For the best experience, open
https://m.punjabitribuneonline.com
on your mobile browser.
Advertisement

ਪਟਿਆਲਾ ਤੋਂ ਜਿੱਤ ਗਿਆ ਕਾਂਗਰਸੀ ਉਮੀਦਵਾਰ ‘ਬੁੱਲ੍ਹਾ’

09:46 AM Jun 05, 2024 IST
ਪਟਿਆਲਾ ਤੋਂ ਜਿੱਤ ਗਿਆ ਕਾਂਗਰਸੀ ਉਮੀਦਵਾਰ ‘ਬੁੱਲ੍ਹਾ’
ਧਰਮਵੀਰ ਗਾਂਧੀ ਨੂੰ ਜਿੱਤ ਦਾ ਪ੍ਰਮਾਣ ਪੱਤਰ ਦਿੰਦੇ ਹੋਏ ਸ਼ੌਕਤ ਅਹਿਮਦ ਪਰੇ।
Advertisement

ਗੁਰਨਾਮ ਸਿੰਘ ਅਕੀਦਾ
ਪਟਿਆਲਾ, 4 ਜੂਨ
ਐੱਮਡੀ ਮੈਡੀਸਨ ਅਤੇ ਦਿਲ ਦੀਆਂ ਬਿਮਾਰੀਆਂ ਨੂੰ ਵੀ ਸਲਾਹ ਦੇਣ ਵਾਲੇ ਡਾ. ਧਰਮਵੀਰ ਗਾਂਧੀ ਪਟਿਆਲਾ ਲੋਕ ਸਭਾ ਹਲਕੇ ਤੋਂ ਦੂਜੀ ਵਾਰ ਮੈਂਬਰ ਪਾਰਲੀਮੈਂਟ ਬਣੇ ਹਨ। ਉਨ੍ਹਾਂ ਮੋਤੀ ਮਹਿਲ ਦੀ ‘ਮਹਾਰਾਣੀ’ ਪ੍ਰਨੀਤ ਕੌਰ ਨੂੰ ਤੀਜੇ ਨੰਬਰ ’ਤੇ ਭੇਜ ਕੇ ਹਰਾਇਆ ਹੈ ਜਦ ਕਿ ਦੂਜੇ ਨੰਬਰ ਦੇ ਡਾ. ਗਾਂਧੀ ਦੇ ਹੀ ਮਿੱਤਰ ਰਹੇ ਡਾ. ਬਲਬੀਰ ਸਿੰਘ ਨੂੰ ਹਰਾਇਆ ਹੈ। 1 ਜੂਨ 1951 ਨੂੰ ਜਨਮੇ ਡਾ. ਧਰਮਵੀਰ ਗਾਂਧੀ ਅੱਜ ਭਾਰਤ ਦਾ ਪਰਪੱਕ ਸਿਆਸਤਦਾਨ ਹੈ। ਡਾ. ਗਾਂਧੀ ਦਾ ਜਨਮ ਪੰਜਾਬ ਦੇ ਰੋਪੜ ਜ਼ਿਲ੍ਹੇ ਦੇ ਨੂਰਪੁਰ ਬੇਦੀ ਦੇ ਇਲਾਕੇ ਵਿੱਚ ਹੋਇਆ। ਗਾਂਧੀ ਉਸ ਦੇ ਨਾਮ ਨਾਲ਼ ਬਾਅਦ ਵਿੱਚ ਜੁੜਿਆ। ਪਹਿਲਾਂ ਉਸ ਦੇ ਪਿਤਾ ਨੇ ਉਸ ਦਾ ਨਾਮ ਧਰਮਵੀਰ ‘ਬੁੱਲ੍ਹਾ’ ਰੱਖਿਆ ਸੀ। ਧਰਮਵੀਰ ਦੇ ਪਿਤਾ ਪ੍ਰਾਇਮਰੀ ਸਕੂਲ ਵਿੱਚ ਅਧਿਆਪਕ ਸਨ ਅਤੇ ਸੂਫ਼ੀ ਅਤੇ ਭਗਤੀ ਲਹਿਰ ਦੇ ਵਿਚਾਰਾਂ ਤੋਂ ਬਹੁਤ ਪ੍ਰਭਾਵਿਤ ਸਨ। ਧਰਮਵੀਰ ਦੇ ਦੂਜੇ ਦੋ ਭਰਾਵਾਂ ਦੇ ਨਾਵਾਂ ਨਾਲ ‘ਨਾਨਕ’ ਅਤੇ ‘ਕਬੀਰ’ ਦੇ ਨਾਮ ਜੋੜੇ ਗਏ ਸਨ। ਕਾਲਜ ਦੇ ਦਿਨਾਂ ਤੱਕ ਧਰਮਵੀਰ ਦਾ ਨਾਮ ‘ਬੁੱਲ੍ਹਾ’ ਚੱਲਦਾ ਰਿਹਾ ਪਰ ਹੌਲੀ-ਹੌਲੀ ਉਨ੍ਹਾਂ ਦੀ ਸਮਾਜ ਭਲਾਈ ਦੇ ਕੰਮਾਂ ਵੱਲ ਰੁਚੀ ਅਤੇ ਸਾਦਗੀ ਨੂੰ ਦੇਖਦੇ ਹੋਏ ਵਿਦਿਆਰਥੀਆਂ ਨੇ ਉਸ ਨੂੰ ‘ਗਾਂਧੀ’ ਕਹਿਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ‘ਬੁੱਲ੍ਹਾ’ ਦੀ ਥਾਂ ‘ਗਾਂਧੀ’ ਨੇ ਲੈ ਲਈ ਅਤੇ ਇਹ ਪੱਕੇ ਤੌਰ ’ਤੇ ਉਸ ਦੇ ਨਾਮ ਨਾਲ ਜੁੜ ਗਿਆ। ਉਸ ਦੇ ਕਾਲਜ ਦੇ ਦਿਨਾਂ ਦੌਰਾਨ, 1975 ਐਮਰਜੈਂਸੀ ਦੇ ਵਿਰੋਧ ਦੇ ਲਈ ਉਸ ਨੂੰ ਇੱਕ ਮਹੀਨੇ ਦੇ ਲਈ ਅੰਮ੍ਰਿਤਸਰ ਜੇਲ੍ਹ ਵਿੱਚ ਨਜ਼ਰਬੰਦ ਕੀਤਾ ਗਿਆ ਸੀ। ਧਰਮਵੀਰ ਗਾਂਧੀ ਸਾਲ 2011 ਵਿੱਚ ਭਾਰਤੀ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਤੋਂ ਪ੍ਰੇਰਿਤ ਹੋ ਕੇ ਸਰਗਰਮ ਸਿਆਸਤ ਵਿੱਚ ਸ਼ਾਮਲ ਹੋ ਗਿਆ ਅਤੇ ਦਿੱਲੀ ਵਿਧਾਨ ਸਭਾ ਦੀ ਚੋਣ, 2013 ਦੇ ਦੌਰਾਨ ਆਮ ਆਦਮੀ ਪਾਰਟੀ ਦੇ ਲਈ ਚੋਣ ਮੁਹਿੰਮ ਦੌਰਾਨ ਉਸ ਨੇ ਸਰਗਰਮੀ ਨਾਲ ਪ੍ਰਚਾਰ ਕੀਤਾ। ਫਿਰ ਉਹ ‘ਆਪ’ ਦੀ ਟਿਕਟ ’ਤੇ 2014 ਵਿੱਚ ਲੋਕ ਸਭਾ ਦੀ ਚੋਣ ਜਿੱਤੇ। ਸ੍ਰੀ ਗਾਂਧੀ ਅਨੁਸਾਰ ਜਿਹੜੇ ਅਸੂਲਾਂ ਨੂੰ ਲੈ ਕੇ ਪਾਰਟੀ ਦਾ ਗਠਨ ਹੋਇਆ ਸੀ ਉਨ੍ਹਾਂ ਅਸੂਲਾਂ ਨੂੰ ‘ਆਪ’ ਨੇ ਤਿਲਾਂਜਲੀ ਦੇ ਦਿੱਤੀ ਜਿਸ ਕਰ ਕੇ ਉਸ ਦਾ ਆਮ ਆਦਮੀ ਪਾਰਟੀ ਨਾਲ਼ ਚੱਲਣਾ ਮੁਸ਼ਕਲ ਹੋ ਗਿਆ, ਉਸ ਨੇ 