ਕਾਂਗਰਸ ਵੱਲੋਂ ਚੋਣ ਕਮਿਸ਼ਨ ਕੋਲ ਮੋਦੀ ਦੀ ਸ਼ਿਕਾਇਤ
ਨਵੀਂ ਦਿੱਲੀ, 8 ਅਪਰੈਲ
ਕਾਂਗਰਸ ਦੇ ਚੋਣ ਮਨੋਰਥ ਪੱਤਰ ’ਚ ਮੁਸਲਿਮ ਲੀਗ ਦੀ ਛਾਪ ਨਜ਼ਰ ਆਉਣ ਬਾਰੇ ਕੀਤੀ ਗਈ ਟਿੱਪਣੀ ’ਤੇ ਪਾਰਟੀ ਨੇ ਅੱਜ ਚੋਣ ਕਮਿਸ਼ਨ ਕੋਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਿਕਾਇਤ ਕੀਤੀ ਹੈ। ਕਾਂਗਰਸ ਆਗੂਆਂ ਦਾ ਵਫ਼ਦ ਚੋਣ ਕਮਿਸ਼ਨ ਦੇ ਅਧਿਕਾਰੀਆਂ ਨੂੰ ਮਿਲਿਆ ਅਤੇ ਉਸ ਕੋਲ ਕਈ ਮੁੱਦੇ ਚੁੱਕੇ। ਇਨ੍ਹਾਂ ’ਚ ਪ੍ਰਧਾਨ ਮੰਤਰੀਆਂ ਦੀਆਂ ਤਸਵੀਰਾਂ ਅਤੇ ਵੱਡੇ ਕੱਟ-ਆਊਟ ਸਰਕਾਰੀ ਇਮਾਰਤਾਂ ਤੇ ਕਾਲਜਾਂ ’ਚ ਲੱਗੇ ਹੋਣ ਦਾ ਮੁੱਦਾ ਵੀ ਸ਼ਾਮਲ ਹੈ। ਕਾਂਗਰਸ ਨੇ ਮੰਗ ਕੀਤੀ ਕਿ ਲੋਕ ਸਭਾ ਚੋਣਾਂ ’ਚ ਸਾਰਿਆਂ ਨੂੰ ਇਕ ਸਮਾਨ ਮੌਕਾ ਦਿੰਦਿਆਂ ਚੋਣ ਕਮਿਸ਼ਨ ਇਹ ਤਸਵੀਰਾਂ ਅਤੇ ਕੱਟ-ਆਊਟ ਹਟਵਾਏ। ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਕਿਹਾ ਕਿ ਪਾਰਟੀ ਨੇ ਮੋਦੀ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ ਜਿਨ੍ਹਾਂ ਦੋਸ਼ ਲਾਇਆ ਹੈ ਕਿ ਕਾਂਗਰਸ ਦਾ ਚੋਣ ਮਨੋਰਥ ਪੱਤਰ ਦੇਸ਼ ਨੂੰ ਵੰਡਣ ਦੀਆਂ ਕੋਸ਼ਿਸ਼ਾਂ ਅਤੇ ਮੁਸਲਿਮ ਲੀਗ ਦੀ ਆਜ਼ਾਦੀ ਤੋਂ ਪਹਿਲਾਂ ਦੀ ਵਿਚਾਰਧਾਰਾ ਥੋਪਣ ਵਾਲਾ ਹੈ। ਚੋਣ ਅਧਿਕਾਰੀਆਂ ਨਾਲ ਮੀਟਿੰਗ ਮਗਰੋਂ ਕਾਂਗਰਸ ਆਗੂ ਪਵਨ ਖੇੜਾ ਨੇ ਕਿਹਾ,‘‘ਅਸੀਂ ਚੋਣ ਕਮਿਸ਼ਨ ਕੋਲ ਅਜਿਹੇ ਵਿਵਾਦਤ ਬਿਆਨਾਂ ਦਾ ਮਾਮਲਾ ਚੁੱਕਿਆ ਹੈ ਅਤੇ ਪਾਰਟੀ ਦੇ ਇਤਰਾਜ਼ ਦਰਜ ਕਰਵਾਏ ਹਨ। ਚੋਣ ਪ੍ਰਚਾਰ ਦੌਰਾਨ ਪ੍ਰਧਾਨ ਮੰਤਰੀ ਦੀਆਂ ਫ਼ੌਜੀ ਵਰਦੀ ਵਾਲੀਆਂ ਤਸਵੀਰਾਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਚੋਣ ਕਮਿਸ਼ਨ ਨੇ ਪਹਿਲਾਂ ਹੀ ਐਡਵਾਈਜ਼ਰੀ ਜਾਰੀ ਕੀਤੀ ਹੋਈ ਹੈ ਕਿ ਚੋਣਾਂ ਦੌਰਾਨ ਇੰਜ ਨਹੀਂ ਕੀਤਾ ਜਾ ਸਕਦਾ ਹੈ। ਅਸੀਂ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮੁੱਦੇ ’ਤੇ ਕਾਰਵਾਈ ਕਰੇ।’’ ਖੇੜਾ ਨਾਲ ਮੁਕੁਲ ਵਾਸਨਿਕ, ਸਲਮਾਨ ਖੁਰਸ਼ੀਦ, ਗੁਰਦੀਪ ਸੱਪਲ ਤੇ ਹੋਰ ਹਾਜ਼ਰ ਸਨ। ਕਾਂਗਰਸ ਨੇ ਇਕ ਹੋਰ ਸ਼ਿਕਾਇਤ ਵਿੱਚ ਭਾਜਪਾ ’ਤੇ ਹਥਿਆਰਬੰਦ ਬਲਾਂ ਦੀ ਵਰਤੋਂ ਦਾ ਦੋਸ਼ ਲਾਇਆ ਹੈ। -ਪੀਟੀਆਈ