ਹਰਿਆਣਾ ਵਿੱਚ ਸਰਕਾਰ ਨਹੀਂ ਬਣਾ ਸਕਦੀ ਕਾਂਗਰਸ: ਖੱਟਰ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 26 ਸਤੰਬਰ
ਕੇਂਦਰੀ ਮੰਤਰੀ ਅਤੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਕਾਂਗਰਸ ਨੇ ਚੋਣਾਂ ਤੋਂ ਪਹਿਲਾਂ ਹੀ ਮੰਨ ਲਿਆ ਹੈ ਕਿ ਸੂਬੇ ਵਿਚ ਭਾਜਪਾ ਦੀ ਸਰਕਾਰ ਬਣਨ ਜਾ ਰਹੀ ਹੈ। ਚੋਣਾਂ ਤੋਂ ਪਹਿਲਾਂ ਕਾਂਗਰਸ ਨੇਤਾ ਵੱਡੇ ਵੱਡੇ ਦਾਅਵੇ ਕਰਦੇ ਹਨ ਪਰ ਚੋਣ ਨਤੀਜਿਆਂ ਤੋਂ ਬਾਅਦ ਉਸ ਦੇ ਨੇਤਾ ਪ੍ਰੇਸ਼ਾਨ ਹੋ ਜਾਂਦੇ ਹਨ। ਮਨੋਹਰ ਲਾਲ ਖੱਟਰ ਸ਼ਾਹਬਾਦ ਦੇ ਦੇਵੀ ਮੰਦਿਰ ’ਚ ਭਾਜਪਾ ਦੀ ਇਕ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਦਾ ਇਥੇ ਪੁੱਜਣ ’ਤੇ ਹਲਕਾ ਸ਼ਾਹਬਾਦ ਤੋਂ ਭਾਜਪਾ ਉਮੀਦਵਾਰ ਸੁਭਾਸ਼ ਕਲਸਾਣਾ, ਵਿਧਾਨ ਸਭਾ ਕੁਆਰਡੀਨੇਟਰ ਧੁੰਮਣ ਸਿੰਘ ਕਿਰਮਚ, ਭਾਜਪਾ ਕਾਰਜਕਾਰਨੀ ਮੈਂਬਰ ਬੀਬੀ ਕਰਤਾਰ ਕੌਰ ਤੇ ਹੋਰ ਪਾਰਟੀ ਅਹੁਦੇਦਾਰਾਂ ਨੇ ਸਵਾਗਤ ਕੀਤਾ। ਮਨੋਹਰ ਲਾਲ ਖੱਟਰ ਨੇ ਕਿਹਾ ਕਿ ਕਾਂਗਰਸ ਨੇ ਹਾਲੇ ਤਕ ਮੁੱਖ ਮੰਤਰੀ ਦਾ ਚਿਹਰਾ ਵੀ ਨਹੀਂ ਐਲਾਨਿਆ ਕਿਉਂਕਿ ਉਹ ਜਾਣਦੇ ਹਨ ਕਿ ਇੱਕਲੇ ਸਰਕਾਰ ਬਣਾਉਣਾ ਉਨ੍ਹਾਂ ਦੇ ਵੱਸ ਵਿਚ ਨਹੀਂ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ 2014 ਤੇ 2019 ਵਿਚ ਕੇਂਦਰ ਵਿਚ ਭਾਜਪਾ ਸਰਕਾਰ ਸੀ ਤੇ ਸੂਬੇ ਵਿਚ ਵੀ ਲੋਕਾਂ ਨੇ ਭਾਜਪਾ ਸਰਕਾਰ ਬਣਾਉਣ ਦਾ ਕੰਮ ਕੀਤਾ, ਠੀਕ ਉਸੇ ਤਰ੍ਹਾਂ ਇਸ ਵਾਰ ਵੀ ਲੋਕ ਸੂਬੇ ’ਚ ਭਾਜਪਾ ਸਰਕਾਰ ਬਣਾਉਣਗੇ। ਉਨ੍ਹਾਂ ਭਾਜਪਾ ਉਮੀਦਵਾਰ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਤੇ ਕਿਹਾ ਕਿ ਭਾਜਪਾ ਨੇ ਸ਼ਾਹਬਾਦ ਹਲਕੇ ਵਿਚ ਸੂਝਵਾਨ ਉਮੀਦਵਾਰ ਦਿੱਤਾ ਹੈ।
ਭਾਜਪਾ ਉਮੀਦਵਾਰ ਸੁਭਾਸ਼ ਕਲਸਾਣਾ ਨੇ ਕਿਹਾ ਕਿ ਕਾਂਗਰਸੀਆਂ ਵਲੋਂ ਆਪਣਾ ਘਰ ਭਰਨ ਦੀ ਗੱਲ ਕਹਿਣ ਤੋਂ ਬਾਅਦ ਲੋਕਾਂ ਨੂੰ ਚੌਕਸ ਹੋ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੱਜ ਸ਼ਾਹਬਾਦ ਦੇ ਜੋ ਹਾਲਾਤ ਹਨ ਉਹ ਇਨ੍ਹਾਂ ਲੋਕਾਂ ਦੇ ਕਰਕੇ ਹੀ ਹਨ। ਇਸ ਮੌਕੇ ਬਲਦੇਵ ਰਾਜ ਸੇਠੀ, ਕਰਣਰਾਜ ਸਿੰਘ ਤੂਰ, ਮੰਡਲ ਪ੍ਰਧਾਨ ਮੁਲਖ ਰਾਜ ਗੁੰਬਰ, ਸਰਬਜੀਤ ਸਿੰਘ ਕਲਸਾਣੀ, ਬੀਬੀ ਕਰਤਾਰ ਕੌਰ, ਤਿਲਕ ਰਾਜ ਅਗਰਵਾਲ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਾਰਟੀ ਕਾਰਕੁਨ ਤੇ ਪਤਵੰਤੇ ਮੌਜੂਦ ਸਨ।