2016 ਵਿੱਚ ‘ਆਪ’ ਤੋਂ ਅਸਤੀਫ਼ਾ ਦੇ ਦਿੱਤਾ ਅਤੇ ਉਨ੍ਹਾਂ ਨੇ ‘ਨਵਾਂ ਪੰਜਾਬ ਪਾਰਟੀ’ ਦਾ ਗਠਨ ਕੀਤਾ। ਬੇਸ਼ੱਕ ਇਸ ਪਾਰਟੀ ਨੇ 2019 ਦੀਆਂ ਚੋਣਾਂ ਵਿੱਚ ਕੋਈ ਬਹੁਤਾ ਰੰਗ ਤਾਂ ਨਹੀਂ ਦਿਖਾਇਆ ਪਰ ਫਿਰ ਉਹ ਆਪਣੇ ਦਮ ’ਤੇ 1 ਲੱਖ 61 ਹਜ਼ਾਰ ਤੋਂ ਵੱਧ ਵੋਟਾਂ ਲੈ ਜਾਣ ਵਿੱਚ ਕਾਮਯਾਬ ਹੋਏ।ਸਾਲ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ 1 ਅਪਰੈਲ 2024 ਨੂੰ ਡਾਕਟਰ ਧਰਮਵੀਰ ਗਾਂਧੀ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ। ਇਸ ਤੋਂ ਪਹਿਲਾਂ ਉਹ 2023 ’ਚ ਰਾਹੁਲ ਗਾਂਧੀ ਵੱਲੋਂ ਕੀਤੀ ਗਈ ‘ਭਾਰਤ ਜੋੜੋ ਯਾਤਰਾ’ ਦਾ ਸਰਗਰਮ ਹਿੱਸਾ ਵੀ ਰਹੇ। ਸਾਲ 2024 ਦੀਆਂ ਚੋਣਾਂ ਅਸਧਾਰਨ ਚੋਣਾਂ ਹਨ ਅਤੇ ਅਜਿਹੇ ’ਚ ਲੋਕਪੱਖੀ-ਅਗਾਂਹਵਧੂ ਸ਼ਖ਼ਸੀਅਤਾਂ-ਧਿਰਾਂ ਨੂੰ ਚੁੱਪ ਨਹੀਂ ਬੈਠਣਾ ਚਾਹੀਦਾ। ਸਾਲ 2024 ਦੀਆਂ ਲੋਕ ਸਭਾ ਚੋਣਾਂ ’ਚ ਉਹ ਕਾਂਗਰਸ ਪਾਰਟੀ ਦੇ ਪਟਿਆਲਾ ਹਲਕੇ ਤੋਂ ਉਮੀਦਵਾਰ ਵਜੋਂ ਕਾਫ਼ੀ ਚਰਚਿਤ ਚਿਹਰਾ ਰਹੇ। ਕਾਂਗਰਸ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਨੇ ਪਟਿਆਲਾ ਸੰਸਦੀ ਸੀਟ ਤੋਂ 3,05,616 ਵੋਟਾਂ ਹਾਸਲ ਕਰ ਕੇ 14,831 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ ਹੈ, ਉਨ੍ਹਾਂ ਨੇ ‘ਆਪ’ ਉਮੀਦਵਾਰ ਨੂੰ ਹਰਾਇਆ ਹੈ। ਆਮ ਆਦਮੀ ਪਾਰਟੀ ਦੇ ਡਾ. ਬਲਬੀਰ ਸਿੰਘ ਨੂੰ 2,90,785 ਵੋਟਾਂ ਮਿਲੀਆਂ ਹਨ।

