ਪਟਿਆਲਾ ਹਲਕੇ ਤੋਂ ਕਾਂਗਰਸ ਉਮੀਦਵਾਰ ਡਾ. ਧਰਮਵੀਰ ਗਾਂਧੀ ਜੇਤੂ
ਸਰਬਜੀਤ ਸਿੰਘ ਭੰਗੂ
ਪਟਿਆਲਾ, 3 ਜੂਨ
ਕਾਂਗਰਸ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ 14,831 ਵੋਟਾਂ ਦੇ ਫਰਕ ਨਾਲ ਪਟਿਆਲਾ ਲੋਕ ਸਭਾ ਹਲਕੇ ਤੋਂ ਜੇਤੂ ਰਹੇ। ਇਸ ਦੌਰਾਨ ਇੱਥੋਂ ਦੇ ਸਮੂਹ 26 ਉਮੀਦਵਾਰਾਂ ਵਿੱਚੋਂ ਡਾ. ਧਰਮਵੀਰ ਗਾਂਧੀ ਨੂੰ ਸਭ ਤੋਂ ਵੱਧ 3,05,616 ਵੋਟਾਂ ਪਈਆਂ ਜਦਕਿ 2,90,785 ਵੋਟਾਂ ਨਾਲ ਆਮ ਆਦਮੀ ਪਾਰਟੀ ਦੇ ਡਾ. ਬਲਬੀਰ ਸਿੰਘ ਸਿੰਘ ਰਹੇ। ਤੀਜਾ ਸਥਾਨ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਨੂੰ ਮਿਲਿਆ, ਜਿਨ੍ਹਾਂ ਨੂੰ 2,88,998 ਵੋਟਾਂ ਪਈਆਂ। ਅਕਾਲੀ ਦਲ ਦੇ ਐੱਨਕੇ ਸ਼ਰਮਾ ਨੂੰ 1,53,978, ਮਾਨ ਦਲ ਦੇ ਪ੍ਰੋ. ਮਹਿੰਦਰਪਾਲ ਸਿੰਘ ਨੂੰ 4,7,274 ਅਤੇ ਬਹੁਜਨ ਸਮਾਜ ਪਾਰਟੀ ਦੇ ਜਗਜੀਤ ਸਿੰਘ ਛੜਬੜ ਨੂੰ 22,400 ਵੋਟਾਂ ਪਈਆਂ। ਪਟਿਆਲਾ ਲੋਕ ਸਭਾ ਹਲਕੇ ਵਿੱਚ ਨੌਂ ਵਿਧਾਨ ਸਭਾ ਹਲਕੇ ਹਨ। ਇਨ੍ਹਾਂ ਵਿੱਚੋਂ ਨਾਭਾ ਅਤੇ ਘਨੌਰ ਵਿੱਚੋਂ ਡਾ. ਗਾਂਧੀ ਮੋਹਰੀ ਰਹੇ। ‘ਆਪ’ ਦੇ ਡਾ. ਬਲਬੀਰ ਸਿੰਘ ਨੇ ਆਪਣੇ ਵਿਧਾਨ ਸਭਾ ਹਲਕੇ ਪਟਿਆਲਾ ਦਿਹਾਤੀ ਸਣੇ ਸਨੌਰ, ਸ਼ੁਤਰਾਣਾ ਅਤੇ ਸਮਾਣਾ ਵਿੱਚੋਂ ਲੀਡ ਲਈ ਜਦਕਿ ਪ੍ਰਨੀਤ ਕੌਰ ਡੇਰਾਬਸੀ, ਰਾਜਪੁਰਾ ਤੇ ਪਟਿਆਲਾ ਸ਼ਹਿਰੀ ਤੋਂ ਅੱਗੇ ਰਹੇ। ਅਕਾਲੀ ਦਲ ਦੇ ਐੱਨਕੇ ਸ਼ਰਮਾ ਨੂੰ ਕਿਸੇ ਵੀ ਹਲਕੇ ਵਿੱਚੋਂ ਲੀਡ ਨਸੀਬ ਨਾ ਹੋ ਸਕੀ।
ਰਾਹੁਲ ਗਾਂਧੀ ਨੇ ਫ਼ੋਨ ’ਤੇ ਡਾ. ਗਾਂਧੀ ਨੂੰ ਦਿੱਤੀ ਵਧਾਈ
ਪਟਿਆਲਾ (ਗੁਰਨਾਮ ਸਿੰਘ ਅਕੀਦਾ): ਪਟਿਆਲਾ ਲੋਕ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਡਾ. ਧਰਮਵੀਰ ਗਾਂਧੀ ਦੀ ਜਿੱਤ ਮਗਰੋਂ ਇੱਥੇ ਥਾਂ-ਥਾਂ ’ਤੇ ਜਸ਼ਨ ਮਨਾਏ ਗਏ। ਇਸ ਦੌਰਾਨ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਫ਼ੋਨ ’ਤੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ। ਰਾਹੁਲ ਗਾਂਧੀ ਨੇ ਡਾ. ਗਾਂਧੀ ਦੀ ਜਿੱਤ ਨੂੰ ਪੰਜਾਬ ਦੀ ਵੱਡੀ ਜਿੱਤ ਐਲਾਨਿਆ। ਡਾ. ਗਾਂਧੀ ਨੇ ਰਾਹੁਲ ਗਾਂਧੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਜਿੱਤ ਰਾਹੁਲ ਗਾਂਧੀ ਦੀ ਕੀਤੀ ਮਿਹਨਤ ਦਾ ਨਤੀਜਾ ਹੈ, ਕਿਉਂਕਿ ਇਕ ਵਾਸੇ ਕਰੋੜਪਤੀ ਸਨ ਤੇ ਦੂਜੇ ਪਾਸੇ ਮਹਿਲਾਂ ਵਾਲੇ ਸਨ, ਇਨ੍ਹਾਂ ਤੋਂ ਜਿੱਤਣਾ ਕੋਈ ਸੌਖਾ ਨਹੀਂ ਸੀ ਪਰ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਦੀ ਫੇਰੀ ਨੇ ਉਸ ਨੂੰ ਵੱਡਾ ਕਰ ਦਿੱਤਾ।
ਲੋਕ ਸਭਾ ਚੋਣਾਂ ’ਚ ਸ਼ਾਹੀ ਪਰਿਵਾਰ ਨੂੰ ਮਿਲੀ ਪੰੰਜਵੀਂ ਹਾਰ
ਪਟਿਆਲਾ (ਖੇਤਰੀ ਪ੍ਰਤੀਨਿਧ): ਪਟਿਆਲਾ ਤੋਂ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਦੇ ਹਾਰਨ ਨਾਲ ਇੱਥੋਂ ਦੇ ਸ਼ਾਹੀ ਰਾਜ ਘਰਾਣੇ ਨੂੰ ਲੋਕ ਸਭਾ ਚੋਣਾਂ ’ਚ ਪੰਜਵੀਂ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਹ ਪ੍ਰਨੀਤ ਕੌਰ ਦੀ ਦੂਜੀ ਹਾਰ ਹੈ, ਇਸ ਤੋਂ ਪਹਿਲਾਂ ਇੱਕ ਵਾਰ ਉਨ੍ਹਾਂ ਦੀ ਸੱਸ ਰਾਜਮਾਤਾ ਮਹਿੰਦਰ ਕੌਰ ਅਤੇ ਦੋ ਵਾਰ ਪਤੀ ਕੈਪਟਨ ਅਮਰਿੰਦਰ ਸਿੰਘ (ਸਾਬਕਾ ਮੁੱਖ ਮੰਤਰੀ) ਨੇ ਵੀ ਹਾਰਾਂ ਝੱਲੀਆਂ ਹਨ। ਪ੍ਰਨੀਤ ਕੌਰ ਪਟਿਆਲਾ ਰਾਜ ਸ਼ਾਹੀ ਰਾਜ ਘਰਾਣੇ ਦੀ ਨੂੰਹ ਹਨ। ਉਨ੍ਹਾਂ ਦੇ ਸੱਸ ਮਹਿੰਦਰ ਕੌਰ ਅਤੇ ਸਹੁਰਾ ਮਹਾਰਾਜਾ ਯਾਦਵਿੰਦਰ ਸਿੰਘ ਪਟਿਆਲਾ ਦੇ ਆਖਰੀ ਅਧਿਕਾਰਤ ਮਹਾਰਾਜਾ ਤੇ ਮਹਾਰਾਣੀ ਹੋਏ ਹਨ।