ਕਾਂਗਰਸੀ ਕੌਂਸਲਰ ਵੱਲੋਂ ‘ਆਪ’ ਕੌਂਸਲਰ ’ਤੇ ਜਾਤੀਸੂਚਕ ਸ਼ਬਦ ਬੋਲਣ ਦਾ ਦੋਸ਼
ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 3 ਅਗਸਤ
ਨਗਰ ਕੌਂਸਲ ਭਵਾਨੀਗੜ੍ਹ ਦੇ ਵਾਰਡ ਨੰਬਰ 5 ਤੋਂ ਅਨੁਸੂਚਿਤ ਜਾਤੀ ਨਾਲ ਸਬੰਧਤ ਕਾਂਗਰਸੀ ਮਹਿਲਾ ਕੌਂਸਲਰ ਹਰਵਿੰਦਰ ਕੌਰ ਵੱਲੋਂ ਅੱਜ ਇੱਥੇ ਥਾਣੇ ਵਿੱਚ ਦਿੱਤੀ ਦਰਖਾਸਤ ਵਿੱਚ ਆਮ ਆਦਮੀ ਪਾਰਟੀ ਦੇ ਕੌਂਸਲਰ ਗੁਰਤੇਜ ਸਿੰਘ ਅਤੇ ਇਕਬਾਲ ਸਿੰਘ ਉੱਤੇ ਉਸ ਨੂੰ ਜਾਤੀਸੂਚਕ ਸ਼ਬਦ ਬੋਲਣ ਅਤੇ ਧਮਕਾਉਣ ਦੇ ਦੋਸ਼ ਲਗਾਏ ਗਏ।
ਕੌਂਸਲਰ ਹਰਵਿੰਦਰ ਕੌਰ ਨੇ ਦੱਸਿਆ ਕਿ ਅੱਜ ਤਹਿਸੀਲ ਕੰਪਲੈਕਸ ਵਿੱਚ ਉਕਤ ਆਗੂਆਂ ਵੱਲੋਂ ਉਸ ਨੂੰ ਕਾਂਗਰਸ ਪਾਰਟੀ ਛੱਡਣ ਲਈ ਡਰਾਇਆ ਧਮਕਾਇਆ ਗਿਆ ਅਤੇ ਉਸ ਲਈ ਜਾਤੀਸੂਚਕ ਸ਼ਬਦਾਂ ਦੀ ਵਰਤੋਂ ਕੀਤੀ। ਇਸ ਦੇ ਨਾਲ ਹੀ ਉਸ ਨੂੰ ਕਥਿਤ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ। ਉਨ੍ਹਾਂ ਉਕਤ ਆਗੂਆਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ। ਇਸ ਮੌਕੇ ਗੁਰਵਿੰਦਰ ਸਿੰਘ ਸੱਗੂ, ਹਰਮਨ ਸਿੰਘ, ਜਗਤਾਰ ਸਿੰਘ, ਸੁਦਰਸ਼ਨ ਸ਼ਲਦੀ, ਸੰਜੀਵ ਲਾਲਕਾ,ਸਵਰਨ ਸਿੰਘ, ਨਰਿੰਦਰ ਸਿੰਘ ਹਾਕੀ ਅਤੇ ਬਲਵਿੰਦਰ ਸਿੰਘ ਘਾਬਦੀਆ ਆਦਿ ਕੌਂਸਲਰ ਤੇ ਕਾਂਗਰਸੀ ਆਗੂ ਵੀ ਹਾਜ਼ਰ ਸਨ। ਦੂਜੇ ਪਾਸੇ ‘ਆਪ’ ਦੇ ਕੌਂਸਲਰ ਗੁਰਤੇਜ ਸਿੰਘ ਤੇ ਇਕਬਾਲ ਸਿੰਘ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਹ ਹਰਵਿੰਦਰ ਕੌਰ ਨੂੰ ਤਹਿਸੀਲ ਕੰਪਲੈਕਸ ’ਚ ਮਿਲੇ ਹੀ ਨਹੀਂ, ਸਗੋਂ ਹਰਵਿੰਦਰ ਕੌਰ ਖੁਦ ਉਸ ਦੇ ਘਰ ਆਈ ਸੀ ਜਿੱਥੇ ਉਸ ਵੱਲੋਂ ਜ਼ਮੀਨ ਦੇ ਕੇਸ ਵਿੱਚ ਗ਼ਲਤ ਗਵਾਹੀ ਦੇਣ ਸਬੰਧੀ ਚਰਚਾ ਕੀਤੀ ਗਈ ਸੀ।