗਮ ਵਲੋਂ ਇਥੇ ਡੱਡੂਮਾਜਰਾ ਵਿੱਚ ਲਗਾਏ ਜਾਣ ਵਾਲੇ ਇੰਟੀਗ੍ਰੇਟਡ ਗਾਰਬੇਜ ਪ੍ਰੋਸੈਸਿੰਗ ਪਲਾਂਟ ਨੂੰ ਲੈਕੇ ਗੋਆ ਭੇਜੇ ਗਏ ਨਗਰ ਨਿਗਮ ਦੇ ਕੌਂਸਲਰਾਂ ਦੇ ਸਟੱਡੀ ਟੂਰ ਤੋਂ ਬਾਅਦ ਵੀ ਵਿਰੋਧ ਜਾਰੀ ਹੈ। ਜਿਥੇ ਚੰਡੀਗੜ੍ਹ ਕਾਂਗਰਸ ਨੇ ਅੱਜ ਇੱਕ ਮੀਟਿੰਗ ਕਰਕੇ ਇਸ ਪਲਾਂਟ ਦਾ ਸਮਰਥਨ ਨਾ ਕਰਨ ਦਾ ਫੈਸਲਾ ਕੀਤਾ ਹੈ ਉਥੇ ਚੰਡੀਗੜ੍ਹ ‘ਆਪ’ ਨੇ ਵੀ ਇਸ ਪਲਾਂਟ ਨੂੰ ਲੈਕੇ ਨਗਰ ਨਿਗਮ ਸਮੇਤ ਚੰਡੀਗੜ੍ਹ ਭਾਜਪਾ ਖਿਲਾਫ਼ ਸਵਾਲ ਚੁੱਕੇ ਹਨ। ਚੰਡੀਗੜ੍ਹ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਹਰਮੋਹਿੰਦਰ ਸਿੰਘ ਲੱਕੀ ਅਤੇ ਸਾਬਕਾ ਕੇਂਦਰੀ ਮੰਤਰੀ ਪਵਨ ਬਾਂਸਲ ਦੀ ਅਗਵਾਈ ਹੇਠ ਹੋਈ ਨਗਰ ਨਿਗਮ ਚੰਡੀਗੜ੍ਹ ਦੇ ਕਾਂਗਰਸੀ ਕੌਂਸਲਰਾਂ ਦੀ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਹੈ ਕਿ ਕਾਂਗਰਸ ਪਾਰਟੀ ਡੱਡੂ ਮਾਜਰਾ ਵਿੱਚ ਲੱਗਣ ਵਾਲੇ ਨਵੇਂ ਗਾਰਬੇਜ ਪ੍ਰੋਸੈਸਿੰਗ ਪਲਾਂਟ ਦਾ ਸਮਰਥਨ ਨਹੀਂ ਕਰੇਗੀ। ਕੌਂਸਲਰਾਂ ਦੇ ਸਟੱਡੀ ਟੂਰ ਤੋਂ ਪਰਤਣ ਮਗਰੋਂ ਹੋਈ ਮੀਟਿੰਗ ਵਿੱਚ ਦਲੀਲ ਦਿੱਤੀ ਗਈ ਹੈ ਕਿ ਇੱਥੇ ਪਲਾਂਟ ਲਗਾਉਣਾ ਡੱਡੂ ਮਾਜਰਾ ਤੇ ਆਸ-ਪਾਸ ਦੇ ਇਲਾਕਾ ਵਾਸੀਆਂ ਦੇ ਹਿੱਤਾਂ ਲਈ ਨੁਕਸਾਨਦਾਇਕ ਹੈ। ਮੀਟਿੰਗ ਵਿੱਚ ਕਾਂਗਰਸੀ ਕੌਂਸਲਰਾਂ ਨੇ ਗੋਆ ਵਿੱਚ ਲੱਗੇ ਪਲਾਂਟ ਬਾਰੇ ਆਪਣੇ ਸੁਝਾਅ ਅਤੇ ਜਾਣਕਾਰੀ ਸਾਂਝੀ ਕੀਤੀ। ਸਟੱਡੀ ਟੂਰ ’ਤੇ ਗਏ ਪਾਰਟੀ ਦੇ ਕੌਂਸਲਰਾਂ ਨੇ ਦੱਸਿਆ ਕਿ ਗੋਆ ਦੇ ਗਾਰਬੇਜ ਪਲਾਂਟ ਦੇ ਆਪਣੇ ਫਾਇਦੇ ਅਤੇ ਨੁਕਸਾਨ ਹਨ, ਪਰ ਇਸ ਦੀ ਤੁਲਨਾ ਚੰਡੀਗੜ੍ਹ ਦੇ ਪ੍ਰਸਤਾਵਿਤ ਪਲਾਂਟ ਨਾਲ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਗੋਆ ਦੇ ਗਾਰਬੇਜ ਪ੍ਰੋਸੈਸਿੰਗ ਪਲਾਂਟ ਸ਼ਹਿਰ ਦੀ ਅਾਬਾਦੀ ਤੋਂ ਦੂਰ ਹਨ ਅਤੇ ਇੱਥੇ ਡੱਡੂਮਾਜਰਾ ਵਿੱਚ ਲਗਾਇਆ ਜਾਣ ਵਾਲਾ ਪਲਾਂਟ ਐਨ ਰਿਹਾਇਸ਼ੀ ਅਾਬਾਦੀ ਦੇ ਨੇੜੇ ਹੈ। ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਹਰਮੋਹਿੰਦਰ ਸਿੰਘ ਲੱਕੀ ਨੇ ਕਿਹਾ ਕਿ ਡੱਡੂਮਾਜਰਾ ਤੇ ਆਸ-ਪਾਸ ਦੇ ਇਲਾਕਾ ਵਾਸੀ ਪਿਛਲੇ ਕਈ ਸਾਲਾਂ ਤੋਂ ਦੁਖੀ ਹਨ ਅਤੇ ਹੁਣ ਸੱਤਾਧਾਰੀ ਪਾਰਟੀ ਨੇ ਆਪਣੇ ਨੌਂ ਸਾਲਾਂ ਦੇ ਰਾਜ ਵਿੱਚ ਉਨ੍ਹਾਂ ਲਈ ਕੁਝ ਨਹੀਂ ਕੀਤਾ, ਸਿਰਫ਼ ਸਿਆਸੀ ਲਾਹਾ ਲਿਆ ਜਾ ਰਿਹਾ ਹੈ।
ਉਨ੍ਹਾਂ ਸੁਝਾਅ ਦਿੱਤਾ ਕਿ ਅਧਿਕਾਰੀਆਂ ਨੂੰ ਨੇੜਲੇ ਰਾਜਾਂ ਪੰਜਾਬ ਜਾਂ ਹਰਿਆਣਾ ਵਿੱਚ ਕਿਸੇ ਢੁਕਵੀਂ ਥਾਂ ’ਤੇ ਲੋੜੀਂਦੀ 50 ਏਕੜ ਬੰਜਰ ਜ਼ਮੀਨ ਖਰੀਦ ਕੇ ਉੱਥੇ ਪਲਾਂਟ ਸਥਾਪਤ ਕਰਨਾ ਚਾਹੀਦਾ ਹੈ। ਪਲਾਂਟ ਲਗਾਉਣ ਲਈ 15 ਏਕੜ ਦੀ ਵਰਤੋਂ ਕੀਤੀ ਜਾ ਸਕਦੀ ਹੈ ਅਤੇ ਬਾਕੀ ਇਸ ਦੇ ਆਲੇ ਦੁਆਲੇ ਜੰਗਲੀ ਖੇਤਰ ਨੂੰ ਵਿਕਸਤ ਕਰਨ ਲਈ ਵਰਤਿਆ ਜਾ ਸਕਦਾ ਹੈ। ਗੋਆ ਟੂਰ ’ਤੇ ਗਏ ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਨੇ ਦੱਸਿਆ ਕਿ ਗੋਆ ਪਲਾਂਟ ਇੱਕ ਵੇਸਟ ਟੂ ਐਨਰਜੀ (ਬਿਜਲੀ) ਪਲਾਂਟ ਹੈ ਜਦੋਂ ਕਿ ਚੰਡੀਗੜ੍ਹ ਵਿੱਚ ਪ੍ਰਸਤਾਵਿਤ ਪਲਾਂਟ ਸੀਐੱਨਜੀ ਹੈ ਜੋ ਕਿ ਇੱਕ ਪੁਰਾਣੀ ਤਕਨੀਕ ਹੈ ਅਤੇ ਇੱਥੇ ਵੀ ਵੇਸਟ ਟੂ ਐਨਰਜੀ (ਬਿਜਲੀ) ਤਕਨਾਲੋਜੀ ਨੂੰ ਅਪਣਾਉਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਅਜਿਹੀਆਂ ਕੰਪਨੀਆਂ ਦਾ ਪਤਾ ਲਗਾਉਣਾ ਚਾਹੀਦਾ ਹੈ ਜੋ ਕਿ ਨਗਰ ਨਿਗਮ ਨਾਲ ਮਾਲੀਆ ਸਾਂਝਾ ਕਰ ਸਕਦੀਆਂ ਹਨ ਕਿਉਂਕਿ ਮੌਜੂਦਾ ਆਰਐੱਫਪੀ ਅਨੁਸਾਰ ਨਗਰ ਨਿਗਮ ਨੂੰ ਟਿਪਿੰਗ ਚਾਰਜਿਜ਼ ਅਦਾ ਕਰਨ ਤੋਂ ਇਲਾਵਾ ਲਗਪਗ 80 ਕਰੋੜ ਰੁਪਏ ਅਦਾ ਕਰਨੇ ਪੈਣਗੇ ਜਿਸ ਨਾਲ ਨਿਗਮ ’ਤੇ ਭਾਰੀ ਵਿੱਤੀ ਬੋਝ ਪਵੇਗਾ। ਪਾਰਟੀ ਪ੍ਰਧਾਨ ਹਰਮੋਹਿੰਦਰ ਸਿੰਘ ਲੱਕੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਚੰਡੀਗੜ੍ਹ ’ਚ ਗਾਰਬੇਜ ਪ੍ਰੋਸੈਸਿੰਗ ਪਲਾਂਟ ਸਥਾਪਤ ਕਰਨ ਦੇ ਨਹੀਂ ਬਲਕਿ ਪਲਾਂਟ ਲਾਉਣ ਵਾਲੀ ਥਾਂ, ਤਕਨਾਲੋਜੀ ਅਤੇ ਵਿੱਤੀ ਖਰਚੇ ਵਿਰੁੱਧ ਹੈ। ਉਨ੍ਹਾਂ ਪ੍ਰਸ਼ਾਸਕ ਨੂੰ ਅਪੀਲ ਕੀਤੀ ਹੈ ਕਿ ਉਹ ਜਲਦੀ ਵਿੱਚ ਕੋਈ ਅਜਿਹਾ ਫੈਸਲਾ ਨਾ ਲੈਣ ਜਿਸ ਨਾਲ ਆਉਣ ਵਾਲੀਆਂ ਪੀੜ੍ਹੀਆਂ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਦਾ ਹੋਵੇ। ਇਸ ਦੇ ਨਾਲ ਹੀ ਉਨ੍ਹਾਂ ਭਾਜਪਾ ਅਤੇ ‘ਆਪ’ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਮੁੱਦੇ ’ਤੇ ਰਾਜਨੀਤੀ ਨਾ ਕਰਨ।
‘ਆਪ’ ਨੇ ਵੀ ਪਲਾਂਟ ਸਬੰਧੀ ਸਵਾਲ ਉਠਾਏ