Advertisement

ਗਾਂਧੀ ਸਿਰਫ ਦੋ ਵਿਧਾਨ ਸਭਾ ਹਲਕਿਆਂ ਵਿੱਚ ਅੱਵਲ ਰਹੇ

ਨਾਭਾ (ਜੈਸਮੀਨ ਭਾਰਦਵਾਜ): ਪਟਿਆਲਾ ਸੀਟ ਉੱਪਰ ਚੋਣ ਕਾਫੀ ਰੋਚਕ ਰਹੀ ਕਿਉਂਕਿ ਇਹ ਸੀਟ ਜਿੱਤਣ ਵਾਲੇ ਡਾ. ਧਰਮਵੀਰ ਗਾਂਧੀ ਕੇਵਲ ਨਾਭਾ ਅਤੇ ਘਨੌਰ ਵਿੱਚ ਹੀ ਅੱਵਲ ਰਹੇ, ਜਦੋਂ ਕਿ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਚਾਰ ਵਿਧਾਨ ਸਭਾ ਹਲਕੇ ਜਿੱਤ ਕੇ ਵੀ ਸੀਟ ਹਾਰ ਗਏ। ਭਾਜਪਾ ਉਮੀਦਵਾਰ ਵੀ ਤਿੰਨ ਵਿਧਾਨ ਸਭਾ ਹਲਕਿਆਂ ’ਚ ਵੱਡੀ ਲੀਡ ਨਾਲ ਜੇਤੂ ਰਹੇ। ਜ਼ਿਕਰਯੋਗ ਹੈ ਕਿ ਪਟਿਆਲਾ ਸ਼ਹਿਰੀ, ਰਾਜਪੁਰਾ ਅਤੇ ਡੇਰਾਬੱਸੀ ’ਚੋਂ ਪ੍ਰਨੀਤ ਕੌਰ ਨੇ ਲਗਭਗ 42 ਹਜ਼ਾਰ ਦੀ ਲੀਡ ਨਾਲ ਜਿੱਤ ਹਾਸਲ ਕੀਤੀ। ਡਾ. ਧਰਮਵੀਰ ਗਾਂਧੀ ਨਾਭਾ ਅਤੇ ਘਨੌਰ ਵਿੱਚ ਪਹਿਲੇ ਸਥਾਨ ’ਤੇ ਰਹੇ ਤੇ ਬਾਕੀ 7 ਵਿਧਾਨ ਸਭਾ ਹਲਕਿਆਂ ’ਚ ਉਹ ਦੂਜੇ ਸਥਾਨ ’ਤੇ ਬਣੇ ਰਹੇ। ਹਾਲਾਂ ਕਿ ਨਾਭਾ ਸ਼ਹਿਰੀ ਵਿੱਚ ਵੀ ਭਾਜਪਾ ਹੀ ਅੱਗੇ ਰਹੀ ਤੇ ਪੇਂਡੂ ਹਲਕੇ ਵੱਲੋਂ ਵੱਡੇ ਸਮਰਥਨ ਨਾਲ ਉਨ੍ਹਾਂ ਨੂੰ ਨਾਭਾ ਵਿੱਚ ਜਿੱਤ ਪ੍ਰਾਪਤ ਹੋਈ। ਪਟਿਆਲਾ ਦਿਹਾਤੀ, ਸਨੌਰ, ਸ਼ੁਤਰਾਣਾ, ਅਤੇ ਸਮਾਣਾ ਵਿੱਚ ਡਾ. ਬਲਬੀਰ ਸਿੰਘ ਜੇਤੂ ਰਹੇ ਪਰ ਕੁੱਲ ਗਿਣਤੀ ਵਿੱਚ ਡਾ. ਗਾਂਧੀ ਨਾਲੋਂ 14831 ਵੋਟਾਂ ਤੋਂ ਪੱਛੜ ਗਏ।

Advertisement
Author Image

joginder kumar

View all posts

Advertisement
Advertisement
×