ਕਾਂਗਰਸ: ਮੱਧ ਪ੍ਰਦੇਸ਼, ਛੱਤੀਸਗੜ੍ਹ ਤੇ ਤਿਲੰਗਾਨਾ ਲਈ ਉਮੀਦਵਾਰ ਐਲਾਨੇ
ਨਵੀਂ ਦਿੱਲੀ, 15 ਅਕਤੂਬਰ
ਕਾਂਗਰਸ ਨੇ ਨਰਾਤਿਆਂ ਦੇ ਪਹਿਲੇ ਦਿਨ ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਤਿਲੰਗਾਨਾ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਕਾਂਗਰਸ ਨੇ ਮੱਧ ਪ੍ਰਦੇਸ਼ ’ਚ 144, ਛੱਤੀਸਗੜ੍ਹ ’ਚ 30 ਅਤੇ ਤਿਲੰਗਾਨਾ ’ਚ 55 ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਮੱਧ ਪ੍ਰਦੇਸ਼ ’ਚ ਪਾਰਟੀ ਨੇ ਸਾਬਕਾ ਮੁੱਖ ਮੰਤਰੀ ਅਤੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕਮਲਨਾਥ ਨੂੰ ਛਿੰਦਵਾੜਾ, ਰਾਜ ਸਭਾ ਮੈਂਬਰ ਦਿਗਵਿਜੈ ਸਿੰਘ ਦੇ ਪੁੱਤਰ ਜੈਵਰਧਨ ਸਿੰਘ ਨੂੰ ਰਾਘੋਗੜ੍ਹ ਅਤੇ ਭਰਾ ਲਕਸ਼ਮਣ ਸਿੰਘ ਨੂੰ ਗੁਣਾ ਦੇ ਚਾਚੋਰਾ ਤੋਂ ਟਿਕਟ ਦਿੱਤੀ ਹੈ। ਸਾਬਕਾ ਕੈਬਨਿਟ ਮੰਤਰੀ ਜੀਤੂ ਪਟਵਾਰੀ ਨੂੰ ਰਾਊ ਤੋਂ ਖੜ੍ਹਾ ਕੀਤਾ ਗਿਆ ਹੈ। ਪਾਰਟੀ ਨੇ 69 ਮੌਜੂਦਾ ਵਿਧਾਇਕਾਂ ਨੂੰ ਟਿਕਟਾਂ ਦਿੱਤੀਆਂ ਹਨ। ਟੀਵੀ ਲੜੀਵਾਰ ’ਚ ਭਗਵਾਨ ਹਨੂਮਾਨ ਦੀ ਭੂਮਿਕਾ ਨਿਭਾਉਣ ਵਾਲੇ ਅਦਾਕਾਰ ਵਿਕਰਮ ਮਸਤਲ ਨੂੰ ਬੁਧਨੀ ਤੋਂ ਮੁੱਖ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਸ਼ਿਵਰਾਜ ਸਿੰਘ ਚੌਹਾਨ ਖ਼ਿਲਾਫ਼ ਟਿਕਟ ਦਿੱਤੀ ਗਈ ਹੈ। ਕਾਂਗਰਸ ਦੇ ਮੀਡੀਆ ਪੈਨਲ ’ਚ ਸ਼ਾਮਲ ਚਰਨ ਸਿੰਘ ਸਾਪਰਾ ਨੇ ਭੁਪਾਲ ’ਚ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਪਾਰਟੀ ਦੀ ਪਹਿਲੀ ਸੂਚੀ ’ਚ 39 ਉਮੀਦਵਾਰ ਹੋਰ ਪੱਛੜੇ ਵਰਗਾਂ (ਓਬੀਸੀਜ਼), 22 ਅਨੂਸੂਚਿਤ ਜਾਤਾਂ (ਐੱਸਸੀ) ਅਤੇ 30 ਅਨੂਸੂਚਿਤ ਜਨਜਾਤੀਆਂ (ਐੱਸਟੀ) ਨਾਲ ਸਬੰਧਤ ਹਨ। ਉਨ੍ਹਾਂ ਕਿਹਾ ਕਿ ਉਮੀਦਵਾਰਾਂ ’ਚ 47 ਆਮ ਸ਼੍ਰੇਣੀ, 6 ਘੱਟ ਗਿਣਤੀਆਂ ਅਤੇ 19 ਔਰਤਾਂ ਸ਼ਾਮਲ ਹਨ। ਸਾਪਰਾ ਨੇ ਕਿਹਾ ਕਿ 144 ’ਚੋਂ 65 ਉਮੀਦਵਾਰ 50 ਸਾਲ ਤੋਂ ਘੱਟ ਉਮਰ ਦੇ ਹਨ।