ਚੰਡੀਗੜ੍ਹ ਦੇ ਸਾਬਕਾ ਮੇਅਰ, ਪੰਜਾਬ ਲਾਰਜ ਇੰਡਸਟਰੀਜ ਡਿਵਲਪਮੇਂਟ ਬੋਰਡ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਚੰਡੀਗੜ੍ਹ ਦੇ ਸਾਬਕਾ ਸਹਿ ਇੰਚਾਰਜ ਪ੍ਰਦੀਪ ਛਾਬੜਾ ਨੇ ਕਿਹਾ ਕਿ ਡੱਡੂਮਾਜਰਾ ਵਾਸੀਆਂ ਦੇ ਵਿਰੋਧ ਦੇ ਬਾਵਜੂਦ ਉੱਥੇ ਗਾਰਬੇਜ ਪ੍ਰੋਸੇਸਿੰਗ ਪਲਾਂਟ ਲਗਾਉਣ ਲਈ ਬਜ਼ਿੱਦ ਭਾਜਪਾ ਨੇ ਨਗਰ ਨਿਗਮ ਕੌਂਸਲਰਾਂ ਦੇ ਗੋਆ ਸਟਡੀ ਟੂਰ ਦੇ ਨਾਮ ’ਤੇ ਸ਼ਹਿਰ ਦੇ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਦੇ ਟੈਕਸ ਦੇ ਪੈਸੇ ਦੀ ਦੁਰਵਰਤੋਂ ਕੀਤੀ ਹੈ ਜਿਸ ਨੂੰ ਸ਼ਹਿਰ ਦੀ ਜਨਤਾ ਕਦੇ ਮੁਆਫ ਨਹੀਂ ਕਰੇਗੀ। ਸਾਬਕਾ ਮੇਅਰ ਪ੍ਰਦੀਪ ਛਾਬੜਾ ਨੇ ਦੋਸ਼ ਲਗਾਇਆ ਕਿ ਚੰਡੀਗੜ੍ਹ ਨਗਰ ਨਿਗਮ ਭਾਜਪਾ ਦੇ ਹੱਥਾਂ ਦੀ ਕਠਪੁਤਲੀ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਡੱਡੂਮਾਜਰਾ ਵਿੱਚ ਮੁੱਦਤ ਤੋਂ ਲੱਗੇ ਕੂੜੇ ਦੇ ਪਹਾੜ ਨੂੰ ਹਟਾਉਣ ਦੇ ਨਾਮ ’ਤੇ ਲਗਾਏ ਜਾ ਰਹੇ ਗਾਰਬੇਜ ਪ੍ਰੋਸੇਸਿੰਗ ਪਲਾਂਟ ਦੇ ਫੈਸਲੇ ’ਚੋਂ ਭ੍ਰਿਸ਼ਟਾਚਾਰ ਦੀ ਬਦਬੂ ਆਉਣ ਲੱਗ ਪਈ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਇੱਕ ਕੰਪਨੀ ਨੂੰ ਫਾਇਦਾ ਪਹੁੰਚਾਉਣ ਲਈ ਚੰਡੀਗੜ੍ਹ ਭਾਜਪਾ ਐਨੀ ਕਾਹਲੀ ਹੈ ਕਿ ਗੋਆ ਸਟੱਡੀ ਟੂਰ ਦੀ ਆੜ ਵਿੱਚ ਕੌਂਸਲਰਾਂ ਦੇ ਪਰਿਵਾਰਕ ਮੈਂਬਰਾਂ ਸਮੇਤ ਨਿਗਮ ਦੇ ਅਫਸਰਾਂ ਤੇ ਡੱਡੂਮਾਜਰਾ ਦੇ ਗੈਰ ਤਕਨੀਕੀ ਜਾਣਕਾਰ ਲੋਕਾਂ ਨੂੰ ਲਿਜਾ ਕਿ ਸਰਕਾਰੀ ਖ਼ਜ਼ਾਨੇ ’ਚੋਂ ਲੱਖਾਂ ਰੁਪਏ ਖਰਚ ਦਿੱਤੇ ਗਏ ਹਨ ਤਾਂ ਜੋ ਸਟੱਡੀ ਟੂਰ ’ਤੇ ਗਏ ਇਹ ਸਾਰੇ ਲੋਕ ਡੱਡੂਮਾਜਰਾ ਗਾਰਬੇਜ ਪਲਾਂਟ ਨੂੰ ਲੈ ਕੇ ਆਪਣੇ ਸਹਿਮਤੀ ਦੇ ਦੇਣ।