ਪ੍ਰਧਾਨ ਦੇ ਹੱਕ ’ਚ ਪੁਲੀਸ ਅਧਿਕਾਰੀ ਨੂੰ ਮਿਲੇ ਕਾਂਗਰਸੀ ਕੌਂਸਲਰ
ਨਿੱਜੀ ਪੱਤਰ ਪ੍ਰੇਰਕ
ਖੰਨਾ, 26 ਅਕਤੂਬਰ
ਇਥੋਂ ਦੇ ਨਗਰ ਕੌਂਸਲ ਪ੍ਰਧਾਨ ਕਮਲਜੀਤ ਸਿੰਘ ਲੱਧੜ ਦੇ ਹੱਕ ਵਿਚ ਅੱਜ ਕਾਂਗਰਸ ਪਾਰਟੀ ਕੌਂਸਲਰਾਂ ਅਤੇ ਵੱਖ ਵੱਖ ਜਥੇਬੰਦੀਆਂ ਦਾ ਵਫ਼ਦ ਪੁਲੀਸ ਅਧਿਕਾਰੀਆਂ ਨੂੰ ਮਿਲਿਆ। ਉਨ੍ਹਾਂ ਥਾਣਾ ਸਿਟੀ-2 ਵਿਖੇ ਮੁੱਖ ਅਫ਼ਸਰ ਨੂੰ ਦੱਸਿਆ ਕਿ ਪ੍ਰਧਾਨ ਲੱਧੜ ਤੇ ਰਣਵੀਰ ਸਿੰਘ ਉਰਫ਼ ਕਾਕਾ ਨੂੰ ਵਾਰ ਵਾਰ ਕਿਸੇ ਦਰਖਾਸਤ ਸਬੰਧੀ ਥਾਣੇ ਵੱਲੋਂ ਪ੍ਰਵਾਨਾ ਭੇਜ ਕੇ ਸੱਦਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਅਜਿਹੀ ਇੱਕ ਦਰਖਾਸਤ ’ਤੇ ਪੜਤਾਲ ਹੋਣ ਮਗਰੋਂ ਉਸ ਨੂੰ ਦਾਖਲ ਦਫ਼ਤਰ ਕਰ ਦਿੱਤਾ ਗਿਆ ਸੀ, ਹੁਣ ਮੁੜ ਥਾਣੇ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਹੈ। ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜੀਵ ਰਾਏ ਮਹਿਤਾ ਨੇ ਦੱਸਿਆ ਕਿ ਕੌਂਸਲ ਪ੍ਰਧਾਨ ਸੰਵਿਧਾਨਕ ਅਹੁਦੇ ’ਤੇ ਨਿਯੁਕਤ ਹਨ। ਇਸ ਸਬੰਧੀ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ, ਲਖਵੀਰ ਸਿੰਘ ਲੱਖਾ ਜ਼ਿਲ੍ਹਾ ਪ੍ਰਧਾਨ ਅਤੇ ਮਲਕੀਤ ਸਿੰਘ ਦਾਖਾ ਸਾਬਕਾ ਮੰਤਰੀ ਵੱਲੋਂ ਵੀ ਐੱਸਐੱਸਪੀ ਨਾਲ ਮੁਲਾਕਾਤ ਕੀਤੀ ਗਈ ਸੀ ਪਰ ਮੁੜ ਪ੍ਰਧਾਨ ਲੱਧੜ ਨੂੰ ਪ੍ਰੇਸ਼ਾਨ ਕਰਨ ਲਈ ਪ੍ਰਵਾਨੇ ਭੇਜੇ ਜਾ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਕੌਂਸਲ ਪ੍ਰਧਾਨ ਨੂੰ ਤੰਗ ਪ੍ਰੇਸ਼ਾਨ ਕਰਨਾ ਬੰਦ ਕੀਤਾ ਜਾਵੇ ਨਹੀਂ ਤਾਂ ਤਿੱਖਾ ਵਿਰੋਧ ਕੀਤਾ ਜਾਵੇਗਾ।