ਛੱਤੀਸਗੜ੍ਹ ’ਚ ਕਾਂਗਰਸ ਨੇ ਮੁੱਖ ਮੰਤਰੀ ਭੁਪੇਸ਼ ਬਘੇਲ ਨੂੰ ਪਾਟਨ ਅਤੇ ਉਪ ਮੁੱਖ ਮੰਤਰੀ ਟੀ ਐੱਸ ਸਿੰਘ ਦਿਓ ਨੂੰ ਅੰਬਿਕਾਪੁਰ ਵਿਧਾਨ ਸਭਾ ਹਲਕੇ ਤੋਂ ਮੈਦਾਨ ’ਚ ਉਤਾਰਿਆ ਹੈ। ਇਕ ਹੋਰ ਸੀਨੀਅਰ ਮੰਤਰੀ ਤਾਮਰਧਵੱਜ ਸਾਹੂ ਦੁਰਗ ਰੂਰਲ ਤੋਂ ਚੋਣ ਲੜਨਗੇ ਜਦਕਿ ਸਪੀਕਰ ਚਰਨ ਦਾਸ ਮਹੰਤ ਸਕਤੀ ਤੋਂ ਮੈਦਾਨ ’ਚ ਹੋਣਗੇ। ਛੱਤੀਸਗੜ੍ਹ ਕਾਂਗਰਸ ਦੇ ਪ੍ਰਧਾਨ ਦੀਪਕ ਬਾਇਜ ਚਿਤਰਕੂਟ-ਐੱਸਟੀ ਹਲਕੇ ਤੋਂ ਚੋਣ ਲੜਨਗੇ। ਉਹ ਬਸਤਰ ਤੋਂ ਲੋਕ ਸਭਾ ਮੈਂਬਰ ਹਨ। ਮੌਜੂਦਾ ਮੰਤਰੀ ਮੋਹਨ ਮਾਰਕਮ ਕੋਂਡਾਗਾਓਂ-ਐੱਸਟੀ ਸੀਟ ’ਤੇ ਚੋਣ ਲੜਨਗੇ।
ਤਿਲੰਗਾਨਾ ’ਚ ਪਾਰਟੀ ਨੇ ਕਾਂਗਰਸ ਪ੍ਰਧਾਨ ਅਨੂਮਾਲਾ ਰੇਵੰਤ ਰੈੱਡੀ ਨੂੰ ਕੋਡਾਂਗਲ ਹਲਕੇ ਜਦਕਿ ਕਾਂਗਰਸ ਵਿਧਾਇਕ ਦਲ ਦੇ ਆਗੂ ਭੱਟੀ ਵਿਕਰਮਾਰਕਾ ਮਾਲੂ ਮਧੀਰਾ-ਐੱਸਸੀ ਤੋਂ ਉਮੀਦਵਾਰ ਹੋਣਗੇ। ਰੇਵੰਤ ਰੈੱਡੀ ਮੌਜੂਦਾ ਸਮੇਂ ’ਚ ਮਲਕਾਗਿਰੀ ਹਲਕੇ ਤੋਂ ਸੰਸਦ ਮੈਂਬਰ ਹਨ। ਪਾਰਟੀ ਨੇ ਇਕ ਹੋਰ ਲੋਕ ਸਭਾ ਮੈਂਬਰ ਐੱਨ ਉੱਤਮ ਕੁਮਾਰ ਰੈੱਡੀ ਨੂੰ ਹਜ਼ੂਰਨਗਰ ਹਲਕੇ ਤੋਂ ਮੈਦਾਨ ’ਚ ਉਤਾਰਿਆ ਹੈ। ਇਸੇ ਤਰ੍ਹਾਂ ਕੌਮੀ ਤਰਜਮਾਨ ਪਵਨ ਖੇੜਾ ਦੀ ਪਤਨੀ ਕੋਟਾ ਨੀਲਿਮਾ ਨੂੰ ਸਨਥਨਗਰ ਹਲਕੇ ਤੋਂ ਟਿਕਟ ਦਿੱਤੀ ਗਈ ਹੈ। ਛੱਤੀਸਗੜ੍ਹ ’ਚ ਵਿਧਾਨ ਸਭਾ ਚੋਣਾਂ ਦੋ ਗੇੜਾਂ 7 ਅਤੇ 17 ਨਵੰਬਰ ਨੂੰ ਹੋਣਗੀਆਂ ਜਦਕਿ ਮੱਧ ਪ੍ਰਦੇਸ਼ ’ਚ 17 ਅਤੇ ਤਿਲੰਗਾਨਾ ’ਚ 30 ਨਵੰਬਰ ਨੂੰ ਵੋਟਾਂ ਪੈਣਗੀਆਂ। ਗਿਣਤੀ ਅਤੇ ਨਤੀਜੇ 3 ਦਸੰਬਰ ਨੂੰ ਐਲਾਨੇ ਜਾਣਗੇ। -ਪੀਟੀਆਈ